ਇਹ ਹੈ ‘ਸੀਰੀਅਲ ਲੂਜ਼ਰ’ , ਹਾਰ ਚੁੱਕਿਆ 238 ਚੋਣਾਂ, ਪ੍ਰਧਾਨਮੰਤਰੀ ਦੇ ਖਿਲ਼ਾਫ ਵੀ ਚੁੱਕਿਆ ਸੀ ਝੰਡਾ

ਵੱਡੀਆਂ ਮੁੱਛਾਂ ਵਾਲਾ ਇਹ ਸ਼ਖਸ ਲੋਕ ਸਭਾ ਚੋਣਾਂ ‘ਚ ‘ਸੀਰੀਅਲ ਲੂਜ਼ਰ’ ਦੇ ਨਾਂ ਨਾਲ ਮਸ਼ਹੂਰ ਹੈ, ਜਿਸ ਦਾ ਨਾਂ ਚੋਣਾਂ ‘ਚ ਸਭ ਤੋਂ ਵੱਧ 238 ਵਾਰੀ ਅਸਫਲ ਉਮੀਦਵਾਰ ਹੋਣ ਕਰਕੇ ਲਿਮਕਾ ਬੁੱਕ ਆਫ ਰਿਕਾਰਡ ‘ਚ ਦਰਜ ਹੈ। ਕੇ. ਪਦਮਾਰਾਜਨ ਹੁਣ 239ਵੀਂ ਵਾਰ ਦੋ ਲੋਕ ਸਭਾ ਥਾਂਵਾਂ ਤੋਂ ਚੋਣ ਮੈਦਾਨ ‘ਚ ਹਨ। ਉਹ ਖੁਦ ਨੂੰ ਮਾਣ ਮਹਿਸੂਸ ਕਰਦੇ ਹੋਏ ‘ਇਲੈਕਸ਼ਨ ਕਿੰਗ’ ਵੀ ਕਹਿੰਦਾ ਹੈ। 65 ਸਾਲ ਦੇ ਪਦਮਾਰਾਜਨ ਕਿੱਤੇ ਵੱਜੋਂ ਟਾਇਰਾਂ ਦੀ ਮੁਕੰਮਤ ਕਰਨ ਦਾ ਕੰਮ ਕਰਦੇ ਹਨ।

ਤਾਮਿਲਨਾਡੂ ਦੇ ਰਹਿਣ ਵਾਲੇ ਇਸ ਸਖਸ਼ ਦੀ ਇੱਕ ਦੁਕਾਨ ਹੈ, ਜਿਸ ਤੋਂ ਉਹ ਆਪਣੇ ਪਰਿਵਾਰ ਦਾ ਗੁਜਾਰਾ ਚਲਾਉਂਦੇ ਹਨ। ਉਨ੍ਹਾਂ ਨੇ ਭਾਵੇਂ ਆਪਣੀ ਪੜ੍ਹਾਈ ਪੂਰੀ ਨਹੀਂ ਕੀਤੀ, ਪਰ ਪੱਤਰ-ਵਿਹਾਰ ਰਾਹੀਂ ਇਤਿਹਾਸ ‘ਚ ਗਰੈਜੂਏਸ਼ਨ ਦੀ ਸਿੱਖਿਆ ਹਾਸਲ ਕੀਤੀ ਹੋਈ ਹੈ। ਹਾਲਾਂਕਿ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਹੁਣ ਤੱਕ ਚੋਣਾਂ ‘ਚ 80 ਲੱਖ ਰੁਪਏ ਤੱਕ ਦੀ ਜ਼ਮਾਨਤ ਜ਼ਬਤ ਕਰਵਾ ਚੁੱਕੇ ਹਨ, ਕਿਉਂਕਿ ਹਰ ਵਾਰ ਹਾਰ ਹੀ ਹੱਥ ਲੱਗੀ ਹੈ।

ਪਦਮਾਰਾਜਨ ਹੁਣ ਤੱਕ 238 ਵਾਰ ਚੋਣਾਂ ਲੜ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਦੇ ਨਾਂ ਲਿਮਕਾ ਬੁੱਕ ਆਫ ਰਿਕਾਰਡ ‘ਚ ਸਭ ਤੋਂ ਵੱਧ ਵਾਰ ਅਸਫਲ ਹੋਣ ਦਾ ਰਿਕਾਰਡ ਦਰਜ ਹੈ।18ਵੀਂ ਲੋਕ ਸਭਾ ਚੋਣਾਂ ਲਈ ਪਦਮਾਰਾਜਨ ਇਸ ਵਾਰ ਫਿਰ 239ਵੀਂ ਵਾਰ ਚੋਣ ਮੈਦਾਨ ‘ਚ ਹਨ ਅਤੇ ਇਸ ਵਾਰ ਉਹ ਦੋ ਥਾਂਵਾਂ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਨੇ ਕੇਰਲ ਦੇ ਥ੍ਰਿਸੂਰ ਅਤੇ ਤਾਮਿਲਨਾਡੂ ਦੇ ਧਰਮਪੁਰੀ ਤੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ।

ਪੀਐਮ ਸਮੇਤ ਇਨ੍ਹਾਂ ਦਿੱਗਜ਼ਾਂ ਖਿਲਾਫ਼ ਲੜ ਚੁੱਕੇ ਹਨ ਚੋਣਾਂ

ਕੇ. ਪਦਮਾਰਾਜਨ 1991 ਤੋਂ ਲੈ ਕੇ ਹੁਣ ਤੱਕ ਕਈ ਦਿੱਗਜ਼ ਉਮੀਦਵਾਰਾਂ ਖਿਲਾਫ਼ ਚੋਣ ਲੜ ਚੁੱਕ ਹਨ। ਜਿਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਤੋਂ ਇਲਾਵਾ 2004 ‘ਚ ਲਖਨਊ ਤੋਂ ਅਟਲ ਬਿਹਾਰੀ ਵਾਜਪਾਈ, 2007 ਤੇ 2013 ‘ਚ ਅਸਾਮ ‘ਚ ਮਨਮੋਹਨ ਸਿੰਘ ਅਤੇ 2014 ‘ਚ ਵਡੋਦਰਾ ਤੋਂ ਮੌਜੂਦਾ ਪੀਐਮ ਨਰਿੰਦਰ ਮੋਦੀ ਸ਼ਾਮਲ ਹਨ।

ਇਸਤੋਂ ਇਲਾਵਾ ਉਹ ਭਾਰਤ ਦੇ ਸਾਬਕਾ ਰਾਸ਼ਟਰਪਤੀਆਂ ਕੇ.ਆਰ. ਨਾਰਾਇਣ, ਅਬਦੁਲ ਕਲਾਮ, ਪ੍ਰਤਿਭਾ ਪਾਟਿਲ, ਪ੍ਰਣਬ ਮੁਖਰਜੀ ਅਤੇ ਰਾਮਨਾਥ ਕੋਵਿੰਦ ਤੇ ਮੌਜੂਦਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਖਿਲਾਫ ਚੋਣ ਲੜ ਚੁੱਕੇ ਹਨ।

ਤਾਮਿਲਨਾਡੂ ‘ਚ ਉਹ ਜੇ. ਜੈਲਲਿਤਾ, ਕੇ. ਕਰੁਣਾਨਿਧੀ, ਐਮ. ਕੇ. ਸਟਾਲਿਨ ਅਤੇ ਈਕੇ ਪਲਾਨੀਸਵਾਮੀ, ਕੇਰਲਾ ‘ਚ ਪਿਨਾਰਈ ਵਿਜਯਨ ਅਤੇ ਕੇ. ਚੰਦਰਸ਼ੇਖਰ ਰਾਓ ਅਤੇ ਕਰਨਾਟਕਾ ‘ਚ ਸਿੱਧਰਮਈਆ, ਬਸਵਰਾਜ ਬੋਮਈ, ਕੁਮਾਰਸਵਾਮੀ ਅਤੇ ਯੇਦੀਯੁਰੱਪਾ ਖਿਲਾਫ਼ ਚੋਣਾਂ ਲੜ ਚੁੱਕੇ ਹਨ।

error: Content is protected !!