ਮੇਗਾ ਦਾਖਲੇ ਲਈ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਿਨ

ਫ਼ਿਰੋਜ਼ਪੁਰ (ਜਤਿੰਦਰ ਪਿੰਕਲ) ਸਰਕਾਰੀ ਹਾਈ ਸਕੂਲ, ਦੁਲਚੀ ਕੇ ਬਲਾਕ ਫ਼ਿਰੋਜ਼ਪੁਰ ਤਿੰਨ ਵਿਖੇ ਪੰਜਾਬ ਸਰਕਾਰ ਦੇ ਮੈਗਾ ਦਾਖਲਾ ਮੁਹਿੰਮ ਤਹਿਤ ਵਿਸ਼ਾਲ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਕਵਲਜੀਤ ਸਿੰਘ ਧੰਜੂ,ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ,ਓਹਨਾਂ ਦੇ ਨਾਲ ਬਲਾਕ ਨੋਡਲ ਅਫ਼ਸਰ ਡਾਕਟਰ ਸਤਿੰਦਰ ਸਿੰਘ ਜੀ ਨੈਸ਼ਨਲ ਐਵਾਰਡੀ ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਦਾਖਲਾ ਮੁਹਿੰਮ ਬੈਨਰ ਅਤੇ ਪੈਂਫਲਿਟ ਫੜ ਕੇ ਕੀਤਾ, ਜਿਸ ਨੂੰ ਹਰੀ ਝੰਡੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦਿੱਤੀ। ਇਸ ਉਪਰੰਤ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਅਤੇ ਨਾਲ ਹੀ ਲਾਇਬਰੇਰੀ ਲੰਗਰ (ਕਿਤਾਬਾਂ ਦਾ ਲੰਗਰ) ਲਗਾਇਆ ਗਿਆ।

ਰਮਿੰਦਰ ਕੌਰ ਮੁੱਖ ਅਧਿਆਪਕਾ ਨੇ ਰਸਮੀ ਤੌਰ ਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ । ਸਕੂਲ ਵਿੱਚ 2019 ਤੋਂ ਹੁਣ ਤੱਕ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧੇ ਬਾਰੇ ਦੱਸਦਿਆਂ ਮੈਡਮ ਰਮਿੰਦਰ ਕੌਰ ਨੇ ਦੱਸਿਆ ਕਿ ਇਸ ਸਾਲ ਵਿਦਿਆਰਥੀਆਂ ਦੀ ਗਿਣਤੀ 322 ਤੋਂ 370 ਤੱਕ ਹੋਣ ਦੀ ਸੰਭਾਵਨਾ ਹੈ।
ਡਾਕਟਰ ਸਤਿੰਦਰ ਸਿੰਘ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਕੂਲ ਸਟਾਫ ਦੇ ਮਿਹਨਤੀ ਹੋਣ ਬਾਰੇ ਦੱਸਿਆ।ਪਿਛਲੇ ਤਿੰਨ ਸਾਲਾਂ ਵਿੱਚ ਵੱਡੇ ਪੱਧਰ ਤੇ ਆਏ ਬਦਲਾਅ ਦੀ ਭਰਪੂਰ ਸ਼ਲਾਘਾ ਕਰਦਿਆਂ ਡਾਕਟਰ ਸਾਹਿਬ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੰਜਿਲ ਵੱਲ ਵਧਣ ਲਈ ਹੋਰ ਉਤਸ਼ਾਹਿਤ ਕੀਤਾ।

