2022 ‘ਚ ਦਲਿਤਾਂ ਦਾ ਇਕ ਨੁਕਾਤੀ ਏਜੇਂਡਾ ਆਪਣੇ ਸਮਾਜ ਦਾ ਮੁਖ ਮੰਤਰੀ ਬਣਾਉਣਾ ਹੋਵੇ ! – ਜੋਗਿੰਦਰ ਸਿੰਘ ਮਾਨ

2022 ‘ਚ ਦਲਿਤਾਂ ਦਾ ਇਕ ਨੁਕਾਤੀ ਏਜੇਂਡਾ ਆਪਣੇ ਸਮਾਜ ਦਾ ਮੁਖ ਮੰਤਰੀ ਬਣਾਉਣਾ ਹੋਵੇ ! – ਜੋਗਿੰਦਰ ਸਿੰਘ ਮਾਨ

ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦਾ ਸਿਆਸੀ ਪਿੜ ਇਕ ਵਾਰ ਫਿਰ ਮੱਘ ਪਿਆ ਹੈ ਅਤੇ ਇਸ ਵਾਰ ਦੀਆਂ ਚੋਣਾਂ ਦਾ ਕੇਂਦਰ ਬਿੰਦੂ ਸੂਬੇ ਦੀ 40 ਫੀਸਦੀ ਅਬਾਦੀ ਯਾਨੀ ਕਿ ਦਲਿੱਤ ਵੋਟਾਂ ਹਨ। ਜਿਸ ਨੂੰ ਰਿਝਾਉਣ ਦੇ ਲਈ ਚਾਹੇ-ਅਣਚਾਹੇ ਮਨ ਨਾਲ ਹਰ ਸਿਆਸੀ ਪਾਰਟੀ ਛਾਲ਼ਾਂ ਮਾਰ ਰਹੀ ਹੈ। ਇਸ ਤੋਂ ਇਹ ਗੱਲ ਪ੍ਰਤੱਖ ਹੋ ਗਈ ਹੈ ਕਿ ਆਜ਼ਾਦੀ ਦੇ 70 ਵਰ੍ਹਿਆਂ ਤੋਂ ਵੱਧ ਸਮਾਂ ਬੀਤ ਜਾਂ ਉਪਰੰਤ ਸ਼ਾਇਦ ਹੁਣ ਸੂਬੇ ਦੀ ਵਾਗਡੋਰ ਪੰਜਾਬ ਦੀ ਆਬਾਦੀ ਦੇ ਸਬ ਤੋਂ ਵੱਡੇ ਤੇ ਅਣਗੌਲੇ ਹਿੱਸੇ ਨੂੰ ਮਿਲਣ ਜਾ ਰਹੀ ਹੈ I

ਹੈਰਾਨੀ ਦੀ ਅਤੇ ਸ਼ਰਮ ਦੀ ਗੱਲ ਹੈ ਕਿ ਆਜ਼ਾਦੀ ਦੇ ਇੰਨੇ ਵਰ੍ਹੇ ਬੀਤ ਜਾਣ ਉਪਰੰਤ ਵੀ ਸੱਤਾ ਦਾ ਭਾਗੀਦਾਰ ਬਣਾਉਣ ਦੇ ਲਈ ਨਾ ਸਿਰਫ ਇਸ ਵਰਗ ਨੂੰ ਅਣਗੌਲਿਆ ਗਿਆ ਬਲਕਿ ਚੁਣ-ਚੁਣ ਕੇ ਇਸ ਵਰਗ ਦੇ ਆਗੂਆਂ ਨੂੰ ਦਰਕਿਨਾਰ ਕੀਤਾ ਗਿਆ ਤਾਂ ਜੋ ਉਹ ਆਪਣੇ ਸਮਾਜ ਦੇ ਹਿਤਾਂ ਦੀ ਗੱਲ ਨਾ ਕਰ ਸਕਣ ਤੇ ਉਹਨਾਂ ਦਾ ਦਾਇਰਾ ਕੇਵਲ ਤੇ ਕੇਵਲ ਉਹਨਾਂ ਦੇ ਸਿਆਸੀ ਮੁਫਾਦਾਂ ਤਕ ਹੀ ਸੀਮਤ ਹੋ ਜਾਏ I ਇਹੀ ਨਹੀਂ ਬਲਕਿ ਦਲਿਤ ਆਗੂਆਂ ਦੇ ਕੀਤੇ ਚੰਗੇ ਕੰਮਾਂ ਦਾ ਵੀ ਸਿਹਰਾ ਕਦੇ ਉਹਨਾਂ ਨੂੰ ਨਾ ਦਿੱਤਾ ਗਿਆ ਤੇ ਤੋਹਮਤਾਂ ਲਗਾਉਣ ਲਾਇ ਕਈ ਦਹਾਕਿਆਂ ਤੋਂ ਸਰਕਾਰੀ ਤੰਤਰ ਦਾ ਦੁਰ-ਉਪਯੋਗ ਕੀਤਾ ਗਿਆ I ਪੰਜਾਬ ਦੇ ਕਿੰਨੇ ਲੋਕਾਂ ਨੂੰ ਇਹ ਪਤਾ ਹੈ ਕਿ ਜਦੋਂ ਦੇਸ਼ ਅੰਨ ਦੀ ਕਮੀ ਨਾਲ ਜੂਝ ਰਿਹਾ ਸੀ ਤਾਂ ਸੂਬੇ ਵਿਚ ਹਰੀ ਕ੍ਰਾਂਤੀ ਦਾ ਮੁੱਢ ਬਣਨ ਦੇ ਵਿਚ ਤਤਕਾਲੀ ਖੇਤੀਬਾੜੀ ਮੰਤਰੀ ਤੇ ਦਲਿਤ ਆਗੂ ਮਾਸਟਰ ਗੁਰਬੰਤਾ ਸਿੰਘ ਦਾ ਕਿੰਨਾ ਵਡਮੁੱਲਾ ਯੋਗਦਾਨ ਸੀ, ਜੋ ਕਿ ਅੱਜ ਅਣਗੌਲਿਆ ਗਿਆ ਹੈ I

ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਨੇ ਭਾਰਤੀ ਸੰਵਿਧਾਨ ਦੀ ਰਚਨਾ ਇਸ ਪ੍ਰਕਾਰ ਨਾਲ ਕੀਤੀ ਸੀ ਉਸ ਦਾ ਫਾਇਦਾ ਹਰ ਵਰਗ ਨੂੰ ਮਿੱਲੇ ਪਰ ਅਫਸੋਸ ਕਿ ਪੰਜਾਬ ਦੇ ਵਿਚ ਸੱਤਾ ਕੁਝ ਹੱਥਾਂ ਵਿਚ ਹੀ ਸੀਮਤ ਹੋ ਕੇ ਰਹਿ ਗਈ ਅਤੇ ਇਕ ਗਹਿਰੀ ਸਾਜ਼ਿਸ਼ ਦੇ ਤਹਿਤ ਦਲਿਤਾਂ ਨੂੰ ਉਸ ਦਾ ਪੂਰਾ ਭਾਗੀਦਾਰ ਨਹੀਂ ਬਣਨ ਦਿੱਤਾ ਗਿਆ I ਆਜ਼ਾਦ ਪੰਜਾਬ ਦੇ ਇਤ੍ਹਿਹਾਸ ਤੇ ਨਿਗਾਹ ਮਾਰੀਏ ਤਾ ਪਿਛਲੇ ਪੰਜ ਦਹਾਕਿਆਂ ਤੋਂ ਵੱਧ ਸਮੇ ਦੇ ਦੌਰਾਨ ਸੂਬੇ ਦੇ ਸਿਰਫ ਇਕ ਮੁਖ ਮੰਤਰੀ ਗਿਆਨੀ ਜ਼ੈਲ ਸਿੰਘ ਹੀ ਗੈਰ ਜੱਟ ਸਿੱਖ ਸਨ ਜਦਕਿ ਬਾਕੀ ਸਾਰੇ ਦੇ ਸਾਰੇ ਮੁਖ ਮੰਤਰੀ ਸਮਾਜ ਦੇ ਇਕ ਹੀ ਹਿੱਸੇ ਵਿੱਚੋ ਬਣੇ I ਇੰਜ ਨਹੀਂ ਸੀ ਸੂਬੇ ਦੇ ਵਿਚ ਕੱਦਾਵਾਰ, ਪੜ੍ਹੇ ਲਿਖੇ ਜਾਂ ਸਿਆਣੇ ਦਲਿਤ ਆਗੂ ਨਹੀਂ ਪੈਦਾ ਹੋਏ ਬਲਕਿ ਸਰਦਾਰ ਬੂਟਾ ਸਿੰਘ, ਮਾਸਟਰ ਗੁਰਬੰਤਾ ਸਿੰਘ, ਸਰਦਾਰ ਦਰਸ਼ਨ ਸਿੰਘ ਕੇ ਪੀ, ਸਰਦਾਰ ਧੰਨਾ ਸਿੰਘ ਗੁਲਸ਼ਨ, ਚੌਧਰੀ ਜਗਤ ਰਾਮ ਸੂੰਢ, ਡਾ ਚਰਨਜੀਤ ਸਿੰਘ ਅਟਵਾਲ, ਸਰਦਾਰ ਸ਼ਮਸ਼ੇਰ ਸਿੰਘ ਦੂਲੋ ਤੇ ਅਜਿਹੇ ਕਈ ਆਗੂ ਹਨ ਜਿਹਨਾਂ ਨੇ ਆਪਣੀ ਸਿਆਣਪ, ਮੇਹਨਤ ਤੇ ਵਿਦਵਤਾ ਦਾ ਲੋਹਾ ਆਲਮੀ ਪੱਧਰ ਤੇ ਮਨਵਾਇਆ I

ਪਰ ਅਫਸੋਸ ਸਿਆਸੀ ਧਿਰਾਂ ਤੇ ਕਾਬਜ਼ ਲੋਕਾਂ ਨੇ ਆਪਣੀ ਸਮਾਜਿਕ ਤੇ ਆਰਥਿਕ ਵਸੀਲਿਆਂ ਦੀ ਵਰਤੋਂ ਕਰਦੇ ਹੋਏ ਉਹਨਾਂ ਨੂੰ ਉਲਝਾ ਕੇ ਰੱਖਿਆ ਤਾਂ ਜੋ ਉਹ ਕਿਸੇ ਵੀ ਤਰ੍ਹਾਂ ਸਿਆਸੀ ਪਿੜ ਦੇ ਵਿਚ ਚਮਕ ਕੇ ਪੰਜਾਬ ਦੇ ਸਰਦਾਰ ਨਾ ਬਣਨ ਤੇ ਆਪਣੇ ਸਮਾਜ ਦਾ ਭਲਾ ਨਾ ਕਰਨ I ਇਸ ਦਾ ਇਕੋ ਇਕ ਮਨੋਰਥ ਦਲਿਤਾਂ ਦੀ ਭਲਾਈ ਵਿਚ ਰੋੜੇ ਅਟਕਾ ਕੇ ਉਹਨਾਂ ਨੂੰ ਸਿਰਫ ਗੁਜ਼ਾਰੇ ਜੋਗਾ ਰੱਖਣਾ ਹੀ ਸੀ I ਬੇਸ਼ਕ ਕਾਂਗਰਸ ਪਾਰਟੀ ਨੇ ਹੋਰਨਾਂ ਧਿਰਾਂ ਦੇ ਮੁਕਾਬਲੇ ਦਲਿਤਾਂ ਨੂੰ ਵਧੇਰੇ ਤਵੱਜੋ ਦਿੱਤੀ ਹੈ ਪਰ ਦਲਿਤ ਮੁਖ ਮੰਤਰੀ ਬਣਾਉਣ ਦੇ ਵਿਚ ਉਹ ਵੀ ਕਾਮਯਾਬ ਨਹੀਂ ਹੋਈ I

ਆਜ਼ਾਦ ਭਾਰਤ ਵਿਚ ਡਾ ਅੰਬੇਡਕਰ ਤੋਂ ਬਾਅਦ ਦਲਿਤਾਂ ਦੇ ਹਰਮਨ ਪਿਆਰੇ ਆਗੂ ਸਰਦਾਰ ਬੂਟਾ ਸਿੰਘ ਪੰਜਾਬ ਦੇ ਜੰਮਪਲ ਸਨ ਤੇ ਉਹ ਅੱਠ ਵਾਰ ਲੋਕ ਸਭਾ ਲਈ ਚੁਣੇ ਗਏ ਅਤੇ ਭਾਰਤ ਸਰਕਾਰ ਵਿਚ ਗ੍ਰਹਿ, ਰੇਲਵੇ, ਖੇਤੀਬਾੜੀ, ਸੰਚਾਰ, ਸਮੇਤ ਆਲਾ ਮਹਿਕਮਿਆਂ ਦੇ ਵਜ਼ੀਰ ਰਹੇ, 1982 ਦੀਆਂ ਏਸ਼ੀਆਈ ਖੇਡਾਂ ਨੂੰ ਸ਼ਾਨਦਾਰ ਢੰਗ ਨਾਲ ਕਰਾਉਣ ਲਈ ਵਿਸ਼ਵ ਪੱਧਰ ਤੇ ਮਕ਼ਬੂਲ ਹੋਏ ਪਰ ਸਮਾਜ ਦੇ ਪ੍ਰਭਾਵੀ ਹਿੱਸੇ ਦੇ ਵਿਰੋਧ ਕਾਰਣ 1980, 1987 ਤੇ ਫਿਰ 1995 ਵਿਚ ਕਾਂਗਰਸ ਹਾਈਕਮਾਂਡ ਦੇ ਵਿਚ ਹੋਣ ਦੇ ਬਾਵਜੂਦ ਸੂਬੇ ਦੇ ਮੁਖ ਮੰਤਰੀ ਨਾ ਬਣ ਸਕੇ I ਵੱਖ-ਵੱਖ ਅਹੁਦਿਆਂ ਤੇ ਰਹਿੰਦੇ ਹੋਏ ਉਹਨਾਂ ਨੇ ਲੱਖਾਂ ਪਰਿਵਾਰਾਂ ਨੂੰ ਰੋਜ਼ਗਾਰ ਦਿਵਾਇਆ, ਦਲਿਤ ਭਲਾਈ ਲਈ ਬੇਤਹਾਸ਼ਾ ਕੰਮ ਕੀਤਾ ਤੇ ਦਲਿਤਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਤੇ ਜੇ ਉਹ ਪੰਜਾਬ ਦੇ ਮੁਖ ਮੰਤਰੀ ਬਣ ਜਾਂਦੇ ਤਾਂ ਅੱਜ ਸੂਬੇ ਦੇ ਦਲਿਤਾਂ ਦਾ ਸਰਵ ਪੱਖੀ ਵਿਕਾਸ ਇਕ ਮਿਸਾਲ ਹੁੰਦਾ I ਪਰ ਦਲਿਤਾਂ ਦੇ ਹੱਕਾਂ ਤੇ ਇਕ ਗਹਿਰੀ ਸਾਜ਼ਿਸ਼ ਤਹਿਤ ਕੁਹਾੜਾ ਚਲਾਇਆ ਗਿਆ ਜਿਸ ਕਾਰਣ ਅੱਜ 25000 ਤੋਂ ਵੱਧ ਦਲਿਤ ਨੌਕਰੀਆਂ ਦਾ ਬੈਕਲੋਗ ਹੈ , ਵਜੀਫਾ ਸਕੀਮ ਨਾ ਮਿਲਣ ਕਾਰਣ ਬੱਚਿਆਂ ਦਾ ਭਵਿੱਖ ਖ਼ਤਰੇ ਚ ਹੈ , ਠੇਕੇ ਤਹਿਤ ਦਿੱਤੀ ਜਾ ਰਹੀ ਨੌਕਰੀ ਕਾਰਣ ਨੌਜਵਾਨਾਂ ਨੂੰ ਰਾਖਵਾਂਕਰਨ ਦਾ ਲਾਭ ਨਹੀਂ ਹੈ, 85 ਵੀ ਸੋਧ ਨੂੰ ਲਾਗੂ ਕਰਨ ਦਾ ਅਮਲ ਲਟਕ ਰਿਹਾ ਹੈ, ਦਲਿਤ ਅਧਿਕਾਰੀ ਤੇ ਕਰਮਚਾਰੀ ਖੁੰਝੇ ਲੱਗੇ ਹਨ ਅਤੇ ਹੋਰ ਅਜਿਹੇ ਕਾਰਨਾਂ ਕਰ ਕੇ ਦਲਿਤ ਔਖੇ ਸਮੇ ਚੋਂ ਲੰਘ ਰਹੇ ਹਨ I ਇਸੇ ਤਰ੍ਹਾਂ ਸਾਬਕਾ ਕੇਂਦਰੀ ਮੰਤਰੀ ਸਰਦਾਰ ਧੰਨਾ ਸਿੰਘ ਗੁਲਸ਼ਨ ਤੇ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਡਾ ਚਰਨਜੀਤ ਸਿੰਘ ਅਟਵਾਲ ਨੂੰ ਦੇਸ਼ ਭਰ ਦੀ ਸਿਆਸੀ ਲੀਡਰਸ਼ਿਪ ਵਲੋਂ ਸਤਿਕਾਰ ਤੇ ਦਲਿਤਾਂ ਵਲੋਂ ਪਿਆਰ ਤਾਂ ਮਿਲਿਆ ਪਰ ਉਹਨਾਂ ਦੀ ਆਪਣੀ ਪਾਰਟੀ ਨੇ ਕਾਬਲੀਅਤ ਦੇ ਬਾਵਜੂਦ ਵੀ ਕਦੇ ਉਹਨਾਂ ਨੂੰ ਮੁਖ ਮੰਤਰੀ ਨਹੀਂ ਬਣਨ ਦਿੱਤਾ ਤੇ ਸਗੋਂ ਉਹਨਾਂ ਦਾ ਦਾਇਰਾ ਸੀਮਤ ਕਰਨ ਦਾ ਹਰ ਯਤਨ ਕੀਤਾI ਮੇਰੇ ਸਤਿਕਾਰਤ ਸਾਥੀ ਸਰਦਾਰ ਸ਼ਮਸ਼ੇਰ ਸਿੰਘ ਦੂਲੋ ਦਾ ਜੋ ਵੀ ਸਿਆਸੀ ਨੁਕਸਾਨ ਹੋਇਆ ਹੈ, ਉਸ ਦਾ ਇਕੋ ਕਾਰਣ ਹੈ ਕਿ ਦਲਿਤਾਂ ਦੇ ਹੱਕ ਦੀ ਗੱਲ ਕਰਦਾ ਹੈ ਤੇ ਦਲਿਤ ਮੁਖ ਮੰਤਰੀ ਬਣਾਉਣ ਦੀ ਵਕਾਲਤ ਕਰਦਾ ਹੈI

ਕਾਰਣ ਸਾਫ ਹੈ ਸਿਆਸੀ ਧਿਰਾਂ ਦਲਿਤਾਂ ਨੂੰ ਸੱਤਾ ਹਾਸਿਲ ਕਰਨ ਦਾ ਜ਼ਰੀਆ ਮੰਨਦੀਆਂ ਹਨ ਤੇ ਮਜ਼ਬੂਰੀ ਵੱਸੋਂ ਉਹਨਾਂ ਨੂੰ ਸੀਮਤ ਸੱਤਾ ਹੀ ਦੇਣਾ ਚਾਹੁੰਦੀਆਂ ਹਨ ਤਾਂ ਜੋ ਉਹ ਉਹਨਾਂ ਨਾਲ ਜੁੜੇ ਰਹਿਣI ਕਾਂਗਰਸ ਨੇ 1999 ਦੇ ਵਿਚ ਚੌਧਰੀ ਜਗਜੀਤ ਸਿੰਘ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਪੇਸ਼ ਕੀਤਾ ਤੇ ਹੁਣ ਆਮ ਆਦਮੀ ਪਾਰਟੀ ਨੇ ਓਹੀ ਕੰਮ ਹਰਪਾਲ ਸਿੰਘ ਚੀਮਾ ਨੂੰ ਦਿੱਤਾ, ਮਕਸਦ ਸਿਰਫ ਸੱਤਾ ਦੀ ਪੌੜੀ ਲਈ ਦਲਿੱਤ ਵੋਟ ਬੈਂਕ ਮਜ਼ਬੂਤ ਕਰਨਾ ਸੀ I ਪਾਰਟੀਆਂ ਅਕਸਰ ਕਹਿੰਦੀਆਂ ਹਨ ਕਿ ਅਸੀਂ ਦਲਿਤ ਆਗੂਆਂ ਨੂੰ ਮੰਚ ਪ੍ਰਦਾਨ ਕਰਕੇ ਆਗੂ ਬਣਾਇਆ ਪਰ ਉਹ ਇਹ ਭੁੱਲ ਜਾਂਦੀਆਂ ਹਨ ਕਿ ਇਨਾ ਆਗੂਆਂ ਨੇ ਆਪਣਾ ਖੂਨ ਤੇ ਪਸੀਨਾ ਦੇ ਕੇ ਪਾਰਟੀ ਨੂੰ ਮਜ਼ਬੂਤ ਕੀਤਾ I

ਅੱਜ ਜਦੋ ਕਿਸਾਨੀ ਅੰਦੋਲਨ ਕਾਰਣ ਹਰ ਪਾਰਟੀ ਡਾਵਾਂਡੋਲ ਹੈ ਅਤੇ ਇਸ ਸ਼ਸ਼ੋਪੰਜ ਵਿਚ ਹੈ ਕਿ ਇਹ ਵੋਟ ਕਿਥੇ ਜਾਵੇਗੀ ਤਾਂ ਸਾਰਿਆਂ ਨੂੰ ਦਲਿਤਾਂ ਦਾ ਵੋਟ ਦਾ ਸਹਾਰਾ ਵਿਖ ਰਿਹਾ ਹੈ I ਕੋਈ ਮੁਖ ਮੰਤਰੀ ਬਣਾਉਣ ਦੀ ਗੱਲ ਕਰ ਰਿਹਾ ਹੈ ਤੇ ਕੋਈ ਉਪ ਮੁਖ ਮੰਤਰੀ, ਪਰ ਪੰਜ ਦਹਾਕੇ ਦੇ ਲੰਮੇ ਆਪਣੇ ਸਿਆਸੀ ਸਫਰ ਵਿਚ ਮੈਂ ਪਹਿਲੀ ਵਾਰ ਇਹ ਵੇਖ ਰਿਹਾ ਹਾਂ ਕਿ ਜੇ ਦਲਿੱਤ ਸੂਝਬੂਝ ਨਾਲ ਕੰਮ ਲੈਣ ਤਾਂ ਇਸ ਵਾਰ ਪੰਜਾਬ ਦਾ ਮੁਖ ਮੰਤਰੀ ਜ਼ਰੂਰ ਦਲਿਤ ਹੋਵੇਗਾ I ਸਾਰੀਆਂ ਪਾਰਟੀਆਂ ਚੋਣਾਂ ਤੋਂ ਪਹਿਲਾ ਆਪੋ ਆਪਣਾ ਪ੍ਰੋਗਰਾਮ ਲੋਕਾਂ ਦੀ ਕਚਿਹਰੀ ਵਿਚ ਰੱਖਣਗੀਆਂ ਤੇ ਪੰਜਾਬ ਦਾ ਦਲਿਤ ਕੇਵਲ ਤੇ ਕੇਵਲ ਉਸੀ ਪਾਰਟੀ ਨੂੰ ਵੋਟ ਦੇਵੇ ਜੋ ਦਲਿਤ ਮੁਖ ਮੰਤਰੀ ਬਣਾਉਣ ਦਾ ਕੌਲ- ਕਰਾਰ ਦੇਵੇ I ਦਲਿਤਾਂ ਦਾ ਸਿਰਫ ਇਕ ਨੁਕਾਤੀ ਏਜੇਂਡਾ ਇਹੀ ਹੋਵੇ ਕੇ ਪੰਜਾਬ ਦਾ 2022 ਚ ਮੁਖ ਮੰਤਰੀ ਦਲਿਤ ਹੀ ਹੋਵੇ ਤੇ ਜੋ ਵੀ ਪਾਰਟੀ ਅਜਿਹਾ ਨਾ ਕਰੇ, ਉਸ ਲਈ ਉਹਨਾਂ ਦੇ ਦਰਵਾਜ਼ੇ ਬੰਦ ਹੋਣ I

ਜੇ ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਵਿਚ ਦਲਿਤ ਮੁਖ ਮੰਤਰੀ ਬਣ ਸਕਦੇ ਹਨ ਤਾਂ ਪੰਜਾਬ ਵਿਚ ਕਿਉਂ ਨਹੀਂI ਲੋੜ ਸਿਰਫ ਇੰਨੀ ਹੈ ਦਲਿਤ ਆਪਣੇ ਇਸ ਹਕ਼ ਲਈ ਲਾਮਬੰਦ ਹੋਣ ਤੇ ਕੇਵਲ ਉਸੇ ਸਿਆਸੀ ਧਿਰ ਦੀ ਮਦਦ ਕਰਨ ਜੋ ਉਹਨਾਂ ਦਾ ਪੰਜਾਬ ਵਿਚ ਮੁਖ ਮੰਤਰੀ ਬਣਾਉਣ ਦੀ ਗੱਲ ਕਰੇ I ਮੁਫ਼ਤ ਆਟਾ-ਦਾਲ, ਪੈਨਸ਼ਨਾ , ਵਜੀਫੇ ਤੇ ਹੋਰ ਦੇਣਾ ਹਰ ਸਰਕਾਰ ਦਾ ਨੈਤਿਕ ਫਰਜ਼ ਹੈ ਹੁਣ ਪੰਜਾਬ ਦੇ ਦਲਿਤ ਉਸ ਤੋਂ ਅਗਾਂਹ ਦੀ ਗੱਲ ਕਰ ਕੇ ਸਾਰੀਆਂ ਸਿਆਸੀ ਧਿਰਾਂ ਤੋਂ ਆਪਣਾ ਹਕ਼ ਮੰਗਣ I ਜਮਹੂਰੀਅਤ ਦੇ ਵਿਚ ਆਗੂ ‘ਮਾਵਾਂ ਦੀ ਕੁੱਖ ਚੋਂ ਨਹੀਂ ਬਲਕਿ ਲੋਕਾਂ ਦੀਆਂ ਵੋਟਾਂ ਨਾਲ ਬਣਦੇ ਹਨ’, ਹੁਣ ਸਮਾਂ ਹੈ ਕਿ ਸਾਰਾ ਸਮਾਜ ਆਪਣੀ ਵੋਟ ਦੀ ਕੀਮਤ ਪਹਿਚਾਣੇ ਤਾਂ ਜੋ 2022 ਵਿਚ ਜੋ ਵੀ ਪਾਰਟੀ ਸੱਤਾ ਤੇ ਕਾਬਜ਼ ਹੋਵੇ ਉਹ ਸਾਨੂੰ ਸਾਡਾ ਹੱਕ ਦੇਵੇ I ਇਹੀ ਸਾਡੇ ਸਾਰਿਆਂ ਵਲੋਂ ਸਾਡੇ ਇਸ਼ਟ ਬਾਬਾ ਸਾਹਿਬ ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।

(ਲੇਖਕ ਸਾਬਕਾ ਕੈਬਿਨੇਟ ਮੰਤਰੀ ਹੈ)

Leave a Reply

Your email address will not be published. Required fields are marked *

error: Content is protected !!