ਪੇਂਡੂ ਮਜ਼ਦੂਰ ਯੂਨੀਅਨ 1 ਜਨਵਰੀ ਨੂੰ ਪੀਏਪੀ ਚੌਕ ‘ਤੇ ਕਰੇਗਾ ਹਾਈਵੇ ਜਾਮ, ਪੜ੍ਹੋ ਕਿਉਂ

ਪੇਂਡੂ ਮਜ਼ਦੂਰ ਯੂਨੀਅਨ 1 ਜਨਵਰੀ ਨੂੰ ਪੀਏਪੀ ਚੌਕ ‘ਤੇ ਕਰੇਗਾ ਹਾਈਵੇ ਜਾਮ, ਪੜ੍ਹੋ ਕਿਉਂ

ਜਲੰਧਰ (ਸੁਰਖ਼ਾਬ ਸਿੰਘ) ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ 1 ਜਨਵਰੀ ਨੂੰ ਪੀਏਪੀ ਚੌਕ ਵਿਖੇ ਲਤੀਫ਼ਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਦੀ ਅਗਵਾਈ ਹੇਠ ਕੀਤੇ ਜਾ ਰਹੇ ਹਾਈਵੇ ਜਾਮ ਵਿੱਚ ਸ਼ਾਮਲ ਹੋਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਜਾਮ ਵਿੱਚ ਪੰਜਾਬ ਭਰ ਚੋਂ ਪੇਂਡੂ ਮਜ਼ਦੂਰ ਸ਼ਮੂਲੀਅਤ ਕਰਨਗੇ।

ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ,ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਪੋਹ ਦੇ ਠਰੂ ਠਰੂ ਕਰਦੇ ਦਿਨਾਂ ਵਿੱਚ ਖੁੱਲ੍ਹੇ ਅਸਮਾਨ ਹੇਠ ਉਜਾੜੇ ਲੋਕ ਬੈਠੇ ਹਨ ਅਤੇ ਨਿਰਦੇਈ ਭਗਵੰਤ ਸਿੰਘ ਮਾਨ ਟੱਸ ਤੋਂ ਮੱਸ ਨਹੀਂ ਹੋ ਰਹੀ। ਉੱਪਰੋਂ ਮੀਂਹ ਦੀ ਕਿਣ ਮਿਣ ਵੀ ਪੂਰਾ ਇਮਤਿਹਾਨ ਲੈ ਰਹੀ ਹੈ। ਬਦਲਾਅ ਦਾ ਨਾਹਰਾ ਦੇਣ ਵਾਲੀ ਸਰਕਾਰ ਲਤੀਫ਼ਪੁਰਾ ਦੇ ਪਰਿਵਾਰਾਂ ਨੂੰ ਪੱਕੇ ਮਾਲਕੀ ਹੱਕ ਦੇ ਕੇ ਹਕੀਕੀ ਬਦਲਾਅ ਕਰਕੇ ਵਿਖਾਉਣਾ ਬਣਦਾ ਸੀ। ਉਨ੍ਹਾਂ ਕਿਹਾ ਕਿ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ 9 ਦਸੰਬਰ 2022 ਨੂੰ ਲਤੀਫ਼ਪੁਰਾ ਦੇ ਘਰਾਂ ਉੱਪਰ ਬੁਲਡੋਜ਼ਰ ਚਲਾ ਕੇ 47 ਚ ਪਾਕਿਸਤਾਨ ਤੋਂ ਉਜੜ ਕੇ ਆਇਆ ਨੂੰ ਮੁੜ ਉਜਾੜ ਦਿੱਤਾ ਗਿਆ। ਜਿਸ ਕਾਰਨ ਲੋਕਾਂ ਦੇ ਮਨਾਂ ਵਿੱਚ ਭਗਵੰਤ ਮਾਨ ਸਰਕਾਰ ਖਿਲਾਫ਼ ਡਾਢਾ ਰੋਸ ਪਾਇਆ ਜਾ ਰਿਹਾ ਹੈ। ਯੂਨੀਅਨ ਵੱਲੋਂ ਉਜਾੜੇ ਲੋਕਾਂ ਨੂੰ ਮੁੜ ਉਸ ਜਗ੍ਹਾ ਲਤੀਫ਼ ਪੁਰਾ ਵਿਖੇ ਵਸਾਉਣ,ਪੀੜਤ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਅਤੇ ਡੀਸੀਪੀ ਤੇਜਾ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ।

ਯੂਨੀਅਨ ਨੇ ਪੀੜਤ ਲੋਕਾਂ ਨਾਲ ਇੱਕਮੁੱਠਤਾ ਪ੍ਰਗਟ ਕਰਨ ਲਈ ਵੱਧ ਚੜ੍ਹ ਕੇ 1 ਜਨਵਰੀ ਦੇ ਹਾਈਵੇ ਜਾਮ ਪ੍ਰਦਰਸ਼ਨ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।

ਅੱਜ ਪਿੰਡ ਘੁੱਗ ਸ਼ੋਰ ਵਿਖੇ ਗ੍ਰਾਮ ਸਭਾ ਦੇ ਹੋਏ ਅਜਲਾਸ ਮੌਕੇ ਲਤੀਫ਼ਪੁਰਾ ਦੇ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ 1 ਜਨਵਰੀ ਦੇ ਪੀਏਪੀ ਚੌਕ ਵਿਖੇ ਹਾਈਵੇ ਜਾਮ ਵਿੱਚ ਸ਼ਿਰਕਤ ਕਰਨ ਦਾ ਲੋਕਾਂ ਵਲੋਂ ਐਲਾਨ ਕੀਤਾ ਗਿਆ।

error: Content is protected !!