ਇਸ ਦਿਨ ਰਿਲੀਜ਼ ਹੋਵੇਗੀ ਰਾਜਵੀਰ ਜਵੰਦਾ ਦੀ ਫਿਲਮ, ਹੋਇਆ ਐਲਾਨ
ਵੀਓਪੀ ਬਿਊਰੋ – ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਸਦਮਾ ਲੱਗਾ, ਜਦ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਕਰੀਬ 11 ਦਿਨ ਫੋਰਟਿਸ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਤੋਂ ਬਾਅਦ ਰਾਜਵੀਰ ਜਵੰਦਾ ਨੇ ਦਮ ਤੋੜਿਆ ਤਾਂ ਹਰ ਪਾਸੇ ਸੋਗ ਦਾ ਮਾਹੌਲ ਸੀ।
ਇਸ ਦੌਰਾਨ ਕਈ ਸਾਥੀ ਕਲਾਕਾਰਾਂ ਨੇ ਐਲਾਨ ਕੀਤਾ ਸੀ ਕਿ ਰਾਜਵੀਰ ਜਵੰਦਾ ਨੇ ਜੋ ਵੀ ਸ਼ੋਅ ਬੁੱਕ ਕੀਤੇ ਸਨ, ਉਹ ਸ਼ੋਅ ਹੁਣ ਉਸ ਦੇ ਸਾਥੀ ਕਲਾਕਾਰ ਕਰਨਗੇ ਅਤੇ ਉਸ ਦੀ ਕਮਾਈ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਹੀ ਜਾਵੇਗੀ। ਇਸ ਦੌਰਾਨ ਮਰਹੂਮ ਰਾਜਵੀਰ ਜਵੰਦਾ ਦੇ ਪਰਿਵਾਰ ਨੇ ਵੀ ਕਿਹਾ ਸੀ ਕਿ ਰਾਜਵੀਰ ਜਵੰਦਾ ਦੇ ਅਦਾਕਾਰੀ ਵਾਲੀ ਫਿਲਮ ਜਲਦ ਹੀ ਸਿਨੇਮਾ ਘਰਾਂ ਵਿਚ ਰਿਲੀਜ਼ ਕਰਨਗੇ ਤਾਂ ਜੋ ਆਪਣੀ ਅਦਾਕਾਰੀ ਰਾਹੀਂ ਮਰਹੂਮ ਰਾਜਵੀਰ ਜਵੰਦਾ ਹਮੇਸ਼ਾ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਰਹਿਣ।
ਦੱਸ ਦੇਈਏ ਕਿ ਰਾਜਵੀਰ ਜਵੰਦਾ ਦੇ ਅਭਿਨੈ ਵਾਲੀ ‘ਯਮਲਾ’ ਫਿਲਮ ਦੀ ਰਿਲੀਜ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਫਿਲਮ 28 ਨਵੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ ਹੋਣ ਜਾ ਰਹੀ ਹੈ, ਜਿਸ ਵਿਚ ਰਾਜਵੀਰ ਜਵੰਦਾ ਦੀ ਝਲਕ ਨਜ਼ਰ ਆਏਗੀ।
ਰਾਜਵੀਰ ਨੂੰ ਚਾਹੁਣ ਵਾਲੇ ਇਸ ਫਿਲਮ ਦੀ ਰਿਲੀਜ ਦੀ ਮੰਗ ਕਰ ਰਹੇ ਸਨ। ਹੁਣ ਫਿਲਮ ਕੰਪਨੀ ਨੇ ਇਸ ਨੂੰ ਲੈ ਕੇ ਇੱਕ ਪੋਸਟਰ ਜਾਰੀ ਕੀਤਾ ਹੈ, ਜਿਸ ਵਿਚ ਰਾਜਵੀਰ ਜਵੰਦਾ ਦੀ ਤਸਵੀਰ ਲੱਗੀ ਹੋਈ ਹੈ ਤੇ ਨਾਲ ਹੀ ਫਿਲਮ ਦੀ ਰਿਲੀਜ ਡੇਟ 28 ਨਵੰਬਰ ਵੀ ਲਿਖੀ ਹੋਈ ਹੈ।




