ਰਾਮ ਲੀਲ੍ਹਾ ਦੌਰਾਨ ਕਲਾਕਾਰਾਂ ਨੇ ਲੰਘੀ ਧਾਰਮਿਕ ਮਰਿਆਦਾ, ਪਿਆ ਪਰਚਾ

ਰਾਮ ਲੀਲ੍ਹਾ ਦੌਰਾਨ ਕਲਾਕਾਰਾਂ ਨੇ ਲੰਘੀ ਧਾਰਮਿਕ ਮਰਿਆਦਾ, ਪਿਆ ਪਰਚਾ


ਅੰਮ੍ਰਿਤਸਰ (ਵੀਓਪੀ ਬਿਊਰੋ): ਦੁਸਹਿਰਾ ਦੇ ਤਿਉਹਾਰ ਤੋਂ ਪਹਿਲਾਂ ਹੁੰਦੀ ਰਾਮ ਲੀਲ੍ਹਾ ਦੌਰਾਨ ਕਈ ਵਾਰ ਧਾਰਮਿਕ ਮਰਿਆਦਾ ਦੀ ਉਲੰਘਣਾ ਹੁੰਦੀ ਵੇਖੀ ਜਾਂਦੀ ਰਹੀ ਪਰ ਇਸ ਵਾਰ ਸ਼ਿਵ ਸੈਨਾ ਨੇ ਇਸ ਖ਼ਿਲਾਫ਼ ਸਖ਼ਤੀ ਵਿਖਾਈ ਹੈ।ਅੰਮ੍ਰਿਤਸਰ ਵਿਖੇ ਰਾਮ ਲੀਲ੍ਹਾ ਦੇ ਮੰਚਨ ਦੌਰਾਨ ਕਲਾਕਾਰ ਧਾਰਮਿਕ ਮਰਿਆਦਾ ਦੀ ਉਲੰਘਣਾ ਕਰਦੇ ਦਿਸੇ। ਬਟਾਲਾ ਰੋਡ ’ਤੇ ਸਥਿਤ ਕਸਬਾ ਵੇਰਕਾ ਵਿਚ ਰਾਮ ਲੀਲ੍ਹਾ ਦੀ ਸਟੇਜ ’ਤੇ ਕਲਾਕਾਰਾਂ ਵੱਲੋਂ ਸ਼ਰਾਬ ਦੇ ਗੀਤ ਗਾਏ ਗਏ। ਹੱਥਾਂ ਵਿੱਚ ਸ਼ਰਾਬ ਦੀਆਂ ਬੋਤਲਾਂ ਫੜ ਕੇ ਡਾਂਸ ਕੀਤਾ ਗਿਆ। ਇਸ ਦਾ ਸ਼ਿਵ ਸੈਨਾ ਨੇ ਪੂਰਨ ਵਿਰੋਧ ਕੀਤਾ ਤੇ ਥਾਣਾ ਵੇਰਕਾ ਦੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ ਕਰਵਾਇਆ। ਇਸ ਪੂਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।


ਸ਼ਿਵ ਸੈਨਾ ਟਕਸਾਲੀ ਦੇ ਆਗੂ ਪੰਕਜ ਦਾਵੇਸਰ ਨੇ ਪਹਿਲਾਂ ਹੀ ਵੱਖ-ਵੱਖ ਹਿੰਦੂ ਸੰਗਠਨਾਂ ਅਤੇ ਰਾਮਲੀਲਾ ਦੇ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਰਾਮਲੀਲਾ ਦੇ ਮੰਚ ‘ਤੇ ਕੋਈ ਵੀ ਫਿਲਮੀ ਗੀਤ ਨਾ ਲਾਇਆ ਜਾਵੇ। ਨਾ ਹੀ ਰਾਮਲੀਲਾ ਦਾ ਮੰਚਨ ਕਰਨ ਵਾਲੇ ਕਲਾਕਾਰ ਇਨ੍ਹਾਂ ਗੀਤਾਂ ‘ਤੇ ਨੱਚਣ।


ਉਸ ਨੇ ਦੱਸਿਆ ਕਿ ਉਹ ਆਪਣੇ ਸਾਥੀ ਕੌਸ਼ਲ ਸ਼ਰਮਾ ਵਾਸੀ ਨਮਕ ਮੰਡੀ ਨਾਲ ਵੇਰਕਾ ਤੋਂ ਲੰਘ ਰਿਹਾ ਸੀ। ਉੱਥੇ ਰਾਮਲੀਲਾ ਚੱਲ ਰਹੀ ਸੀ। ਇਸ ਦੌਰਾਨ ਉਥੇ ਫਿਲਮ ਦਾ ਗੀਤ ਦੋ ਘੁਟ ਪਿਲਾ ਦੇ ਸਾਥੀਆ ਲਾ ਦਿੱਤਾ ਗਿਆ ਤੇ ਇਸ ਉਤੇ ਕਲਾਕਾਰ ਹੱਥਾਂ ਵਿੱਚ ਸ਼ਰਾਬ ਦੀਆਂ ਬੋਤਲਾਂ ਫੜ ਕੇ ਨੱਚਣ ਲੱਗੇ।ਉਹ ਇਹ ਸ਼ਰਾਬ ਸਾਹਮਣੇ ਬੈਠੇ ਦਰਸ਼ਕਾਂ ਵੱਲ ਸੁੱਟ ਰਹੇ ਸਨ। ਸ਼ਿਵ ਸੈਨਾ ਦੀ ਸ਼ਿਕਾਇਤ ਉਤੇ ਪੁਲਿਸ ਵੱਲੋਂ  ਜਸਵਿੰਦਰ ਭੱਲਾ, ਸੁਨੀਲ ਅੱਤਰੀ, ਬੱਲੂ ਅੱਤਰੀ, ਸ਼ੀਲਾ, ਰਿਪੁਲ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

error: Content is protected !!