ਸੰਦੀਪ ਨੰਗਲ ਅੰਬੀਆਂ ਦੀ ਪਤਨੀ ਦਾ ਆਰੋਪ, ਉਸ ਦੇ ਪਤੀ ਦੇ ਕਾਤਲ ਬਹੁਤ ਤਾਕਤਵਰ ਅਤੇ ਗਵਾਹਾਂ ਨੂੰ ਦਿੱਤੀ ਜਾਏ ਸੁਰੱਖਿਆ
ਸੰਦੀਪ ਦੀ ਵਿਧਵਾ ਨੇ ਪੁਲਿਸ ਦੀ ਕਾਰਵਾਈ ‘ਤੇ ਵੀ ਖੜ੍ਹੇ ਕੀਤੇ ਸਵਾਲ
ਚੰਡੀਗੜ੍ਹ (ਵੀਓਪੀ ਬਿਊਰੋ) ਜਲੰਧਰ ਦੇ ਪਿੰਡ ਮੱਲੀਆਂ ਵਿਖੇ ਕਬੱਡੀ ਮੇਲੇ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਸੰਦੀਪ ਸਿੰਘ ਉਰਫ ਨੰਗਲ ਅੰਬੀਆਂ ਦੀ ਕੁਝ ਵਿਅਕਤੀਆਂ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਕੇਸ ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ, ਉਨ੍ਹਾਂ ਨੂੰ ਪੁਲਸ ਵੱਲੋਂ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਜਿਸ ’ਤੇ ਸੰਦੀਪ ਦੀ ਵਿਧਵਾ ਰੁਪਿੰਦਰ ਕੌਰ ਸੰਧੂ ਨੇ ਪੁਲਸ ਦੀ ਕਾਰਵਾਈ ’ਤੇ ਸਵਾਲ ਉਠਾਏ ਹਨ।

ਯੂਕੇ ਤੋਂ ਇਨਸਾਫ਼ ਦੀ ਗੁਹਾਰ ਲਾਉਣ ਆਈ ਰੁਪਿੰਦਰ ਕੌਰ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਤਲ ਦੇ ਸਾਜ਼ਿਸ਼ਕਾਰ ਸ਼ਰੇਆਮ ਘੁੰਮ ਰਹੇ ਹਨ ਪਰ ਪੁਲਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਉਸ ਨੇ ਕਿਹਾ ਕਿ ਉਹ ਪੰਜਾਬ ਦੇ ਪੁਲਸ ਪਰਮੁੱਖ ਨੂੰ ਕਈ ਪੱਤਰ ਲਿਖ ਕੇ ਇਨਸਾਫ਼ ਦੀ ਮੰਗ ਕਰ ਚੁੱਕੀ ਹੈ, ਇੱਥੋਂ ਤੱਕ ਕਿ ਮੁਲਜ਼ਮਾਂ ਦਾ ਪਤਾ ਵੀ ਦੱਸ ਚੁੱਕੀ ਹੈ ਪਰ ਹਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਰੁਪਿੰਦਰ ਕੌਰ ਨੇ ਸੰਦੀਪ ਦੇ ਕਤਲ ਦੇ ਗਵਾਹਾਂ ਦੀ ਜਾਨ ਨੂੰ ਵੀ ਖਤਰਾ ਜ਼ਾਹਰ ਕੀਤਾ ਹੈ ਅਤੇ ਉਨ੍ਹਾਂ ਸਾਰੇ ਗਵਾਹਾਂ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ, ਜਿਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।

ਸੰਦੀਪ ਦੀ ਕਬੱਡੀ ਟੀਮ ਦੇ ਕਪਤਾਨ ਅਤੇ ਲੀਗ ਕਬੱਡੀ ਫੈਡਰੇਸ਼ਨ ਦੇ ਮੈਂਬਰ ਸੁਲਤਾਨ ਸਿੰਘ ਨੇ ਫੇਸਬੁੱਕ ’ਤੇ ਕਬੱਡੀ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਵਿੱਚ ਹੋ ਰਹੇ ਘੁਟਾਲਿਆਂ ਅਤੇ ਕਬੱਡੀ ਦੀ ਆੜ ਵਿੱਚ ਚੱਲ ਰਹੇ ਗੋਰਖ ਧੰਦੇ ਦਾ ਖੁਲਾਸਾ ਕਰਦਿਆਂ ਕਬੱਡੀ ਨੂੰ ਸਾਫ਼-ਸੁਥਰਾ ਬਣਾਉਣ ਵਿੱਚ ਸਹਿਯੋਗ ਮੰਗਿਆ, ਜਿਸ ਤੋਂ ਬਾਅਦ ਸੁਲਤਾਨ ਨੂੰ ਧਮਕੀ ਵੀ ਦਿੱਤੀ ਸੀ ਕਿ ਉਸ ਨੇ ਹੀ ਸੰਦੀਪ ਨੂੰ ਮਾਰਿਆ ਹੈ ਅਤੇ ਜੇਕਰ ਭਵਿੱਖ ‘ਚ ਕਿਸੇ ਨੇ ਉਸ ਦੇ ਕੰਮ ਜਾਂ ਫੈਡਰੇਸ਼ਨ ‘ਚ ਦਖਲਅੰਦਾਜ਼ੀ ਕੀਤੀ ਤਾਂ ਉਸ ਦਾ ਵੀ ਇਹੀ ਹਾਲ ਸੰਦੀਪ ਨਾਲ ਹੋਇਆ ਸੀ। ਰੁਪਿੰਦਰ ਕੌਰ ਵੱਲੋਂ ਉਕਤ ਫੇਸਬੁੱਕ ਦਾ ਸਕਰੀਨ ਸ਼ਾਟ ਵੀ ਪੁਲਸ ਮੁਖੀ ਨੂੰ ਸ਼ਿਕਾਇਤ ਦੇ ਕੇ ਭੇਜਿਆ ਗਿਆ ਸੀ, ਪਰ ਕੁਝ ਨਹੀਂ ਹੋਇਆ।

