ਅਸਫ਼ਲ ਹੋ ਚੁੱਕੇ ਸਿਸਟਮ ਨੂੰ ਬੇਵਜ੍ਹਾ ਕਾਲਜਾਂ ’ਤੇ ਜਾ ਰਿਹਾ ਹੈ ਥੋਪਿਆ : ਛੀਨਾ

ਖ਼ਾਲਸਾ ਕਾਲਜ ਵਿੱਦਿਅਕ ਅਦਾਰਿਆਂ ਵੱਲੋਂ ਸੂਬਾ ਸਰਕਾਰ ਦੁਆਰਾ ਸਾਂਝੇ ਦਾਖਲਾ ਪੋਰਟਲ ’ਤੇ ਜਤਾਇਆ ਰੋਸ

ਅਸਫ਼ਲ ਹੋ ਚੁੱਕੇ ਸਿਸਟਮ ਨੂੰ ਬੇਵਜ੍ਹਾ ਕਾਲਜਾਂ ’ਤੇ ਜਾ ਰਿਹਾ ਹੈ ਥੋਪਿਆ : ਛੀਨਾ

ਅੰਮ੍ਰਿਤਸਰ ( ਪਰਨੀਤ ਕੌਰ  )¸ਖ਼ਾਲਸਾ ਕਾਲਜ ਵਿਖੇ ਅੱਜ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਸਰਪ੍ਰਸਤੀ ਹੇਠ ਸਕੱਤਰ ਉਚੇਰੀ ਸਿੱਖਿਆ ਵਿਭਾਗ ਦੁਆਰਾ ਸੂਬੇ ਦੇ ਸਮੂਹ ਡਿਗਰੀ ਕਾਲਜਾਂ ’ਚ ਦਾਖਲੇ ਨੂੰ ਲੈ ਕੇ ਪੰਜਾਬ ਦੀਆਂ ਤਿੰਨੋਂ ਯੂਨੀਵਰਸਿਟੀਆਂ ਜਿਨ੍ਹਾਂ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇਕ ਸਾਂਝਾ ਪੋਰਟਲ ਬਣਾਏ ਜਾਣ ਸਬੰਧੀ ਜਾਰੀ ਕੀਤੇ ਗਏ ਪੱਤਰ ਦੇ ਵਿਰੋਧ ’ਚ ਇਕ ਅਹਿਮ ਮੀਟਿੰਗ ਕੀਤੀ ਗਈ।

ਜਿਸ ’ਚ ਚੈਰੀਟੇਬਲ ਸੋਸਾਇਟੀ ਅਧੀਨ ਆਉਂਦੇ ਸਮੂਹ ਕਾਲਜਾਂ ਦੇ ਪ੍ਰਿੰਸੀਪਲਜ਼ ਨੇ ਉਕਤ ਫ਼ੈਸਲੇ ’ਤੇ ਆਪਣਾ ਰੋਸ ਜਾਹਿਰ ਕਰਦਿਆਂ ਉਚੇਰੀ ਸਿੱਖਿਆ ਵਿਭਾਗ ਵੱਲੋਂ ਅਸਫ਼ਲ ਹੋ ਚੁੱਕੇ ਪੋਰਟਲ ਨੂੰ ਕਾਲਜਾਂ ’ਤੇ ਬੇਵਜ੍ਹਾ ਥੋਪਿਆ ਜਾ ਰਿਹਾ, ਦੀ ਗੱਲ ਆਖਦਿਆਂ ਇਸ ਫੈਸਲੇ ਨੂੰ ਵਿੱਦਿਅਕ ਢਾਂਚੇ ’ਤੇ ਇਕ ਵੱਡਾ ਹਮਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕੋਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਸਦਕਾ ਵਿੱਦਿਅਕ ਸੰਸਥਾਵਾਂ ਔਖੇ ਹਾਲਾਤਾਂ ’ਚੋਂ ਗੁਜ਼ਰ ਰਹੇ ਹਨ ਅਤੇ ਇਹ ਨਵਾਂ ਫੈਸਲਾ ਕਾਲਜਾਂ ਦੇ ਭਵਿੱਖ ਨੂੰ ਅੰਧਕਾਰ ਵੱਲ ਲੈ ਕੇ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਸਾਂਝੇ ਦਾਖਲਾ ਪੋਰਟਲ ਨਾਲ ਵਿਦਿਆਰਥੀਆਂ ਨੂੰ ਬੇਲੋੜੀਆਂ ਔਂਕੜਾਂ ਦਾ ਸਾਹਮਣਾ ਕਰਨਾ ਪਵੇਗਾ। ਜਿਸ ਦੇ ਆਉਣ ਵਾਲੇ ਸਮੇਂ ’ਚ ਸਿੱਟੇ ਗੰਭੀਰ ਹੋ ਸਕਦੇ ਹਨ। ਇਸ ਮੌਕੇ ਸ: ਛੀਨਾ ਨੇ ਮੀਟਿੰਗ ਉਪਰੰਤ ਇਸ ਫ਼ੈਸਲੇ ਨੂੰ ਇਕਤਰਫ਼ਾ ਅਤੇ ਨਿੰਦਨਯੋਗ ਕਰਾਰ ਦਿੰਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੁਰਾਣੇ ਸਿਸਟਮ ਅਨੁਸਾਰ ਹੀ ਕਾਲਜਾਂ ’ਚ ਦਾਖਲਾ ਕਰਵਾਏ। ਉਨ੍ਹਾਂ ਕਿਹਾ ਕਿ ਨਵਾਂ ਸਿਸਟਮ ਕਾਲਜਾਂ ਦੀ ਵਿੱਦਿਅਕ ਆਜ਼ਾਦੀ ’ਤੇ ਸਿੱਧੇ ਤੌਰ ’ਤੇ ਹਮਲਾ ਹੈ।

ਅੱਜ ਹੋਈ ਇਸ ਮੀਟਿੰਗ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਆਉਂਦੇ ਸੋਸਾਇਟੀ ਦੇ ਵਿੱਦਿਅਕ ਅਦਾਰਿਆਂ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਆਫ਼ ਲਾਅ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ. ਟੀ. ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਪ੍ਰਿੰਸੀਪਲ ਸ: ਨਾਨਕ ਸਿੰਘ, ਖ਼ਾਲਸਾ ਕਾਲਜ ਚਵਿੰਡਾ ਦੇਵੀ ਪ੍ਰਿੰਸੀਪਲ ਡਾ. ਹਰਭਜਨ ਸਿੰਘ ਆਦਿ ਨੇ ਸਰਵਸੰਮਤੀ ਨਾਲ ਫ਼ੈਸਲਾ ਲੈਂਦਿਆਂ ਉਕਤ ਕਾਰਵਾਈ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਯਥਾਰਥ ਤੋਂ ਪਰੇ੍ਹ ਹੋ ਕੇ ਅਜਿਹੇ ਫ਼ੈਸਲੇ ਲਏ ਜਾ ਰਹੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਬੁਰ੍ਹੇ ਦੌਰ ’ਚੋਂ ਲੰਘ ਰਹੇ ਪੰਜਾਬ ਦੇ ਉਚੇਰੀ ਸਿੱਖਿਆ ਸੰਸਥਾਨਾਂ ’ਤ ਪਵੇਗਾ।

ਉਨ੍ਹਾਂ ਕਿਹਾ ਕਿ ਕੋਵਿਡ‐19 ਮਹਾਮਾਰੀ ਵਰਗੇ ਖ਼ਤਰਨਾਕ ਹਾਲਾਤਾਂ ’ਚ ਵਿੱਦਿਅਕ ਅਦਾਰੇ ਤਰਸਯੋਗ ਸਥਿਤੀ ’ਚ ਚਲ ਰਹੇ ਹਨ, ਇਸ ਗੱਲ ਦਾ ਅਹਿਸਾਸ ਸ਼ਾਇਦ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਨੂੰ ਬਿਲਕੁਲ ਨਹੀਂ ਹੈ। ਕੋਵਿਡ ਕਾਰਨ ਆਈ ਮੰਦੀ ਅਤੇ ਬੱਚਿਆਂ ਦੇ ਵਿਦੇਸ਼ਾਂ ’ਚ ਜਾਣ ਦੇ ਰੁਝਾਨ ਕਾਰਨ ਕਾਲਜਾਂ ’ਚ ਪਹਿਲਾਂ ਹੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤੇ ਮਾਪਿਆਂ ਕੋਲ ਵਿਦਿਆਰਥੀਆਂ ਦੀਆਂ ਫ਼ੀਸਾਂ ਦੇਣ ਲਈ ਪੈਸੇ ਨਹੀਂ ਹਨ। ਹੁਣ ਸਿੱਖਿਆ ਵਿਭਾਗ ਦੇ ਇਸ ਨਾਦਰਸ਼ਾਹੀ ਫ਼ੁਰਮਾਨ ਨਾਲ ਸੁਭਾਵਿਕ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਕਾਲਜਾਂ ’ਚੋਂ ਪਹਿਲਾਂ ਨਾਲੋਂ ਵੀ ਘੱਟ ਹੋਵੇਗੀ।

ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਸਮੂਹ ਕਾਲਜਾਂ ਨੂੰ ਇਕ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਮੁਤਾਬਕ ਪੰਜਾਬ ਦੀਆਂ 3 ’ਵਰਸਿਟੀਆਂ ਜਿਨ੍ਹਾਂ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਸਬੰਧਿਤ ਕਾਲਜਾਂ ਲਈ ਇਕ ਸਾਂਝਾ ਦਾਖਲਾ ਪੋਰਟਲ ਬਣਾਉਣ ਦੀ ਗੱਲ ਆਖੀ ਗਈ ਹੈ। ਸਕੱਤਰ ਉਚੇਰੀ ਸਿੱਖਿਆ ਦੇ ਇਸ ਫੈਸਲੇ ਦਾ ਪੰਜਾਬ ਦੇ ਬਾਕੀ ਹਿੱਸਿਆਂ ’ਚ ਜੰਮ ਕੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।

error: Content is protected !!