ਥਾਣੇ ‘ਚ ‘ਡੇਢ ਲੱਖ ਦੇ ਕੇ ਆ ਗਿਆ ਛੁਟ ਕੇ’ ਗੀਤ ‘ਤੇ ਬਣਾਈ ਰੀਲ,ਪੁਲਿਸ ਲੱਭ ਚੁੱਕ ਲਿਆ ਨੌਜਵਾਨ ਤੇ ਫਿਰ ਮੰਗਦਾ ਫਿਰੇ ਮੁਆਫੀਆਂ

ਅੰਮ੍ਰਿਤਸਰ ‘ਚ ਇਕ ਨੌਜਵਾਨ ਨੂੰ ਥਾਣੇ ‘ਚ ਵੀਡੀਓ ਬਣਾਉਣਾ ਮਹਿੰਗਾ ਪੈ ਗਿਆ। ਪਹਿਲਾਂ ਨੌਜਵਾਨ ਨੇ ਥਾਣੇ ‘ਚ ਵੀਡੀਓ ਬਣਾ ਇਸ ਨੂੰ ਐਡਿਟ ਕੀਤਾ, ਅਤੇ ਫੇਰ ਵੀਡੀਓ ਨਾਲ ਇੱਕ ਗਾਣਾ ਜੋੜ ਅਤੇ ਇਸਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਪੋਸਟ ਕੀਤਾ। ਨੌਜਵਾਨਾਂ ਦੀ ਇਸ ਰੀਲ ਨੇ ਪੁਲਿਸ ਦੇ ਸੋਸ਼ਲ ਮੀਡੀਆ ਵਿੰਗ ਦਾ ਧਿਆਨ ਖਿੱਚਿਆ। ਜਿਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਦੀ ਪਹਿਚਾਣ ਕਰਕੇ ਉਸਨੂੰ ਹਿਰਾਸਤ ਵਿੱਚ ਲੈ ਲਿਆ।ਮਾਮਲਾ ਅੰਮ੍ਰਿਤਸਰ ਦਿਹਾਤੀ ਪੁਲੀਸ ਅਧੀਨ ਪੈਂਦੇ ਥਾਣਾ ਤਰਸਿੱਕਾ ਦਾ ਹੈ। ਨੌਜਵਾਨ ਦੀ ਪਛਾਣ ਤਰਸਿੱਕਾ ਅਧੀਨ ਪੈਂਦੇ ਪਿੰਡ ਰਾਏਪੁਰ ਖੁਰਦ ਦੇ ਸਨਪ੍ਰੀਤ ਸਿੰਘ ਉਰਫ ਸੰਨੀ ਵਜੋਂ ਹੋਈ ਹੈ।

ਸੰਨੀ ਨੇ ਪੁਲੀਸ ਨੂੰ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਹ ਆਪਣਾ ਚਰਿੱਤਰ ਸਰਟੀਫਿਕੇਟ ਲੈਣ ਲਈ ਤਰਸਿੱਕਾ ਥਾਣੇ ਆਇਆ ਸੀ। ਕੰਮ ਪੂਰਾ ਹੋਣ ਤੋਂ ਬਾਅਦ ਉਸ ਦੇ ਦੋਸਤ ਗਗਨਦੀਪ ਸਿੰਘ ਨੇ ਬਾਹਰ ਆਉਂਦੇ ਹੋਏ ਇਹ ਵੀਡੀਓ ਬਣਾਈ। ਇਹ ਵੀਡੀਓ ਕਰੀਬ 2 ਸਾਲ ਤੱਕ ਉਸ ਦੇ ਮੋਬਾਈਲ ‘ਚ ਰਹੀ।ਕੱਲ੍ਹ ਹੀ, ਉਸਨੇ ਆਪਣੇ ਮੋਬਾਈਲ ਤੋਂ ਇਹ ਵੀਡੀਓ ਨੂੰ ਚੁਣ ਕੇ ਗੀਤ ਲੈ ਕੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਪੋਸਟ ਕੀਤਾ। ਜਿਸ ਦੇ ਬੋਲ ਸਨ – ਡੇਢ ਲੱਖ ਦੇਕੇ ਥਾਣੇ ਆਇਆ ਛੁੱਟ ਕੇ।

ਸੰਨੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕੀਤਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਸੋਸ਼ਲ ਮੀਡੀਆ ਸਰਵੀਲੈਂਸ ਟੀਮ ਨੇ ਇਹ ਵੀਡੀਓ ਵਾਇਰਲ ਹੁੰਦਾ ਦੇਖ ਲਿਆ। ਪੁਲਿਸ ਨੇ ਵੀਡੀਓ ਪੋਸਟ ਕਰਨ ਵਾਲੇ ਵਿਅਕਤੀ ਦਾ ਡਾਟਾ ਕੱਢ ਲਿਆ ਹੈ। ਇਹ ਖਾਤਾ ਸਨਪ੍ਰੀਤ ਸਿੰਘ ਉਰਫ ਸੰਨੀ ਦਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਸੰਨੀ ਦੇ ਘਰ ਅਤੇ ਪਿੰਡ ਦਾ ਪਤਾ ਲਗਾ ਕੇ ਉਸਨੂੰ ਹਿਰਾਸਤ ਵਿੱਚ ਲੈ ਲਿਆ।ਪੰਜਾਬ ਪੁਲਿਸ ਨੇ ਸੰਨੀ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਵੀਡੀਓ ਡਿਲੀਟ ਕਰਨ ਲਈ ਕਿਹਾ। ਇੰਨਾ ਹੀ ਨਹੀਂ ਸੰਨੀ ਨੇ ਇਸ ਦੇ ਲਈ ਪੁਲਸ ਤੋਂ ਮੁਆਫੀ ਵੀ ਮੰਗੀ ਹੈ। ਸੰਨੀ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਥਾਣੇ ਦੀ ਵੀਡੀਓ ਨਹੀਂ ਬਣਾ ਸਕਦੇ। ਉਸ ਨੇ 2 ਸਾਲ ਪਹਿਲਾਂ ਇਸ ਨੂੰ ਬਣਾਇਆ ਸੀ। ਉਹ ਨਿਯਮਿਤ ਤੌਰ ‘ਤੇ ਇੰਸਟਾਗ੍ਰਾਮ ‘ਤੇ ਆਪਣੀਆਂ ਰੀਲਾਂ ਪੋਸਟ ਕਰਦਾ ਰਹਿੰਦਾ ਹੈ।

ਜਾਂਚ ਤੋਂ ਬਾਅਦ ਪੁਲਸ ਨੇ ਸੰਨੀ ਨੂੰ ਮੁਆਫੀਨਾਮਾ ਲਿਖਵਾਇਆ ਅਤੇ ਇਸ ਦੀ ਵੀਡੀਓ ਵੀ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ। ਜਿਸ ਤੋਂ ਬਾਅਦ ਉਸ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।

error: Content is protected !!