ਕੁੱਤਿਆਂ ਦੇ ਮਾਮਲੇ ‘ਤੇ ਸੁਪਰੀਮ ਕੋਰਟ ਦੀ ਟਿੱਪਣੀ, ਕਿਹਾ- ਕੁੱਤੇ ਛੱਡ ਕੇ ਹੁਣ ਬਿੱਲੀਆਂ ਲੈ ਆਈਏ?
ਵੀਓਪੀ ਬਿਊਰੋ – ਦੇਸ਼ ਵਿੱਚ ਅਵਾਰਾ ਕੁੱਤਿਆਂ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਸੁਪਰੀਮ ਕੋਰਟ ਵਿੱਚ ਅਵਾਰਾ ਕੁੱਤਿਆਂ ਨੂੰ ਲੈ ਕੇ ਮਾਮਲੇ ਦੀ ਸੁਣਵਾਈ ਹੋ ਰਹੀ ਹੈ। ਇੱਕ ਪਾਸੇ ਉਹ ਲੋਕ ਹਨ, ਜੋ ਰਿਹਾਇਸ਼ੀ ਇਲਾਕਿਆਂ ਵਿੱਚੋਂ ਅਵਾਰਾ ਕੁੱਤਿਆਂ ਨੂੰ ਬਾਹਰ ਕੱਢਣ ਦੀ ਮੰਗ ਕਰ ਰਹੇ ਹਨ ਅਤੇ ਦੂਜੇ ਪਾਸੇ ਐਨੀਮਲ ਲਵਰ ਹਨ, ਜੋ ਮੰਗ ਕਰ ਰਹੇ ਹਨ ਕਿ ਅਵਾਰਾ ਕੁੱਤਿਆਂ ‘ਤੇ ਜ਼ੋਰ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਅਤੇ ਇਨ੍ਹਾਂ ਦੇ ਹੱਲ ਲਈ ਸਹੀ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਸੁਪਰੀਮ ਕੋਰਟ ਵਿੱਚ ਅਵਾਰਾ ਕੁੱਤਿਆਂ ਵਾਲੇ ਮਾਮਲੇ ‘ਤੇ ਪਸ਼ੂ ਭਲਾਈ ਦੀ ਨੁਮਾਇੰਦਗੀ ਕਰ ਰਹੇ ਵਕੀਲ ਸੀਯੂ ਸਿੰਘ ਨੇ ਦਲੀਲ ਦਿੱਤੀ ਕਿ ਕੁੱਤਿਆਂ ਨੂੰ ਹਟਾਉਣ ਨਾਲ ਚੂਹਿਆਂ ਦੀ ਆਬਾਦੀ ਵਧੇਗੀ। ਇਸ ‘ਤੇ ਅਦਾਲਤ ਨੇ ਮਜ਼ਾਕ ਵਿੱਚ ਟਿੱਪਣੀ ਕੀਤੀ, “ਤਾਂ, ਕੀ ਸਾਨੂੰ ਬਿੱਲੀਆਂ ਲਿਆਉਣੀਆਂ ਚਾਹੀਦੀਆਂ ਹਨ? ਬੁੱਧਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਲਗਭਗ ਢਾਈ ਘੰਟੇ ਚੱਲੀ। ਸੁਣਵਾਈ ਦੌਰਾਨ, ਅਦਾਲਤ ਨੇ ਸਵਾਲ ਕੀਤਾ ਕਿ ਜਨਤਾ ਨੂੰ ਕੁੱਤਿਆਂ ਕਾਰਨ ਹੋਣ ਵਾਲੀ ਅਸੁਵਿਧਾ ਨੂੰ ਕਿੰਨਾ ਸਮਾਂ ਸਹਿਣਾ ਪਵੇਗਾ। ਅਦਾਲਤ ਨੇ ਕਿਹਾ ਕਿ ਉਸਦਾ ਹੁਕਮ ਸੜਕਾਂ ‘ਤੇ ਨਹੀਂ, ਸਗੋਂ ਸਿਰਫ਼ ਸੰਸਥਾਗਤ ਖੇਤਰਾਂ ‘ਤੇ ਲਾਗੂ ਹੁੰਦਾ ਹੈ।
ਇਹ ਮਾਮਲਾ 28 ਜੁਲਾਈ, 2025 ਨੂੰ ਸੁਪਰੀਮ ਕੋਰਟ ਦੀ ਕਾਰਵਾਈ ਨਾਲ ਸ਼ੁਰੂ ਹੋਇਆ ਸੀ, ਜਦੋਂ ਦਿੱਲੀ ਵਿੱਚ ਅਵਾਰਾ ਕੁੱਤਿਆਂ ਦੇ ਕੱਟਣ ਨਾਲ ਹੋਣ ਵਾਲੀ ਰੇਬੀਜ਼ ਦੀ ਬਿਮਾਰੀ ‘ਤੇ ਇੱਕ ਮੀਡੀਆ ਰਿਪੋਰਟ ਪ੍ਰਕਾਸ਼ਿਤ ਹੋਈ ਸੀ। ਇਸ ਮਾਮਲੇ ਦੀ ਹੁਣ ਤੱਕ 5 ਵਾਰ ਸੁਣਵਾਈ ਹੋ ਚੁੱਕੀ ਹੈ।
ਅਵਾਰਾ ਕੁੱਤੇ ਲਗਾਤਾਰ ਸਮੱਸਿਆ ਬਣਦੇ ਵੀ ਜਾ ਰਹੇ ਹਨ, ਜੇਕਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੰਦਾ ਤਾਂ ਇਹ ਅਵਾਰਾ ਕੁੱਤੇ ਲੋਕਾਂ ਦੇ ਲਈ ਸਮੱਸਿਆ ਬਣਦੇ ਹਨ ਅਤੇ ਇਨ੍ਹਾਂ ਦੇ ਕੱਟਣ ਕਾਰਨ ਭਾਰੀ ਨੁਕਸਾਨ ਹੁੰਦਾ ਹੈ।


