ਜੈਨੀ ਜੋਹਲ ਦੇ ਗੀਤ ‘ਲੈਟਰ ਟੂ ਸੀਐਮ’ ਨੂੰ ਬੈਨ ਕਰਨ ਉਤੇ ਘਿਰ ਗਈ ਮਾਨ ਸਰਕਾਰ, ਸਿਆਸਤ ਹੋਈ ਤੇਜ਼, ਮਜੀਠੀਆ, ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਬੋਲੇ, ਤਾਨਾਸ਼ਾਹੀ ਉਤੇ ਉਤਰ ਆਈ ਸਰਕਾਰ

ਜੈਨੀ ਜੋਹਲ ਦੇ ਗੀਤ ‘ਲੈਟਰ ਟੂ ਸੀਐਮ’ ਨੂੰ ਬੈਨ ਕਰਨ ਉਤੇ ਘਿਰ ਗਈ ਮਾਨ ਸਰਕਾਰ, ਸਿਆਸਤ ਹੋਈ ਤੇਜ਼, ਮਜੀਠੀਆ, ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਬੋਲੇ, ਤਾਨਾਸ਼ਾਹੀ ਉਤੇ ਉਤਰ ਆਈ ਸਰਕਾਰ


ਚੰਡੀਗੜ੍ਹ (ਵੀਓਪੀ ਬਿਊਰੋ) : ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਤੋਂ ਪੰਜਾਬੀ ਗੀਤ ਯੂ ਟਿਊਬ ਉਤੇ ਬੈਨ ਕਰਨ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ। ਹੁਣ  ਪੰਜਾਬੀ ਗਾਇਕ ਜੈਨੀ ਜੋਹਲ ਦੇ ਗੀਤੇ ਦੇ ਪ੍ਰਸਾਰਣ ਉਤੇ ਪੰਜਾਬ ਸਰਕਾਰ ਵੱਲੋਂ ਪਾਬੰਦੀ ਲਾ ਦਿੱਤੀ ਗਈ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕਾ ਜੈਨੀ ਜੌਹਲ ਨੇ ਆਪਣੇ ਗੀਤ ‘ਲੈਟਰ ਟੂ ਸੀਐੱਮ’ ਵਿਚ ਪੰਜਾਬ ਦੀ ਮਾਨ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਹਨ। ਉਨ੍ਹਾਂ ਸੀਐਮ ਮਾਨ ਨੂੰ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਾ ਦੇਣ ਉਤੇ ਸਵਾਲਾਂ ਦੇ ਘੇਰੇ ਵਿਚ ਲਿਆ ਹੈ।


ਇਸ ਗੀਤ ਨੂੰ ਪੰਜਾਬ ਸਰਕਾਰ ਵੱਲੋਂ ਯੂ ਟਿਊਬ ਉਤੇ ਬੈਨ ਕਰਨ ਨੂੰ ਲੈ ਕੇ ਪੰਜਾਬ ਵਿਚ ਸਿਆਸਤ ਤੇਜ਼ ਹੋ ਗਈ ਹੈ। ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀਆਂ ਜੈਨੀ ਜੋਹਲ ਦੇ ਹੱਕ ਵਿਚ ਨਿਤਰਦੀਆਂ ਨਜ਼ਰ ਆ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ, ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਂਗਰਸ ਦੇ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਉਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ।

ਤਾਨਾਸ਼ਾਹ ਬਣੀ ਮਾਨ ਸਰਕਾਰ, ਭਾਜਪਾ ਦੇ ਨਕਸ਼ੇ ਕਦਮਾਂ ਉਤੇ ਚਲ ਰਹੀ : ਰਾਜਾ ਵੜਿੰਗ

ਕਾਂਗਰਸ ਪ੍ਰਧਾਨ ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਆਪਣੀ ਮੂਲ ਪਾਰਟੀ ਭਾਜਪਾ ਦੇ ਨਕਸ਼ੇ-ਕਦਮਾਂ ’ਤੇ ਚੱਲ ਰਹੀ ਹੈ, ਜਿਸ ਨੇ ਵੀ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਗੀਤਾਂ ’ਤੇ ਪਾਬੰਦੀ ਲਗਾ ਦਿੱਤੀ ਸੀ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ‘ਆਪ’ ਸਰਕਾਰ ਗੀਤ ’ਚ ਉਠਾਏ ਮੁੱਦਿਆਂ ’ਤੇ ਧਿਆਨ ਦੇਣ ਅਤੇ ਉਨ੍ਹਾਂ ਨੂੰ ਹੱਲ ਕਰਨ ਦੀ ਬਜਾਏ ਤਾਨਾਸ਼ਾਹੀ ਵਾਲਾ ਕੰਮ ਕੀਤਾ ਹੈ ਪਰ ਇਹ ਉਨ੍ਹਾਂ ਦੀ ਵੱਡੀ ਭੁੱਲ ਹੈ ਕਿ ਉਹ ਗੀਤ ’ਤੇ ਪਾਬੰਦੀ ਲਗਾ ਕੇ ਲੋਕਾਂ ਤੱਕ ਇਸ ਦੀ ਪਹੁੰਚ ਨੂੰ ਰੋਕ ਸਕਦੇ ਹਨ। ਇਹ ਗੀਤ ਹੋਰ ਵੀ ਮਸ਼ਹੂਰ ਹੋਵੇਗਾ, ਜਿਸ ’ਚ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਉਠਾਈ ਗਈ ਹੈ।

ਸੰਵਿਧਾਨਕ ਹੱਕ ਖੋਹਣ ਲੱਗੀ ‘ਆਪ’ ਸਰਕਰ : ਬਾਜਵਾ

ਇਸੇ ਤਰ੍ਹਾਂ ਕਾਂਗਰਸ ਦੇ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਗਾਇਕਾ ਜੈਨੀ ਜੌਹਲ ਵੱਲੋਂ ਗਾਏ ਗੀਤ ਉੱਪਰ ਲਗਵਾਈ ਗਈ ਪਾਬੰਦੀ ਇਸ ਸਰਕਾਰ ਦੀ ਤਾਨਾਸ਼ਾਹੀ ਦਾ ਸਬੂਤ ਹੈ। ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੇ ਬੁਨਿਆਦੀ ਹੱਕਾਂ ਤੋਂ ਵਾਂਝਿਆਂ ਕਰ ਰਹੀ ਹੈ। ਉਹ ਖੁਦ ਅਤੇ ਉਨ੍ਹਾਂ ਦੀ ਕਾਂਗਰਸ ਪਾਰਟੀ ਪੰਜਾਬ ਦੀ ਨੌਜਵਾਨ ਗਾਇਕਾ ਜੈਨੀ ਜੌਹਲ ਨਾਲ ਖੜ੍ਹੀ ਹੈ। ਜੈਨੀ ਜੌਹਲ ਤੇ ਗੀਤ ’ਤੇ ਪਾਬੰਦੀ ਲਗਾਉਣਾ ਇਕ ਗੈਰ-ਜਮਹੂਰੀਅਤ ਕਾਰਵਾਈ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਸੰਵਿਧਾਨ ਸਾਨੂੰ ਬੋਲਣ, ਲਿਖਣ ਅਤੇ ਖਾਣ-ਪੀਣ ਦੀ ਆਜ਼ਾਦੀ ਦਿੰਦਾ ਹੈ ਪਰ ਭਗਵੰਤ ਮਾਨ ਸਰਕਾਰ ਦੀ ਇਹ ਕਾਰਵਾਈ ਬਹੁਤ ਨਿੰਦਣਯੋਗ ਹੈ।

ਧੀ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਡਰੇ ਮਾਨ : ਮਜੀਠੀਆ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਆਖਿਆ ਕਿ ਉਹ ਪੰਜਾਬ ਦੀ ਇਕ ਧੀ ਵੱਲੋਂ ਚੁੱਕੇ ਸਵਾਲਾਂ ਦਾ ਜਵਾਬ ਦੇਣ ਤੋਂ ਕਿਉਂ ਡਰ ਰਹੇ ਹਨ ਤੇ ਉਸ ਦੇ ਗੀਤ ’ਤੇ ਪਾਬੰਦੀ ਕਿਉਂ ਲਗਵਾਈ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੇ ਗੀਤ ’ਤੇ ਪਾਬੰਦੀ ਲਗਾਉਣ ਦਾ ਵਿਰੋਧ ਕਰ‌ਦਿਆਂ ਆਵਾਜ਼ ਬੁਲੰਦ ਕੀਤੀ ਸੀ ਤੇ ਅੱਜ ਆਪ ਪਾਬੰਦੀਆਂ ਲਗਵਾ ਰਹੇ ਹਨ।ਉਨ੍ਹਾਂ ਕਿਹਾ ਕਿ ਅਕਾਲੀ ਦਲ ਉਨ੍ਹਾਂ ਨੂੰ ਜੈਨੀ ਜੌਹਲ ਦਾ ਗੀਤ ਸੁਣਨ ਲਈ ਮਜਬੂਰ ਕਰੇਗਾ ਅਤੇ ਇਸ ਵਾਸਤੇ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਉੱਚੀ ਆਵਾਜ਼ ’ਚ ਇਹ ਗੀਤ ਵਜਾਉਂਦਿਆਂ ਰੋਸ ਮਾਰਚ ਕਰੇਗਾ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿਨ੍ਹਾਂ ਨੇ ਕਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੀ ਵਕਾਲਤ ਕੀਤੀ, ਉਹ ਯੂਟਿਊਬ ’ਤੇ ਜੈਨੀ ਜੌਹਲ ਦੇ ਗੀਤ ’ਤੇ ਸਿਰਫ ਇਸ ਕਰ ਕੇ ਪਾਬੰਦੀ ਲਗਵਾ ਰਹੇ ਹਨ ਕਿਉਂਕਿ ਗਾਇਕਾ ਨੇ ਮੁੱਖ ਮੰਤਰੀ ਤੋਂ ਕੁਝ ਸਵਾਲ ਪੁੱਛੇ ਹਨ।

error: Content is protected !!