ਗਿ. ਹਰਪ੍ਰੀਤ ਸਿੰਘ ਨੇ ਕਹੀ ਦਿਲ ਦੀ ਗੱਲ…..”ਮੈਂ ਨਹੀਂ ਬਣਨਾ ਅਕਾਲੀ ਦਲ ਦਾ ਪ੍ਰਧਾਨ, ਬੀਬੀ ਸਤਵੰਤ ਕੌਰ ਮੇਰੇ ਲਈ ਸਤਿਕਾਰਯੋਗ ਨੇ”

ਗਿ. ਹਰਪ੍ਰੀਤ ਸਿੰਘ ਨੇ ਕਹੀ ਦਿਲ ਦੀ ਗੱਲ…..”ਮੈਂ ਨਹੀਂ ਬਣਨਾ ਅਕਾਲੀ ਦਲ ਦਾ ਪ੍ਰਧਾਨ, ਬੀਬੀ ਸਤਵੰਤ ਕੌਰ ਮੇਰੇ ਲਈ ਸਤਿਕਾਰਯੋਗ ਨੇ”

ਅੰਮ੍ਰਿਤਸਰ (ਵੀਓਪੀ ਬਿਊਰੋ) ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਆਪਣੀਆਂ ਭਾਵਨਾਵਾਂ ਸਾਹਮਣੇ ਰੱਖੀਆਂ ਹਨ। ਇਹ ਭਾਵਨਾਵਾਂ 11 ਅਗਸਤ ਨੂੰ ਪੰਜ ਮੈਂਬਰੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਵਿੱਚ ਉਹਨਾਂ ਦੇ ਨਾਮ ਸਮੇਤ ਬੀਬੀ ਸਤਵੰਤ ਕੌਰ ਦਾ ਨਾਮ ਪ੍ਰਧਾਨਗੀ ਲਈ ਵਿਚਾਰਿਆ ਜਾ ਰਿਹਾ ਹੈ, ਜਿਸ ਸਬੰਧੀ ਉਹਨਾਂ ਕਿਹਾ ਕਿ ਪੰਜ ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਚੋਣ ਇਜਲਾਸ ਰੱਖਿਆ ਗਿਆ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰੇ ਕੋਲ ਜਾਣਕਾਰੀ ਪੁੱਜ ਰਹੀ ਹੈ ਕਿ ਉਸ ਚੋਣ ਵਿੱਚ ਮੇਰੇ ਨਾਮ ਦੀ ਅਤੇ ਬੀਬੀ ਸਤਵੰਤ ਕੌਰ ਜੀ ਜੋ ਕਿ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਹਨ, ਸਾਡੇ ਦੋਵਾਂ ਦੇ ਨਾਮ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਲਈ ਵਿਚਾਰੇ ਜਾ ਰਹੇ ਹਨ। ਕੁਝ ਮੇਰੇ ਤੇ ਕੁਝ ਬੀਬੀ ਦੇ ਸਮਰਥਨ ਵਿੱਚ ਵਿਚਾਰ ਪ੍ਰਗਟ ਹੋ ਰਹੇ ਹਨ। ਮੇਰੇ ਮਨ ਵਿੱਚ ਅਪਣੀ ਉਸ ਭੈਣ ਦੇ ਪ੍ਰਤੀ ਬਹੁਤ ਸਤਿਕਾਰ ਹੈ। ਇਸ ਲਈ ਪੰਜ ਮੈਂਬਰੀ ਕਮੇਟੀ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਬੀਬੀ ਸਤਵੰਤ ਕੌਰ ਦੇ ਮੁਕਾਬਲੇ ਮੈਂ ਕਿਸੇ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਨਹੀ। ਇਸ ਲਈ ਮੇਰਾ ਨਾਮ ਪ੍ਰਧਾਨਗੀ ਲਈ ਨਾ ਵਿਚਾਰਿਆ ਜਾਵੇ।

ਇੱਥੇ ਵੀ ਦੱਸਣ ਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਹੋਏ ਧੜੇ ਵੱਲੋਂ 11 ਅਗਸਤ ਨੂੰ ਭਾਈ ਗੁਰਦਾਸ ਅੰਮ੍ਰਿਤਸਰ ਵਿਖੇ ਸਵੇਰੇ 11 ਵਜੇ ਡੇਲੀਗੇਟਾਂ ਦਾ ਇਜਲਾਸ ਰੱਖ ਕੇ ਪ੍ਰਧਾਨ ਦੀ ਚੋਣ ਕਰਨ ਦਾ ਫੈਸਲਾ ਲਿਆ ਹੈ। ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਹੋਏ ਹੁਕਮਨਾਮੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਮੁਹਿੰਮ ਨੂੰ ਚਲਾਉਂਦਿਆ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਕੀਤੀ ਗਈ ਸੀ। ਡੈਲੀਗੇਟ ਚੁਣੇ ਜਾਣ ਤੋਂ ਬਾਅਦ ਜਿੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਇਜਲਾਸ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹਾਲ ਦੀ ਇਜਾਜ਼ਤ ਮੰਗੀ ਗਈ ਸੀ, ਜਿਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਭੇਜ ਦਿੱਤਾ ਸੀ।

ਬੀਤੇ ਦਿਨੀ ਪੰਜ ਸਿੰਘ ਸਾਹਿਬਾਨ ਵੱਲੋਂ ਇਸ ਮਾਮਲੇ ਵਿੱਚ ਜਿੱਥੇ ਕਿਸੇ ਵੀ ਅਕਾਲੀ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਨਤਾ ਨਾ ਹੋਣ ਦਾ ਮਤਾ ਪਾਸ ਕੀਤਾ, ਉਥੇ ਹੀ ਕਿਸੇ ਵੀ ਇੱਕ ਧੜੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਂ ਦੀ ਵਰਤੋਂ ਕਰਨ ਨਾ ਲਈ ਵੀ ਮਤਾ ਪਾਸ ਕਰ ਦਿੱਤਾ ਅਤੇ ਵੱਖ ਹੋਏ ਅਕਾਲੀਆਂ ਨੂੰ ਇਕੱਠੇ ਹੋ ਕੇ ਚੱਲਣ ਦੀ ਵੀ ਹਦਾਇਤ ਕੀਤੀ । ਪੰਜ ਮੈਂਬਰੀ ਕਮੇਟੀ ਵੱਲੋਂ ਤਕਰੀਬਨ 15 ਲੱਖ ਭਰਤੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਡੈਲੀਗੇਟ ਵੀ ਚੁਣੇ ਜਾ ਚੁੱਕੇ ਹਨ। 11 ਅਗਸਤ ਨੂੰ ਤਕਰੀਬਨ 500 ਡੈਲੀਗੇਟਾਂ ਦਾ ਇਜਲਾਸ ਭਾਈ ਗੁਰਦਾਸ ਹਾਲ ਅੰਮ੍ਰਿਤਸਰ ਵਿਖੇ ਸਵੇਰੇ 11 ਵਜੇ ਹੋਣ ਜਾ ਰਿਹਾ ਹੈ। ਭਾਵੇਂ ਅਧਿਕਾਰਤ ਤੌਰ ਤੇ ਇਸ ਇਜਲਾਸ ਦੀ ਘੋਸ਼ਣਾ ਨਹੀਂ ਕੀਤੀ ਗਈ। ਸੂਤਰਾਂ ਮੁਤਾਬਕ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ।

ਇਸ ਹੋ ਰਹੇ ਜਨਰਲ ਇਜਲਾਸ ਵਿਚ 500 ਦੇ ਕਰੀਬ ਡੈਲੀਗੇਟ ਹਿੱਸਾ ਲੈਣਗੇ। ਇਸ ਜਰਨਲ ਇਜਲਾਸ ਵਿੱਚ ਕਿਸੇ ਵੀ ਸਿਆਸੀ ਆਗੂ ਨੂੰ ਪਹਿਲ ਨਾ ਦਿੰਦੇ ਹੋਏ ਪੰਥਕ ਆਗੂ ਨੂੰ ਪ੍ਰਧਾਨ ਚੁਣਨ ਦੀ ਚਰਚਾ ਜੋਰਾਂ ‘ਤੇ ਹੈ। ਇਸ ਚਰਚਾ ਵਿਚ ਸਭ ਤੋਂ ਅੱਗੇ ਨਾਮ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਹੈ, ਜਿਸ ਤੋਂ ਬਾਅਦ ਬੀਬੀ ਸਤਵੰਤ ਕੌਰ ਜੋ ਕਿ ਪੰਜ ਮੈਂਬਰੀ ਕਮੇਟੀ ਦੇ ਨੁਮਾਇੰਦੇ ਵੱਜੋਂ ਵੀ ਆਪਣੀ ਭੂਮਿਕਾ ਨਿਭਾ ਰਹੇ ਹਨ, ਉਹਨਾਂ ਦਾ ਨਾਮ ਦੂਸਰੇ ਨੰਬਰ ‘ਤੇ ਹੈ। ਜੇਕਰ ਇਹਨਾਂ ਦੇ ਨਾਮ ‘ਤੇ ਕਿਸੇ ਕਾਰਨ ਸਹਿਮਤੀ ਨਾ ਬਣੀ ਤਾਂ ਫਿਰ ਸਿਆਸੀ ਆਗੂ ਨੂੰ ਪਹਿਲ ਦਿੱਤੀ ਜਾ ਸਕਦੀ ਹੈ। ਪ੍ਰਧਾਨ ਦਾ ਨਾਮ ਜਰਨਲ ਇਜਲਾਸ ਵਿੱਚ ਹੀ ਘੋਸ਼ਿਤ ਹੋਵੇਗਾ। ਸਵੇਰੇ 11 ਵਜੇ ਜਨਰਲ ਇਜਲਾਸ ਸ਼ੁਰੂ ਹੋਣ ਤੋਂ ਬਾਅਦ ਕੁਝ ਬੁਲਾਰੇ ਸੰਬੋਧਨ ਕਰਨਗੇ। ਇਸ ਤੋਂ ਉਪਰੰਤ ਪ੍ਰਧਾਨ ਚੁਣੇ ਜਾਣ ਦੀ ਪ੍ਰਕਿਰਿਆ ਆਰੰਭ ਹੋਵੇਗੀ। ਪ੍ਰਧਾਨ ਦੀ ਚੋਣ ਹੋਣ ਤੋਂ ਬਾਅਦ ਪ੍ਰਧਾਨ ਅਤੇ ਡੈਲੀਗੇਟ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਨਤਮਸਤਕ ਹੋਣਗੇ। ਇਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਬੀਬੀ ਸਤਵੰਤ ਕੌਰ ਦਾ ਸਤਿਕਾਰ ਕਰਦੇ ਹੋਏ ਆਪਣਾ ਨਾਮ ਉਨਾਂ ਸਾਹਮਣੇ ਪੇਸ਼ ਨਾ ਕਰਨ ਦੀ ਭਾਵਨਾ ਸਾਹਮਣੇ ਰੱਖੀ ਹੈ।

error: Content is protected !!