ਦੂਲੋ ਨੇ ਚੰਨੀ ਨੂੰ ਗਿਣਾਏ ਦਲਿਤਾਂ ਦੇ ਅਸਲ ਮੁੱਦੇ, ਦਲਿਤ ਸੀਐਮ ਨੂੰ ਲੈ ਕੇ ਕਹੀ ਵੱਡੀ ਗੱਲ

ਦੂਲੋ ਨੇ ਚੰਨੀ ਨੂੰ ਗਿਣਾਏ ਦਲਿਤਾਂ ਦੇ ਅਸਲ ਮੁੱਦੇ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਕਾਂਗਰਸ ਵਿਚ ਖਿੱਚੋਤਾਣ ਵੱਧਦੀ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਦੇ ਆਪਣੇ ਵਿਧਾਇਕ ਤੇ ਵਜ਼ੀਰ ਸੀਐਮ ਖ਼ਿਲਾਫ਼ ਹੀ ਮੋਰਚਾ ਖੋਲ੍ਹੀ ਬੈਠੇ ਹਨ। ਹੁਣ ਇਸ ਦਰਮਿਆਨ ਦਲਿਤ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਆਪਣੇ ਭਾਈਚਾਰੇ ਦੇ ਮੁੱਦੇ ਚੇਤੇ ਆ ਗਏ ਤੇ ਉਹਨਾਂ ਨੇ ਆਪਣੀ ਰਿਹਾਇਸ਼ ਵਿਚ ਮੀਟਿੰਗ ਕੀਤੀ।

ਚੰਨੀ ਦੀ ਮੀਟਿੰਗ ਨੂੰ ਲੈ ਕੇ ਰਾਜ ਸਭਾ ਮੈਂਬਰ ਤੇ ਦਲਿਤ ਆਗੂ ਸ਼ਮਸ਼ੇਰ ਸਿੰਘ ਦੂਲੋਂ ਨੇ ਪੰਜਾਬ ਸਰਕਾਰ ਵਿੱਚ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਲਿਤ ਵਿਧਾਇਕਾਂ ਨਾਲ ਕੀਤੀ ਮੀਟਿੰਗ ਦੇ ਸਮੇਂ ਤੇ ਇਰਾਦੇ ’ਤੇ ਉਜਰ ਜਤਾਇਆ ਹੈ।

ਮੰਗਲਵਾਰ ਨੂੰ ਚੰਨੀ ਦੀ ਰਿਹਾਇਸ਼ ’ਤੇ ਹੋਈ ਇਸ ਮੀਟਿੰਗ ਦੌਰਾਨ ਦਲਿਤ ਵਿਧਾਇਕਾਂ ਨੇ ਕੈਪਟਨ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਨੂੰ ਹੁਣ ਤੱਕ ਅਮਲ ਵਿੱਚ ਨਾ ਲਿਆਉਣ ’ਤੇ ਵਿਚਾਰ-ਚਰਚਾ ਕੀਤੀ ਸੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਦੂਲੋਂ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਦਲਿਤ ਆਗੂਆਂ ਨੇ ਕਦੇ ਵੀ ਮੁੱਖ ਮੰਤਰੀ ਨੂੰ ਦਲਿਤਾਂ ਨਾਲ ਸਬੰਧਤ ਮੁੱਦਿਆਂ ’ਤੇ ਸਵਾਲ ਨਹੀਂ ਪੁੱਛਿਆ ਤੇ ਹੁਣ ਜਦੋਂ ਪੰਜਾਬ ਵਜ਼ਾਰਤ ਵਿੱਚ ਫੇਰਬਦਲ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਬਦਲਣ ਦੀਆਂ ਰਿਪੋਰਟਾਂ ਹਨ ਤਾਂ ਅਚਾਨਕ ਉਨ੍ਹਾਂ ਨੂੰ ਦਲਿਤ ਭਾਈਚਾਰੇ ਨਾਲ ਜੁੜੇ ਮੁੱਦਿਆਂ ਦਾ ਚੇਤਾ ਆ ਗਿਆ।

ਦੂਲੋਂ ਨੇ ਕਿਹਾ ਕਿ ਇਨ੍ਹਾਂ ਵਿਧਾਇਕਾਂ ਨੇ ਕਦੇ ਵੀ ਅਨੁਸੂਚਿਤ ਜਾਤੀ ਵਜ਼ੀਫ਼ਾ ਜਾਰੀ ਕਰਨ ਵਿੱਚ ਹੋ ਰਹੀ ਦੇਰੀ, ਗੈਰਕਾਨੂੰਨੀ ਖਣਨ, ਜ਼ਹਿਰੀਲੀ ਸ਼ਰਾਬ ਪੀਣ ਕਰਕੇ ਹੋਈਆਂ ਮੌਤਾਂ ਜਿਹੇ ਮੁੱਦਿਆਂ ’ਤੇ ਲੜਾਈ ਨਹੀਂ ਲੜੀ। ਵਿਧਾਇਕਾਂ ਨੂੰ ਪਤਾ ਹੈ ਕਿ ਉਹ ਆਪਣੇ ਵਾਅਦਿਆਂ ਨੂੰ ਪੁਗਾਉਣ ਵਿੱਚ ਨਾਕਾਮ ਰਹੇ ਹਨ ਤੇ ਹੁਣ ਕਿਸ ਮੂੰਹ ਨਾਲ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਮੰਗਣਗੇ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਦਲਿਤ ਆਗੂਆਂ ਨੂੰ ਸੱਤਾ ਵਿਚ ਬਰਾਬਰ ਦੀ ਹਿੱਸੇਦਾਰੀ ਦੇਣੀ ਚਾਹੀਦੀ ਹੈ ਤੇ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਸੀਨੀਅਰ ਲੀਡਰਸ਼ਿਪ ਦੀ ਸਰਪ੍ਰਸਤੀ ਵਿੱਚ ਕੁਝ ਵਿਧਾਇਕ ਖੁ਼ਦ ਗੈਰਕਾਨੂੰਨੀ ਸ਼ਰਾਬ ਤੇ ਖਣਨ ਕਾਰੋਬਾਰ ’ਚ ਸ਼ਾਮਲ ਹਨ, ਤਾਂ ਉਹ ਇਸ ਖਿਲਾਫ਼ ਕਿਉਂ ਬੋਲਣਗੇ।

Leave a Reply

Your email address will not be published. Required fields are marked *

error: Content is protected !!