SGPC ਵੱਲੋਂ 1487.41 ਕਰੋੜ ਦਾ ਬਜਟ ਪਾਸ, ਵਿਦਿਆਰਥੀਆਂ ਲਈ ਕਰਵਾਉਣਗੇ IAS/PCS ਕੋਚਿੰਗ
ਅੰਮ੍ਰਿਤਸਰ (ਵੀਓਪੀ ਬਿਊਰੋ) ਐੱਸ.ਜੀ.ਪੀ.ਸੀ. ਦਾ ਸਾਲ 2026-27 ਲਈ ਬਜਟ ਜੈਕਾਰਿਆਂ ਦੀ ਗੂੰਜ ਵਿੱਚ ਪਾਸ ਕਰ ਦਿੱਤਾ ਗਿਆ। ਇਸ ਦੌਰਾਨ ਕੁੱਲ 1487.41 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਗਿਆ, ਜੋ ਪਿਛਲੇ ਸਾਲ ਦੇ ਮੁਕਾਬਲੇ 100.94 ਕਰੋੜ ਰੁਪਏ ਵੱਧ ਹੈ ਅਤੇ ਲਗਭਗ 7.28 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਬਜਟ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਵੱਲੋਂ ਪੇਸ਼ ਕੀਤਾ ਗਿਆ।
ਇਸ ਮੌਕੇ ਐੱਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਬਜਟ ਸਿੱਖ ਕੌਮ ਦੀਆਂ ਧਾਰਮਿਕ, ਸਿੱਖਿਆਕ ਅਤੇ ਸਮਾਜਿਕ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸਿੱਖ ਨੌਜਵਾਨਾਂ ਨੂੰ ਉੱਚ ਅਹੁਦਿਆਂ ਤੱਕ ਪਹੁੰਚਾਉਣ ਲਈ IAS/PCS ਕੋਚਿੰਗ ਲਈ 5 ਕਰੋੜ ਰੁਪਏ ਰਾਖਵੇਂ ਕੀਤੇ ਗਏ ਹਨ। ਇਸ ਤੋਂ ਇਲਾਵਾ ਭਗਤਾਂ ਦੀ ਵਿਰਾਸਤ ਨੂੰ ਸਮਰਪਿਤ ਕਰਦੇ ਹੋਏ Guru Ravidas ਜੀ ਦੀ ਸ਼ਤਾਬਦੀ ਮਨਾਉਣ ਲਈ 7 ਕਰੋੜ ਰੁਪਏ ਰੱਖੇ ਗਏ ਹਨ।
ਦਰਬਾਰ ਸਾਹਿਬ ਨਾਲ ਸੰਬੰਧਤ ਸਰਾਵਾਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 33 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਨਾਲ ਸੰਗਤਾਂ ਨੂੰ ਵਧੀਆ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਪ੍ਰਧਾਨ ਧਾਮੀ ਨੇ ਦੱਸਿਆ ਕਿ ਕਰਮਚਾਰੀਆਂ ਦੀਆਂ ਤਨਖਾਹਾਂ ਲਈ ਲਗਭਗ 68 ਕਰੋੜ ਰੁਪਏ, ਜਦਕਿ ਗਰੀਬਾਂ, ਬਿਮਾਰਾਂ ਅਤੇ ਲੋੜਵੰਦਾਂ ਲਈ 7 ਕਰੋੜ ਰੁਪਏ ਰਾਖਵੇਂ ਕੀਤੇ ਗਏ ਹਨ। ਸਿੱਖਿਆ ਖੇਤਰ ਵਿੱਚ ਮੁਫ਼ਤ ਵਿਦਿਆਲੇ ਅਤੇ ਸਕਾਲਰਸ਼ਿਪ ਲਈ ਵੀ ਵੱਡੀ ਰਕਮ ਨਿਰਧਾਰਤ ਕੀਤੀ ਗਈ ਹੈ।


