ਪਹਾੜਾਂ ‘ਚ ਬਰਫਬਾਰੀ ਕਾਰਨ ਮੈਦਾਨਾਂ ‘ਚ ਠੰਡ ਹੋਰ ਵਧੀ
ਵੀਓਪੀ ਬਿਊਰੋ – ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿੱਚ ਇਸ ਸਮੇਂ ਠੰਢ ਦਾ ਜ਼ੋਰ ਹੈ। ਹੱਡ ਠਾਰਵੀਂ ਠੰਢ ਨੇ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਹਾਲਾਤ ਇਹ ਨੇ ਕੀ ਰੋਜ਼ਾਨਾ ਦੇ ਕੰਮ-ਕਾਰ ਵਾਲਿਆਂ ਨੂੰ ਸਵੇਰ ਸ਼ਾਮ ਦੇ ਸਮੇਂ ਘਰੋਂ ਨਿਕਲਣਾ ਭਾਰੀ ਪਿਆ ਹੈ। ਸੁੱਕੀ ਠੰਢ ਦੇ ਕਾਰਨ ਬੱਚਿਆਂ, ਬਜ਼ੁਰਗਾਂ ਤੇ ਮਰੀਜ਼ਾਂ ਦੇ ਲਈ ਇਹ ਮੌਸਮ ਕਾਫੀ ਖਤਰਨਾਕ ਸਾਬਿਤ ਹੋ ਰਿਹਾ ਹੈ। ਹਾਲਾਂਕਿ ਮੌਸਮ ਵਿਭਾਗ ਵੱਲੋਂ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਫਿਲਹਾਲ ਲਈ ਬਾਰਿਸ਼ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ।
ਦੂਜੇ ਪਾਸੇ ਇਸ ਸਮੇਂ ਪਹਾੜਾਂ ਵਿੱਚ ਵੀ ਬਰਫਬਾਰੀ ਦਾ ਜ਼ੋਰ ਹੈ ਅਤੇ ਇਸ ਕਾਰਨ ਪਹਾੜਾਂ ਤੋਂ ਆ ਰਹੀਆਂ ਠੰਢੀਆਂ ਹਵਾਵਾਂ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਢ ਹੋਰ ਵਧ ਗਈ ਹੈ।
ਬੀਤੀ ਦੇਰ ਰਾਤ ਤੋਂ ਹੀ ਸੰਘਣੀ ਧੁੰਦ ਨੇ ਪੰਜਾਬ ਅਤੇ ਚੰਡੀਗੜ੍ਹ ਨੂੰ ਘੇਰ ਲਿਆ ਹੈ, ਜਿਸ ਕਾਰਨ ਦ੍ਰਿਸ਼ਟੀ ਘੱਟ ਗਈ ਹੈ, ਜਿਸ ਕਾਰਨ ਵਾਹਨਾਂ ਨੂੰ ਆਪਣੀਆਂ ਲਾਈਟਾਂ ਜਗਾ ਕੇ ਚਲਾਉਣ ਲਈ ਮਜਬੂਰ ਹੋਣਾ ਪਿਆ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਅੱਜ ਤੋਂ ਹਵਾਵਾਂ ਤੇਜ਼ ਅਤੇ ਠੰਢੀਆਂ ਹੋਣਗੀਆਂ। ਇਹ ਮੁੱਖ ਤੌਰ ‘ਤੇ ਪਹਾੜੀ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਕਾਰਨ ਹੈ। ਮੀਂਹ ਨਾ ਪੈਣ ਕਾਰਨ, ਧੂੰਆਂ ਅਤੇ ਪ੍ਰਦੂਸ਼ਣ ਵਧਣ ਦੀ ਸੰਭਾਵਨਾ ਹੈ।


