ਪਾਕਿਸਤਾਨ ਤੋਂ ਪ੍ਰਕਾਸ਼ ਪੁਰਬ ਮਨਾ ਕੇ ਪਰਤੇ ਜਥੇਦਾਰ ਨੇ ਮੁੜ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਕੀਤੀ ਮੰਗ

ਪਾਕਿਸਤਾਨ ਤੋਂ ਪ੍ਰਕਾਸ਼ ਪੁਰਬ ਮਨਾ ਕੇ ਪਰਤੇ ਜਥੇਦਾਰ ਨੇ ਮੁੜ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਕੀਤੀ ਮੰਗ

ਵੀਓਪੀ ਬਿਊਰੋ – ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਾਪਸ ਪਰਤ ਆਏ ਹਨ। ਜਥੇਦਾਰ ਕੁਲਦੀਪ ਸਿੰਘ ਗੜਗੱਜ 3 ਨਵੰਬਰ ਨੂੰ ਪਾਕਿਸਤਾਨ ਗਏ ਸਨ ਅਤੇ ਅੱਜ ਦੁਪਹਿਰ ਵਾਪਸ ਭਾਰਤ ਪਰਤ ਆਏ ਹਨ। ਵਾਹਗਾ ਬਾਰਡਰ ਰਾਹੀਂ ਵਾਪਸ ਆ ਕੇ ਜਥੇਦਾਰ ਸਾਹਿਬ ਨੇ ਕਿਹਾ ਕਿ ਗੁਰੂ ਘਰਾਂ ਵਿਚ ਦਰਸ਼ਨ ਸਮੇਂ ਦੇ ਅਨੁਭਵ ਅਤੇ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ‘ਤੇ ਵਿਚਾਰ ਸਾਂਝੇ ਕੀਤੇ।

ਜਥੇਦਾਰ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਸੀਸ ਨਾਲ ਜਥੇ ਨੇ ਸ਼ਾਂਤੀਪੂਰਨ ਤਰੀਕੇ ਨਾਲ ਪਾਕਿਸਤਾਨ ਦੇ ਗੁਰੂਧਾਮਾਂ ਵਿਚ ਦਰਸ਼ਨ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਹੀ ਚੰਗੇ ਪ੍ਰਬੰਧ ਕੀਤੇ ਸਨ, ਜਿਸ ਲਈ ਉਨ੍ਹਾਂ ਨੇ ਲਹਿੰਦੇ ਪੰਜਾਬ ਦੀ ਸਰਕਾਰ ਤੇ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿਚ ਰਿਹਾਇਸ਼, ਲੰਗਰ, ਪੂਰਾ ਪ੍ਰੋਟੋਕਾਲ, ਸੁਰੱਖਿਆ ਤੇ ਮੈਡੀਕਲ ਪ੍ਰਬੰਧ ਬਹੁਤ ਸ਼ਾਨਦਾਰ ਸਨ। ਜਥੇਦਾਰ ਨੇ ਦੱਸਿਆ ਕਿ ਉੱਥੇ ਸਿੱਖ ਸੰਗਤ ਦੇ ਨਾਲ-ਨਾਲ ਸਿੰਧੀ ਸਮਾਜ ਦੇ ਲੱਖਾਂ ਗੁਰੂ ਨਾਨਕ ਨਾਮ ਲੇਵਾ ਭਾਈ-ਭੈਣਾਂ ਨਾਲ ਵੀ ਗੱਲਬਾਤ ਹੋਈ। ਸਭ ਨੂੰ ਗੁਰਬਾਣੀ ਨਾਲ ਜੁੜਨ, ਆਪਸੀ ਪਿਆਰ ਤੇ ਚੜ੍ਹਦੀਕਲਾ ਵਿਚ ਰਹਿਣ ਦਾ ਪੈਗਾਮ ਦਿੱਤਾ ਗਿਆ।

ਵਾਪਸੀ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮੁੜ ਜ਼ੋਰ ਦੇ ਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਕੇ ਸਿੱਖ ਸੰਗਤ ਦੀ ਮੰਗ ਪੂਰੀ ਕੀਤੀ ਜਾਵੇ।

error: Content is protected !!