ਸਰਕਾਰੀ ਗ੍ਰਾਂਟਾਂ ਦੀ ਹੋ ਰਹੀ ਦੁਰਵਰਤੋਂ; ਸਾਬਕਾ ਵਿਧਾਇਕ ਕੇਡੀ ਭੰਡਾਰੀ ਦੀ ਸ਼ਿਕਾਇਤ ‘ਤੇ ਕੌਂਸਲਰ ਕਾਲੀਆ ਤੇ ਉਸ ਦੇ ਪਰਿਵਾਰ ਸਣੇ 18 ਲੋਕ ਨਾਮਜ਼ਦ

ਸਰਕਾਰੀ ਗ੍ਰਾਂਟਾਂ ਦੀ ਹੋ ਰਹੀ ਦੁਰਵਰਤੋਂ; ਸਾਬਕਾ ਵਿਧਾਇਕ ਕੇਡੀ ਭੰਡਾਰੀ ਦੀ ਸ਼ਿਕਾਇਤ ‘ਤੇ ਕੌਂਸਲਰ ਕਾਲੀਆ ਤੇ ਉਸ ਦੇ ਪਰਿਵਾਰ ਸਣੇ 18 ਲੋਕ ਨਾਮਜ਼ਦ

 

ਜਲੰਧਰ (ਵੀਓਪੀ ਬਿਊਰੋ) ਸਰਕਾਰੀ ਗ੍ਰਾਂਟਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿਚ ਪੁਲਿਸ ਨੇ ਕੌਂਸਲਰ ਸੁਸ਼ੀਲ ਕਾਲੀਆ ਤੇ ਉਸ ਦੇ ਪਰਿਵਾਰਕ ਮੈਂਬਰਾਂ ਸਮੇਤ ਕੁੱਲ 18 ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਰਥ ਇਲਾਕੇ ਦੀਆਂ 2 ਸੁਸਾਇਟੀਆਂ ਸਬੰਧੀ ਇਹ ਮਾਮਲਾ ਚਰਚਾ ਦਾ ਵਿਸ਼ਾ ਹੈ ਅਤੇ ਇਸ ਸਬੰਧੀ ਸਾਬਕਾ ਵਿਧਾਇਕ ਕੇਡੀ ਭੰਡਾਰੀ ਤੇ ਭਾਜਪਾ ਨੇਤਾ ਕੁਲਵਿੰਦਰ ਸਿੰਘ ਜੌਲੀ ਬੇਦੀ ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ ਕਥਿਤ ਮੁਲਜ਼ਮਾਂ ਖਿਲਾਫ ਥਾਣਾ -8 ਵਿਚ ਮਾਮਲਾ ਦਰਜ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਕੇਡੀ ਭੰਡਾਰੀ ਤੇ ਕੁਲਵਿੰਦਰ ਸਿੰਘ ਨੇ ਇਹ ਸ਼ਿਕਾਇਤ ਕੁੱਲ 6 ਸੁਸਾਇਟੀਆਂ ਦੇ ਖਿਲਾਫ ਕੀਤੀ ਸੀ ਪਰ ਸ਼ਿਕਾਇਤ ਮਿਲਣ ਤੋਂ ਬਾਅਦ ਡੀਸੀ ਨੇ ਉਕਤ ਮਾਮਲੇ ਸਬੰਧੀ ਜਾਂਚ ਏਡੀਸੀ ਵਰਿੰਦਰਪਾਲ ਸਿੰਘ ਬਾਜਵਾ ਨੂੰ ਸੌਂਪੀ ਅਤੇ ਉਹਨਾਂ ਨੇ ਇਸ ਮਾਮਲੇ ਦੀ ਜਾਂਚ ਪੂਰੀ ਕਰਨ ਤੋਂ ਬਾਅਦ ਇਸ ਦੀ ਫਾਈਲ ਡੀਸੀ ਜਸਪ੍ਰੀਤ ਸਿੰਘ ਨੂੰ ਸੌਂਪੀ। ਇਸ ਤੋਂ ਬਾਅਦ ਡੀਸੀ ਜਸਪ੍ਰੀਤ ਸਿੰਘ ਨੇ ਉਕਤ ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਨਾਲ ਗੱਲ ਕਰ ਕੇ ਇਕ ਅਗਸਤ ਨੂੰ ਇਹਨਾਂ ਸੁਸਾਇਟੀਆਂ ਖਿਲਾਫ ਕਾਰਵਾਈ ਲਈ ਕਿਹਾ ਅਤੇ ਇਸ ਤੋਂ ਬਾਅਦ ਥਾਣਾ-8 ਦੀ ਪੁਲਿਸ ਨੇ ਉਕਤ ਮਾਮਲੇ ਸਬੰਧੀ ਕੌਂਸਲਰ ਸੁਸ਼ੀਲ ਕਾਲੀਆ ਤੇ ਉਸ ਦੇ ਪਰਿਵਾਰਕ ਮੈਂਬਰਾਂ ਸਣੇ ਕੁੱਲ 18 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ 6 ਵਿੱਚੋਂ 2 ਖਿਲਾਫ ਕਾਰਵਾਈ ਹੋ ਗਈ ਹੈ ਅਤੇ ਬਾਕੀ 4 ਸੁਸਾਇਟੀਆਂ ਖਿਲਾਫ ਜਾਂਚ ਚੱਲ ਰਹੀ ਹੈ।

ਆਮ ਆਦਮੀ ਪਾਰਟੀ ਦੇ ਨੇਤਾ ਦਿਨੇਸ਼ ਢੱਲ ਨੇ ਕਿਹਾ ਕਿ ਸਰਕਾਰ ਦੇ ਪ੍ਰਸ਼ਾਸਨ ਦੀ ਗੰਭੀਰਤਾ ਕਾਰਨ ਹੀ ਇਹ ਮਾਮਲਾ ਦਰਜ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ ਵਿਧਾਇਕ ਬਾਵਾ ਹੈਨਰੀ ਨੇ ਉਕਤ 6 ਸੁਸਾਇਟੀਆਂ ਨੂੰ 10-10 ਲੱਖ ਰੁਪਏ ਦਿੱਤੇ ਸਨ। ਇਹ ਪੈਸੇ ਇਹਨਾਂ ਇਲਾਕਿਆਂ ਵਿਚ ਕਮਿਊਨਿਟੀ ਹਾਲ ਬਣਾਉਣ ਲਈ ਦਿੱਤੇ ਗਏ ਸਨ ਪਰ ਇਹਨਾਂ ਇਲਾਕਿਆਂ ਵਿੱਚ ਕਮਿਊਨਿਟੀ ਹਾਲ ਬਣੇ ਹੀ ਨਹੀਂ। ਉਕਤ ਮੁਲਜ਼ਮਾਂ ਨੇ ਇਹ ਰਾਸ਼ੀ ਆਪਣੇ ਰਿਸ਼ਤੇਦਾਰਾਂ ਦੇ ਖਾਤਿਆਂ ਵਿਚ ਟਰਾਂਸਫਰ ਕਰ ਕੇ ਗਬਨ ਕੀਤਾ ਹੈ। ਇਸ ਮਾਮਲੇ ਸਬੰਧੀ ਹੀ ਮਾਮਲਾ ਦਰਜ ਕਰ ਕੀਤਾ ਗਿਆ ਹੈ। ਇਸੇ ਮਾਮਲੇ ਸਬੰਧੀ ਸਾਬਕਾ ਵਿਧਾਇਕ ਤੇ ਭਾਜਪਾ ਨੇਤਾ ਕੇਡੀ ਭੰਡਾਰੀ ਨੇ ਕਿਹਾ ਕਿ ਉਹਨਾਂ ਨੇ ਇਸ ਮਾਮਲੇ ਸਬੰਧੀ ਆਰਟੀਆਈ ਪਾਈ ਸੀ ਅਤੇ ਉਸ ਕਾਰਨ ਹੀ ਇਹ ਪੂਰਾ ਸੱਚ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਆਰਟੀਆਈ ਦੀ ਜਾਂਚ ਚ ਖੁਲਾਸਾ ਹੋਵੇਗਾ ਕਿ ਜਨਤਾ ਦੇ ਪੈਸੇ ਦਾ ਚੋਣਾਂ ਵਿਚ ਕਿਸ ਤਰਹਾਂ ਨਾਲ ਦੁਰਵਰਤੋਂ ਹੋਈ ਹੈ। ਉਹਨਾਂ ਨੇ ਦੋਸ਼ ਲਾਇਆ ਕਿ ਕਾਂਗਰਸੀ ਵਿਧਾਇਕ ਨੇ ਸਰਕਾਰੀ ਪੈਸੇ ਦੇ ਨਾਲ ਚੋਣ ਲੜੀ ਹੈ।

error: Content is protected !!