ਜਲੰਧਰ (ਰੰਗਪੁਰੀ) ਜਲੰਧਰ ਵੈਸਟ ਹਲਕੇ ਦੀ ਸਿਆਸਤ ਇਸ ਸਮੇਂ ਨਸ਼ੇ ਦੇ ਮੁੱਦੇ ਦੇ ਗੇੜ ’ਚ ਘੁੰਮਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਸਿਆਸੀ ਆਗੂ ਇਕ-ਦੂਜੇ ’ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਖੁੱਲ੍ਹੇਆਮ ਬਿਆਨਬਾਜ਼ੀ ਕਰ ਰਹੇ ਹਨ। ਜਿੱਥੇ ਇੱਕ ਪਾਸੇ ਪੰਜਾਬ ਦੀ ਸਿਆਸਤ ਵਿੱਚ ‘ਡਾਇਨਾਸੋਰ’ ਸ਼ਬਦ ਨੂੰ ਲੈ ਕੇ ਚਰਚਾ ਗਰਮ ਹੈ, ਉੱਥੇ ਹੀ ਹੁਣ ਜਲੰਧਰ ਵੈਸਟ ਹਲਕੇ ਵਿੱਚ ‘ਗੈਂਡੇ’ ਦੇ ਨਾਂਅ ਨਾਲ ਜੋੜੀ ਸਿਆਸਤ ਵੀ ਹਾਵੀ ਹੋਣ ਲੱਗੀ ਹੈ।
ਜਲੰਧਰ ਵੈਸਟ ਤੋਂ ਸਾਬਕਾ ਵਿਧਾਇਕ ਅਤੇ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਕੀਮਤੀ ਭਗਤ ਆਹਮੋ-ਸਾਹਮਣੇ ਨਜ਼ਰ ਆ ਰਹੇ ਹਨ। ਦੋਵੇਂ ਆਗੂ ਇਕ-ਦੂਜੇ ’ਤੇ ਨਸ਼ਾ ਵੇਚਣ ਅਤੇ ਵਿਕਵਾਉਣ ਵਰਗੇ ਗੰਭੀਰ ਇਲਜ਼ਾਮ ਲਾ ਰਹੇ ਹਨ।
ਕੁਝ ਦਿਨ ਪਹਿਲਾਂ ਸ਼ੀਤਲ ਅੰਗੁਰਾਲ ਨੇ ਸਟੇਜ ਤੋਂ ਸ਼ਰੇਆਮ ਖੜ੍ਹੇ ਹੋ ਕੇ ਦੋਸ਼ ਲਗਾਇਆ ਸੀ ਕਿ ਹਲਕੇ ਵਿੱਚ ਕੀਮਤੀ ਭਗਤ ਦੀ ਸ਼ਹਿ ’ਤੇ ਨਸ਼ੇ ਦਾ ਕਾਰੋਬਾਰ ਵਧਿਆ ਹੈ। ਇਸ ਦੇ ਜਵਾਬ ਵਿੱਚ ਹੁਣ ਕੀਮਤੀ ਭਗਤ ਨੇ ਵੀ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਕੇ ਸ਼ੀਤਲ ਅੰਗੁਰਾਲ ’ਤੇ ਨਾ ਸਿਰਫ ਨਸ਼ੇ ਨਾਲ ਜੁੜੇ ਬਲਕਿ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵੀ ਲਾਏ।
ਪਰ ਸਵਾਲ ਇਹ ਹੈ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਅਤੇ ਇਲਜ਼ਾਮੀ ਸਿਆਸਤ ਦਾ ਅਸਲ ਫਾਇਦਾ ਕਿਸ ਨੂੰ ਹੋਵੇਗਾ? ਸਾਲ 2026 ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ 2027 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਆਸੀ ਆਗੂ ਹੁਣ ਤੋਂ ਹੀ ਮੈਦਾਨ ਵਿੱਚ ਸਰਗਰਮ ਹੋ ਰਹੇ ਹਨ, ਤਾਂ ਜੋ ਸਮੇਂ ਸਿਰ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਸਕਣ।
ਪਰ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀ ‘ਡਾਇਨਾਸੋਰ’ ਸਿਆਸਤ ਨੇ ਸਿਆਸੀ ਮਰਿਆਦਾ ’ਤੇ ਸਵਾਲ ਖੜੇ ਕੀਤੇ ਹਨ, ਉਸੇ ਤਰ੍ਹਾਂ ਜਲੰਧਰ ਵੈਸਟ ਵਿੱਚ ਉਭਰ ਰਹੀ ‘ਗੈਂਡਾ’ ਸਿਆਸਤ ਵੀ ਕਿਤੇ ਇਨ੍ਹਾਂ ਆਗੂਆਂ ਲਈ ਨੁਕਸਾਨਦਾਇਕ ਸਾਬਤ ਨਾ ਹੋ ਜਾਵੇ। ਖ਼ਾਸ ਕਰਕੇ ਜਦੋਂ ਦੋਵੇਂ ਆਗੂ ਪਹਿਲਾਂ ਹੀ ਦਲ-ਬਦਲੀ ਕਰ ਚੁੱਕੇ ਹਨ ਅਤੇ ਪੁਰਾਣੀਆਂ ਪਾਰਟੀਆਂ ਛੱਡ ਕੇ ਨਵੀਆਂ ਪਾਰਟੀਆਂ ਦਾ ਰੁੱਖ਼ ਕੀਤਾ ਹੈ।
ਖਾਸ ਕਰ ਸ਼ੀਤਲ ਅੰਗੁਰਾਲ ਦੀ ਅਗਰ ਗੱਲ ਕਰੀਏ ਤਾਂ ਉਹਨਾਂ ਨੇ ਭਾਜਪਾ ਛੱਡ ਕੇ ਆਪ ਜੁਆਇਨ ਕੀਤੀ ਐਮਐਲਏ ਬਣੇ| ਪਰ ਬਾਅਦ ‘ਚ ਫਿਰ ਵਾਪਿਸ ਭਾਜਪਾ ‘ਚ ਆਏ ਅਤੇ ਆਪ ਨੇਤਾ ਮਹਿੰਦਰ ਭਗਤ ਕੋਲੋਂ ਚੌਣ ਹਾਰ ਵੀ ਚੁੱਕੇ ਹਨ| ਦਲ ਬਦਲਣ ਦਾ ਇਹ ਫੈਸਲਾ ਵੀ ਉਨ੍ਹਾਂ ਦੀ ਸਿਆਸੀ ਛਵੀ ’ਤੇ ਅਸਰ ਪਾ ਸਕਦਾ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਜਲੰਧਰ ਵੈਸਟ ਦੀ ਸਿਆਸਤ ਨਸ਼ੇ ਵਰਗੇ ਗੰਭੀਰ ਮੁੱਦੇ ’ਤੇ ਹੱਲ ਵੱਲ ਵਧਦੀ ਹੈ ਜਾਂ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਿਤ ਰਹਿੰਦੀ ਹੈ।

