ਕੇਂਦਰ ਸਰਕਾਰ ਵਲੋਂ ਭੇਜੇ 320 ਵੈਟੀਲੇਟਰਾਂ ‘ਚੋਂ 280 ਖ਼ਰਾਬ ਨਿਕਲੇ

ਕੇਂਦਰ ਸਰਕਾਰ ਵਲੋਂ ਭੇਜੇ 320 ਵੈਟੀਲੇਟਰਾਂ ‘ਚੋਂ 280 ਖ਼ਰਾਬ ਨਿਕਲੇ

ਚੰਡੀਗੜ੍ਹ (ਵੀਓਪੀ ਬਿਊਰੋ) – ਕੋਰੋਨਾ ਦੇ ਕੇਸ ਵੱਧਣ ਕਰਕੇ ਸੂਬੇ ਨੂੰ ਆਕਸੀਜਨ ਤੇ ਵੈਟੀਲੇਟਰਾਂ ਦੀ ਲੋੜ ਪੈ ਰਹੀ ਹੈ। ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਵੈਟੀਲੇਟਰ ਭੇਜੇ ਗਏ ਜੋ ਕੰਮ ਹੀ ਨਹੀਂ ਕਰਦੇ। ਭਾਰਤ ਸਰਕਾਰ ਵੱਲੋਂ ‘ਪੀਐਮ ਕੇਅਰਜ਼ ਫੰਡ’ ਤਹਿਤ ਪੰਜਾਬ ਨੂੰ ਭੇਜੇ ਗਏ 320 ਵੈਂਟੀਲੇਟਰਾਂ ਵਿਚੋਂ ਬਹੁਤੇ ਖਰਾਬ ਨਿਕਲੇ ਹਨ ਤੇ ਕੰਮ ਨਹੀਂ ਕਰ ਰਹੇ।

280 ਦੇ ਕਰੀਬ ਵੈਂਟੀਲੇਟਰ ਖਰਾਬ ਹਨ ਤੇ ਪੰਜਾਬ ਦੇ ਤਿੰਨ ਮੈਡੀਕਲ ਕਾਲਜਾਂ ਦੇ ਸਟੋਰਾਂ ਵਿਚ ਧੂੜ ਫੱਕ ਰਹੇ ਹਨ। ਕੇਂਦਰ ਵੱਲੋਂ ਭੇਜੇ ਗਏ 113 ਵੈਂਟੀਲੇਟਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ (ਫਰੀਦਕੋਟ) ਨੂੰ ਸੌਂਪੇ ਗਏ ਸਨ। ਇਨ੍ਹਾਂ ਵਿਚੋਂ 90 ਕੰਮ ਨਹੀਂ ਕਰ ਰਹੇ ਜਦਕਿ 23 ਚੱਲ ਰਹੇ ਹਨ। ਇਸੇ ਤਰ੍ਹਾਂ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਕੋਲ 109 ਵੈਂਟੀਲੇਟਰ ਹਨ ਜਿਨ੍ਹਾਂ ਵਿਚੋਂ ਸਿਰਫ਼ 12 ਕੰਮ ਕਰ ਰਹੇ ਹਨ।

ਸਰਕਾਰੀ ਮੈਡੀਕਲ ਕਾਲਜ (ਪਟਿਆਲਾ) ਕੋਲ 98 ਵੈਂਟੀਲੇਟਰ ਹਨ। ਉੱਥੇ 48 ਵੈਂਟੀਲੇਟਰਾਂ ਦੀ ਮੁਰੰਮਤ ਕਰਵਾਈ ਗਈ ਹੈ, ਪਰ ਇਨ੍ਹਾਂ ਨੂੰ ਵਰਤਿਆ ਨਹੀਂ ਜਾ ਰਿਹਾ ਕਿਉਂਕਿ ਡਾਕਟਰਾਂ ਨੂੰ ਇਨ੍ਹਾਂ ਵੈਂਟੀਲੇਟਰਾਂ ਉਤੇ ਜ਼ਿਆਦਾ ਭਰੋਸਾ ਨਹੀਂ ਹੈ। ਫਿਲਹਾਲ ਉਹ 61 ਵੈਂਟੀਲੇਟਰਾਂ ਨਾਲ ਕੰਮ ਚਲਾ ਰਹੇ ਹਨ ਜੋ ਕਿ ਪਹਿਲਾਂ ਹੀ ਉਨ੍ਹਾਂ ਕੋਲ ਹਨ। ਇਸ ਤਰ੍ਹਾਂ ਕਰੀਬ 285 ਵੈਂਟੀਲੇਟਰ ਸੂਬੇ ਵਿਚ ਵਰਤੋਂ ਤੋਂ ਬਾਹਰ ਹਨ।

ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਇਹ ਮਸਲਾ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਕੋਲ ਉਠਾਇਆ ਹੈ ਜਿਨ੍ਹਾਂ ਯਕੀਨ ਦਿਵਾਇਆ ਹੈ ਕਿ ਕੇਂਦਰ ਸਰਕਾਰ ਮਾਹਿਰਾਂ ਨੂੰ ਭੇਜ ਕੇ ਇਨ੍ਹਾਂ ਨੂੰ ਠੀਕ ਕਰਵਾਏਗੀ। ਸੋਨੀ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਉੱਚ ਗੁਣਵੱਤਾ ਵਾਲੇ ਵੈਂਟੀਲੇਂਟਰ ਦੇਣ ਤੇ ਹਰੇਕ ਮੈਡੀਕਲ ਕਾਲਜ ਵਿਚ ਘੱਟੋ-ਘੱਟ ਇਕ ਇੰਜਨੀਅਰ ਨੂੰ ਤਾਇਨਾਤ ਕੀਤਾ ਜਾਵੇ। ਉਹ ਵੈਂਟੀਲੇਟਰਾਂ ਦੀ ਸੰਭਾਲ ਕਰਨ ਤੇ ਮੁਰੰਮਤ ਲਈ ਸਾਮਾਨ ਵੀ ਕੋਲ ਰੱਖਣ। ਇਸ ਤੋਂ ਪਹਿਲਾਂ ਰਾਜਸਥਾਨ ਵੀ ਖਰਾਬ ਵੈਂਟੀਲੇਟਰਾਂ ਦਾ ਮੁੱਦਾ ਕੇਂਦਰ ਸਰਕਾਰ ਕੋਲ ਉਠਾ ਚੁੱਕਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ‘ਪੀਐਮ ਕੇਅਰਸ ਫੰਡ’ ਤਹਿਤ ਖਰਾਬ ਵੈਂਟੀਲੇਟਰ ਖਰੀਦਣ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਬਾਦਲ ਨੇ ਕਿਹਾ ਕਿ ਕੌਮੀ ਸਿਹਤ ਐਮਰਜੈਂਸੀ ਦੌਰਾਨ ਖਰਾਬ ਤੇ ਘਟੀਆ ਕਿਸਮ ਦੇ ਵੈਂਟੀਲੇਟਰ ਸਪਲਾਈ ਕਰਨਾ ਅਪਰਾਧ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਵੈਂਟੀਲੇਟਰ ਸਪਲਾਈ ਕਰਨ ਵਾਲੀ ਕੰਪਨੀ ਖ਼ਿਲਾਫ਼ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਫਰੀਦਕੋਟ ਹਸਪਤਾਲ ਲਈ 80 ਵੈਂਟੀਲੇਟਰ ਪਰਖ਼ ਕੇ ਤੁਰੰਤ ਭੇਜੇ ਜਾਣ।

Leave a Reply

Your email address will not be published. Required fields are marked *

error: Content is protected !!