ਆਪਰੇਸ਼ਨ ਸਿੰਦੂਰ ਦੌਰਾਨ ਫੌਜ ਦੀ ਸੇਵਾ ਕਰਨ ਵਾਲੇ ਸ਼ਰਵਣ ਸਿੰਘ ਦਾ ਰਾਸ਼ਟਰਪਤੀ ਵੱਲੋਂ ਸਨਮਾਨ
ਵੀਓਪੀ ਬਿਊਰੋ – ਜਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਸਿਖਰਾਂ ‘ਤੇ ਸੀ ਤਾਂ ਉਸ ਸਮੇਂ ਪੰਜਾਬੀਆਂ ਨੇ ਅੱਗੇ ਹੋ ਕੇ ਆਪਣਾ ਫਰਜ਼ ਨਿਭਾਇਆ। ਇਸ ਦੌਰਾਨ ਹੀ ਇੱਕ ਛੋਟੇ ਬੱਚੇ ਨੇ ਵੀ ਪਾਕਿਸਤਾਨ ਤੋਂ ਭਾਰਤ ਦੀ ਰੱਖਿਆ ਕਰ ਰਹੇ ਫੌਜੀਆਂ ਦੀ ਖੂਬ ਸੇਵਾ ਕੀਤੀ ਅਤੇ ਇਸ ਦਾ ਫਲ ਉਸ ਨੂੰ ਮਿਲਿਆ ਜਦ ਰਾਸ਼ਟਰਪਤੀ ਨੇ ਉਸ ਨੂੰ ਸਨਮਾਨਿਤ ਕੀਤਾ। ਸ਼ਰਵਣ ਸਿੰਘ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਦੱਸ ਦੇਈਏ ਕਿ ਸ਼ਰਵਣ ਨੂੰ ਇਹ ਸਨਮਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਪਣੇ ਹੱਥੀਂ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਸ਼ਰਵਣ (10) ਆਪਣੇ ਘਰ ਤੋਂ ਲੱਸੀ, ਦੁੱਧ ਅਤੇ ਰੋਟੀ ਲੈ ਕੇ ਜਾਂਦਾ ਸੀ ਤਾਂ ਜੋ ਸਰਹੱਦ ’ਤੇ ਤਾਇਨਾਤ ਫ਼ੌਜੀਆਂ ਨੂੰ ਖੁਆਇਆ ਜਾ ਸਕੇ। ਇੰਨੀ ਛੋਟੀ ਉਮਰ ਦੇ ਹੋਰ ਬੱਚੇ ਡਰਦੇ ਸਨ ਅਤੇ ਅਜਿਹੇ ਮਾਹੌਲ ਵਿੱਚ ਆਪਣੀ ਮਾਂ ਦੀ ਗੋਦ ਵਿੱਚ ਲਿਪਟੇ ਰਹਿੰਦੇ ਸਨ ਪਰ ਉਹ ਸਰਹੱਦ ’ਤੇ ਬੇਖੌਫ ਘੁੰਮਦਾ ਸੀ। ਮਮਦੋਟ ਦੇ ਸਿਟੀ ਹਾਰਟ ਸਕੂਲ ਦਾ ਵਿਦਿਆਰਥੀ ਸ਼ਰਵਨ ਸਿੰਘ 26 ਦਸੰਬਰ ਨੂੰ ਹੋਣ ਵਾਲੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਾਪਤ ਕਰਨ ਲਈ ਦਿੱਲੀ ਰਵਾਨਾ ਹੋ ਗਿਆ ਹੈ। ਉਹ ਇਸ ਸਾਲ ਦਿੱਲੀ ਵਿੱਚ ਹੋਣ ਵਾਲੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਵਿੱਚ ਹਿੱਸਾ ਲੈਣ ਵਾਲਾ ਪੰਜਾਬ ਦਾ ਇਕਲੌਤਾ ਵਿਦਿਆਰਥੀ ਹੈ।


