ਕੈਪਟਨ ਦਾ ਬਾਦਲ ਨਾਲ ਪਿਆਰ!… ਗਠਜੋੜ ਕਰ ਕੇ ਜਿੱਤ ਗਏ ਤਾਂ ਕੌਣ ਬਣੂ CM?

ਜਲੰਧਰ (ਸੁੱਖ ਸੰਧੂ) 2017 ਵਿੱਚ ਕਾਂਗਰਸ ਹੱਥੋਂ ਹਾਰ ਕੇ ਪੰਜਾਬ ਦੀ ਸੱਤਾ ਗਵਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਨੂੰ 2027 ਵਿਧਾਨ ਸਭਾ ਚੋਣਾਂ ਦੀ ਫਿਕਰ ਹੈ। ਫਿਕਰ ਤਾਂ ਹਰ ਸਿਆਸੀ ਪਾਰਟੀ ਨੂੰ ਹੈ ਪਰ ਇਨ੍ਹਾਂ ਦੋਵਾਂ ਪਾਰਟੀਆਂ ਦੇ ਹਾਲਾਤ ਕੁਝ ਵੱਖ ਹਨ। ਦੋਵੇਂ ਵੱਡੀਆਂ ਪਾਰਟੀਆਂ ਹਨ, ਇੱਕ ਪੰਜਾਬ ਦੀ ਖੇਤਰੀ ਪਾਰਟੀ ਹੈ ਅਤੇ ਇੱਕ ਕੇਂਦਰ ਵਿੱਚ ਸਰਕਾਰ ਰਹਿੰਦਿਆਂ ਵੀ ਪੰਜਾਬ ਵਿੱਚ ਵੋਟਰਾਂ ਨੂੰ ਲੁਭਾਉਣ ਵਿੱਚ ਨਾਕਾਮ ਹਨ। 2017 ਵਿੱਚ ਹਾਰ ਤੋਂ ਬਾਅਦ 2019 ਵਿੱਚ ਕਿਸਾਨਾਂ ਦਾ ਵੱਡੇ ਪੱਧਰ ‘ਤੇ ਪ੍ਰਦਰਸ਼ਨ ਸ਼ੁਰੂ ਹੋਇਆ। ਇਹ ਪ੍ਰਦਰਸ਼ਨ ਕੇਂਦਰ ਸਰਕਾਰ ਵੱਲੋਂ ਲਿਆਂਦੇ 3 ਖੇਤੀ ਬਿੱਲਾਂ ਦੇ ਖਿਲਾਫ ਸੀ, ਕੇਂਦਰ ਵਿੱਚ ਭਾਜਪਾ ਰਾਜ ਕਰ ਰਹੀ ਸੀ ਤਾਂ ਕਿਸਾਨਾਂ ਦਾ ਗੁੱਸਾ ਸਿੱਧੇ ਤੌਰ ‘ਤੇ ਭਾਜਪਾ ਦੇ ਖਿਲਾਫ ਸੀ, ਅਜਿਹੇ ਵਿੱਚ ਭਾਜਪਾ ਦੀ ਸਹਿਯੋਗੀ ਪਾਰਟੀ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਵੀ ਪੰਜਾਬ ਵਿੱਚ ਕਿਸਾਨਾਂ ਦੇ ਰੋਹ ਦਾ ਸ਼ਿਕਾਰ ਹੋ ਰਹੀ ਸੀ। ਕਿਉਂਕਿ ਕਿਸਾਨ ਪ੍ਰਦਰਸ਼ਨ ਵਿੱਚ ਅੱਗੇ ਹੋ ਕੇ ਪੰਜਾਬ ਦੇ ਕਿਸਾਨ ਹੀ ਲੜ ਰਹੇ ਸਨ।
ਇਸ ਦੌਰਾਨ ਸਾਲ 2020 ਵਿੱਚ ਪੰਜਾਬ ਵਿੱਚ ਆਪਣੀ ਪਕੜ ਬਣਾਏ ਰੱਖਣ ਲਈ ਕਹਿ ਲਓ ਜਾਂ ਫਿਰ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹੋਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦਾ ਸਾਥ ਛੱਡ ਦਿੱਤਾ। ਇਸ ਤੋਂ ਬਾਅਦ ਸਮਾਂ ਬਦਲਿਆ ਅਤੇ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਦੇ ਹੋਏ ਖੇਤੀ ਬਿੱਲ ਵਾਪਸ ਲੈ ਲਏ। ਇਸ ਤੋਂ ਸਮਾਂ ਆਇਆ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਤਾਂ ਇਸ ਸਮੇਂ ਵੀ ਦੋਵੇਂ ਪਾਰਟੀਆਂ ਇੱਕ ਨਾ ਹੋ ਸਕੀਆਂ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਦੇ ਨਾਲ ਗਠਜੋੜ ਕਰ ਲਿਆ, ਜਦ ਕਿ ਭਾਜਪਾ ਨੇ ਆਪਣੇ ਦਮ ‘ਤੇ ਹੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜੀਆਂ। ਇਸ ਦੌਰਾਨ ਦੋਵਾਂ ਪਾਰਟੀਆਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਰਿਕਾਰਡ 92 ਸੀਟਾਂ ਜਿੱਤ ਕੇ ਪਹਿਲੀਂ ਵਾਰ ਆਮ ਆਦਮੀ ਪਾਰਟੀ ਸੱਤਾ ਵਿੱਚ ਆ ਗਈ।
ਇਸ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਦੋਵੇਂ ਪਾਰਟੀਆਂ ਵੱਖ-ਵੱਖ ਰਹੀਆਂ ਅਤੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ 1 ਸੀਟ ਮਿਲੀ ਅਤੇ ਭਾਜਪਾ ਨੂੰ ਇੱਕ ਸੀਟ ਵੀ ਪੰਜਾਬ ਵਿੱਚ ਨਹੀਂ ਮਿਲੀ। ਇਸ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਜਹਿਨ ਵਿੱਚ ਤਾਂ ਹੈ ਕਿ ਇਕੱਲੇ-ਇਕੱਲੇ ਰਹਿ ਕੇ ਪੰਜਾਬੀਆਂ ਦੀ ਦਿਲ ਜਿੱਤਣਾ ਮੁਸ਼ਕਲ ਹੈ ਪਰ ਦੋਵਾਂ ਪਾਰਟੀਆਂ ਵੱਲੋਂ ਖੁੱਲ੍ਹ ਕੇ ਗਠਜੋੜ ਦੀ ਹਮਾਇਤ ਨਹੀਂ ਕੀਤੀ ਜਾ ਰਹੀ।
ਹੁਣ 2027 ਤੋਂ ਪਹਿਲਾਂ ਦੋਵਾਂ ਪਾਰਟੀਆਂ ਵੱਲੋਂ ਗਠਜੋੜ ਨੂੰ ਲੈ ਕੇ ਕੀ ਹਾਲਾਤ ਬਣਦੇ ਹਨ, ਇਹ ਤਾਂ ਸਮਾਂ ਦੱਸੇਗਾ ਪਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਹੁਣ ਭਾਜਪਾ ਵਿੱਚ ਸ਼ਾਮਲ ਹੋ ਚੁੱਕ ਹਨ ਵੱਲੋਂ ਕਈ ਵਾਰ ਦੋਵਾਂ ਪਾਰਟੀਆਂ ਦੇ ਗਠਜੋੜ ਦੀ ਹਮਾਇਤ ਕੀਤੀ ਜਾ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਬਿਨਾ ਗਠਜੋੜ ਤੋਂ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣਾ ਮੁਮਕਿਨ ਨਹੀਂ ਹੈ, ਜੇਕਰ ਗਠਜੋੜ ਨਹੀਂ ਤਾਂ 2027 ਤਾਂ ਕਿ 2032 ਵੀ ਦੋਵੇਂ ਪਾਰਟੀਆਂ ਭੁੱਲ ਜਾਣ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਸੁਖਬੀਰ ਸਿੰਘ ਬਾਦਲ ਦੀ ਵੀ ਹਮਾਇਤ ਕਰਦੇ ਹੋਏ ਸ਼ਲਾਘਾ ਕਰ ਚੁੱਕੇ ਹਨ। ਇਸ ਸਾਰੇ ਮਸਲੇ ‘ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਸਾਫ ਬਿਆਨ ਨਹੀਂ ਆ ਰਿਹਾ ਪਰ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੈਪਟਨ ਨਿੱਜੀ ਤੌਰ ‘ਤੇ ਬਿਆਨ ਦੇ ਸਕਦੇ ਹਨ ਪਰ ਭਾਜਪਾ ਵੱਲੋਂ ਕਿਸੇ ਨਾਲ ਵੀ ਗਠਜੋੜ ਨਹੀਂ ਕੀਤਾ ਜਾ ਰਿਹਾ।
ਇਸ ਸਭ ਵਿਚਾਲੇ ਸਵਾਲ ਖੜ੍ਹੇ ਹੋ ਰਹੇ ਨੇ ਕਿ ਪਹਿਲਾਂ ਕਾਂਗਰਸ ਵੱਲੋਂ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਕਾਫੀ ਸਿਆਸੀ ਮਤਭੇਦ ਸਨ, ਫਿਰ ਹੁਣ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਦੀ ਹਮਾਇਤ ਕਿਉਂ ਕਰ ਰਹੇ ਹਨ? ਦੇਖਿਆ ਜਾਵੇ ਤਾਂ ਜੇਕਰ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਹੋ ਵੀ ਜਾਂਦਾ ਹੈ ਅਤੇ ਦੋਵੇਂ ਸਾਲ 2017 ਵਿੱਚ ਬਹੁਮਤ ਲਈ ਸੀਟਾਂ ਹਾਸਲ ਕਰ ਵੀ ਲੈਂਦੇ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਵਿੱਚੋਂ ਮੁੱਖ ਮੰਤਰੀ ਕੌਣ ਬਣੇਗਾ? ਕਿਉਂਕਿ ਸੁਖਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਹਨ, ਸਪੱਸ਼ਟ ਤੌਰ ‘ਤੇ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਚਾਹ ਰੱਖਦੇ ਹਨ। ਅਜਿਹੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੋ ਕਿ ਸਾਬਕਾ ਮੁੱਖ ਮੰਤਰੀ ਹਨ, ਸੁਖਬੀਰ ਬਾਦਲ ਲਈ ਮੁੱਖ ਮੰਤਰੀ ਦੀ ਕੁਰਸੀ ਛੱਡ ਦੇਣਗੇ। ਕੈਪਟਨ ਅਮਰਿੰਦਰ ਸਿੰਘ ਦੇ ਅਕਾਲੀ ਦਲ ਦੇ ਹੱਕ ਵਿੱਚ ਬਿਆਨ ਕਈ ਤਰ੍ਹਾਂ ਦੇ ਸਵਾਲ ਖੜ੍ਹੇ੍ ਕਰ ਰਹੇ ਹਨ। ਬਾਕੀ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੀ ਸਪੱਸ਼ਟ ਹੋਵੇਗਾ ਕਿ ਗਠਜੋੜ ਹੁੰਦਾ ਹੈ ਜਾਂ ਨਹੀਂ ਪਰ ਇਨ੍ਹਾਂ ਦੋਵਾਂ ਆਗੂਆਂ ‘ਚ ਵਧ ਰਹੀ ਨਜ਼ਦੀਕੀ ‘ਤੇ ਨਜ਼ਰ ਇਸ ਸਮੇਂ ਹਰ ਪੰਜਾਬੀ ਦੀ ਹੈ।

