ਚੋਣਾਂ ਨੇੜੇ ਆਉਂਦਿਆਂ ਹੀ ਭਾਜਪਾ ਗੁਰੂਘਰਾਂ ‘ਚ ਖੇਡਣ ਲੱਗੀ ਸਿਆਸੀ ਪੱਤੇ, ਅਰਦਾਸ ਦਾ ਸੱਚ ਆਇਆ ਸਾਹਮਣੇ

ਚੋਣਾਂ ਨੇੜੇ ਆਉਂਦਿਆਂ ਹੀ ਭਾਜਪਾ ਗੁਰੂਘਰਾਂ ‘ਚ ਖੇਡਣ ਲੱਗੀ ਸਿਆਸੀ ਪੱਤੇ, ਅਰਦਾਸ ਦਾ ਸੱਚ ਆਇਆ ਸਾਹਮਣੇ

ਜਲੰਧਰ (ਗੁਰਪ੍ਰੀਤ ਡੈਨੀ) – ਜਿਉਂ-ਜਿਉਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਪੰਜਾਬ ਦੀ ਸਿਆਸਤ ਵਿਚ ਨਵਾਂ ਮੋੜ ਆਉਣਾ ਸ਼ੁਰੂ ਹੋ ਗਿਆ ਹੈ। ਪਿਛਲੇ ਦਿਨੀਂ ਬਠਿੰਡਾ ਦੇ ਗੁਰਦੁਆਰਾ ਬੀੜ ਤਲਾਬ ਵਿਚ ਸੱਚਾ ਸੌਦਾ ਸਾਧ ਦੀ ਰਿਹਾਈ ਤੇ ਮੋਦੀ ਦੀ ਲੰਮੀ ਉਮਰ ਲਈ ਅਰਦਾਸ ਕੀਤੀ ਗਈ ਸੀ। ਹੁਣ ਇਸ ਤਰ੍ਹਾਂ ਦਾ ਮਾਮਲਾ ਜਲੰਧਰ ਕੈਂਟ ਏਰੀਆ ਤੋਂ ਸਾਹਮਣੇ ਆਇਆ ਹੈ। ਜਿੱਥੇ ਪੰਜਾਬ ਭਾਜਪਾ ਦੇ ਬੁਲਾਰੇ ਦੀਵਾਨ ਅਮਿਤ ਅਰੋੜਾ ਨੇ ਵਿਧਾਨ ਸਭਾ ਹਲਕੇ ਦੇ ਪਿੰਡ ਜਮਸ਼ੇਰ ਦੇ ਕਾਲੀ ਮਾਤਾ ਮੰਦਰ, ਸ੍ਰੀ ਗੁਰੂ ਰਵਿਦਾਸ ਭਵਨ ਤੇ ਭਗਵਾਨ ਵਾਲਮਿਕੀ ਮੰਦਰ ਅਤੇ ਉਸ ਤੋਂ ਬਾਅਦ ਕੈਂਟ ਦੇ ਸਿੰਘ ਸਭਾ ਗੁਰੂਦੁਆਰਾ ਸਾਹਿਬ ਵਿਚ ਮੋਦੀ ਸਰਕਾਰ ਦੀ ਲੰਮੀ ਉਮਰ ਦੀ ਅਰਦਾਸ ਕਰਵਾਉਣ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ ਆਪਣੀ ਸਿਆਸੀ ਪੱਤਾ ਖੇਡਣ ਲਈ ਗੁਰੂਘਰ ਦਾ ਸਹਾਰਾ ਲਿਆ।

ਘਟਨਾ ਕੁਝ ਇਸ ਤਰ੍ਹਾਂ ਵਾਪਰੀ ਕੀ ਪੰਜਾਬ ਭਾਜਪਾ ਦਾ ਬੁਲਾਰਾ ਦੀਵਾਨ ਅਮਿਤ ਅਰੋੜਾ ਜਲੰਧਰ ਕੈਂਟ ਦੇ ਸਿੰਘ ਸਭਾ ਗੁਰੂਘਰ ਵਿਚ ਮੋਦੀ ਦੀ ਲੰਮੀ ਉਮਰ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਉਣ ਪਹੁੰਚੇ। ਜਦ ਉਹਨਾਂ ਨੇ ਗੁਰੂਘਰ ਦੇ ਗ੍ਰੰਥੀ ਸਿੰਘ ਨੂੰ ਕਿਹਾ ਕਿ ਮੋਦੀ ਸਰਕਾਰ ਦੇ ਸੱਤ ਸਾਲ ਪੂਰੇ ਹੋ ਗਏ ਹਨ ਤੇ ਉਹਨਾਂ ਦੀ ਲੰਮੀ ਉਮਰ ਲਈ ਅਰਦਾਸ ਕਰਵਾਉਣੀ ਹੈ ਤਾਂ ਗ੍ਰੰਥੀ ਸਿੰਘ ਨੇ ਕਿਹਾ ਮੈਂ ਕਿਸੇ ਨਿੱਜੀ ਬੰਦੇ ਦੇ ਨਾਮ ਦੀ ਅਰਦਾਸ ਨਹੀਂ ਕਰਨੀ ਬਲਕਿ ਸਰਬੱਤ ਦੇ ਭਲੇ ਦੀ ਅਰਦਾਸ ਜ਼ਰੂਰ ਕਰਾਂਗਾ ਤਾਂ ਉਸ ਤੋਂ ਬਾਅਦ ਗ੍ਰੰਥੀ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਦਿੱਤੀ। ਪਰ ਦੀਵਾਨ ਅਮਿਤ ਅਰੋੜਾ ਵਲੋਂ ਜਲੰਧਰ ਦੇ ਨਿੱਜੀ ਅਖ਼ਬਾਰ ਵਿਚ ਇਹ ਖ਼ਬਰ ਲਗਵਾਈ ਕਿ ਗੁਰੂਘਰਾਂ ਵਿਚ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਮੀ ਉਮਰ ਲਈ ਅਰਦਾਸ ਕਰਵਾਈ ਹੈ।

ਜਦੋਂ ਇਸ ਗੱਲ ਤਾਂ ਪਤਾ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਲੱਗਾ ਹੈ ਤਾਂ ਉਹਨਾਂ ਕਿਹਾ ਕਿ ਸਾਡੇ ਗੁਰੂਘਰ ਵਿਚ ਕਿਸੇ ਨਿੱਜੀ ਬੰਦੇ ਦੀ ਲੰਮੀ ਉਮਰ ਲਈ ਅਰਦਾਸ ਨਹੀਂ ਬਲਕਿ ਲੋਕਾਂ ਨੂੰ ਕੋੋਰੋਨਾ ਤੋਂ ਬਚਾਉਣ ਲਈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਇਸ ਤੋਂ ਬਾਅਦ  ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਹਰਜੋਤ ਸਿੰਘ ਲੱਕੀ ਤੇ ਹੋਰ ਆਗੂਆਂ ਨੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਕੋਲ ਗੁਰੂ ਘਰ ਦੇ ਗ੍ਰੰਥੀ ਸਿੰਘ  ਨੂੰ ਨਾਲ ਲਿਜਾ ਕੇ ਦੀਵਾਨ ਅਮਿਤ ਅਰੋੜਾ ਦੀ ਅਜਿਹੀ ਕਾਰਵਾਈ ਦੀ ਸ਼ਿਕਾਇਤ ਦਰਜ ਕਰਵਾਈ।

ਜਦੋਂ ਵਾਇਸ ਆਫ਼ ਪੰਜਾਬ ਵਲੋਂ ਦੀਵਾਨ ਅਮਿਤ ਅਰੋੜਾ ਨੂੰ ਪੁੱਛਿਆ ਗਿਆ ਕਿ ਜਿਸ ਵੇਲੇ ਗ੍ਰੰਥੀ ਸਿੰਘ ਅਰਦਾਸ ਕਰ ਰਹੇ ਸੀ ਤੁਸੀਂ ਉਹਨਾਂ ਦੇ ਮੂੰਹੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਬਦ ਸੁਣਿਆ ਤਾਂ ਅਰੋੜਾ ਨੇ ਕਿਹਾ ਕਿ ਮੈਂ ਚਾਰ ਫੁੱਟ ਦੂਰ ਖੜ੍ਹਾ ਸੀ ਗ੍ਰੰਥੀ ਸਿੰਘ ਨੇ ਜੋ ਵੀ ਕਿਹਾ ਮੈਂਨੂੰ ਕੁਝ ਵੀ ਸੁਣਾਈ ਨਹੀਂ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਦੀਵਾਨ ਅਰੋੜਾ ਦੇ ਨਾਲ ਖੜ੍ਹੇ ਚਾਰ ਬੰਦਿਆਂ ਨੂੰ ਵੀ ਗ੍ਰੰਥੀ ਸਿੰਘ ਦੀ ਆਵਾਜ਼ ਤੱਕ ਨਹੀਂ ਸੁਣੀ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਅਰੋੜਾ ਅਤੇ ਉਸਦੇ ਸਾਥੀਆਂ ਨੂੰ ਗ੍ਰੰਥੀ ਸਿੰਘ ਦੀ ਆਵਾਜ਼ ਨਹੀਂ ਸੁਣੀ ਤਾਂ ਫਿਰ ਅਖ਼ਬਾਰ ਵਿਚ ਖ਼ਬਰ ਕਿਸ ਬਿਆਨ ਦੇ ਆਧਾਰਿਤ ਲਗਵਾ ਦਿੱਤੀ। ਜਦੋਂ ਇਸ ਬਾਰੇ ਗ੍ਰੰਥੀ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਦੀਵਾਨ ਅੰਮਿਤ ਅਰੋੜਾ ਅਰਦਾਸ ਕਰਵਾਉਣ ਲਈ ਜ਼ਰੂਰ ਆਏ ਸਨ ਪਰ ਮੈਂ ਉਹਨਾਂ ਦੀ ਪ੍ਰਧਾਨ ਮੰਤਰੀ ਦੀ ਲੰਮੀ ਉਮਰ ਵਾਲੀ ਸ਼ਰਤ ਨਿਕਾਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਸੀ ਨਾ ਕਿ ਕਿਸੇ ਨਿੱਜੀ ਬੰਦੇ ਦੀ ਲੰਮੀ ਉਮਰ ਲਈ।

ਇਸ ਤੋਂ ਇਲਾਵਾ ਦੂਜੇ ਧਾਰਮਿਕ ਸਥਾਨਾਂ ਜਿੱਥੇ ਅਮਿਤ ਅਰੋੜਾ ਅਰਦਾਸ ਕਰਵਾਉਣ ਗਏ ਸਨ ਉਹਨਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਹੀ ਕੋਈ ਅਪਡੇਟ ਆਉਂਦੀ ਹੈ ਅਸੀਂ ਇੱਥੇ ਪਬਲਿਸ਼ ਕਰ ਦਿਆਂਗੇ।

error: Content is protected !!