ਪ੍ਰਾਈਵੇਟ ਪਾਰਟਸ ਵਿਚ ਲੁਕਾ ਲਿਆਏ ਸਾਢੇ 6 ਕਿਲੋ ਸੋਨਾ, ਤਸਕਰਾਂ ਦੀ ਕੀਤੀ ਪਲਾਨਿੰਗ ਰਹਿ ਗਈ ਧਰੀ-ਧਰਾਈ, ਕਸਟਮ ਅਧਿਕਾਰੀਆਂ ਅੱਗੇ ਇਕ ਨਾ ਚੱਲੀ

ਪ੍ਰਾਈਵੇਟ ਪਾਰਟਸ ਵਿਚ ਲੁਕਾ ਲਿਆਏ ਸਾਢੇ 6 ਕਿਲੋ ਸੋਨਾ, ਤਸਕਰਾਂ ਦੀ ਕੀਤੀ ਪਲਾਨਿੰਗ ਰਹਿ ਗਈ ਧਰੀ-ਧਰਾਈ, ਕਸਟਮ ਅਧਿਕਾਰੀਆਂ ਅੱਗੇ ਇਕ ਨਾ ਚੱਲੀ

ਵੀਓਪੀ ਬਿਊਰੋ, ਨਵੀਂ ਦਿੱਲੀ : ਅੱਜ ਦਿੱਲੀ ਏਅਰ ਪੋਰਟ ‘ਤੇ 3 ਤਸਕਰ ਆਪਣੇ ਪ੍ਰਾਈਵੇਟ ਪਾਰਟ ਵਿਚ ਕਰੋੜਾਂ ਰੁਪਏ ਦਾ ਸੋਨਾ ਲੁਕਾ ਕੇ ਲੈ ਆਏ। ਦੁਬਈ ਤੋਂ ਤਾਂ ਉਹ ਸੋਨਾ ਲੈ ਆਏ ਪਰ ਇੱਥੇ ਹਵਾਈ ਅੱਡੇ ‘ਤੇ ਕਸਟਮ ਅਧਿਕਾਰੀਆਂ ਕੋਲ ਆ ਫਸੇ। ਕਸਟਮ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਕਿ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ‘ਤੇ ਤਿੰਨ ਕਰੋੜ ਰੁਪਏ ਤੋਂ ਵੱਧ ਕੀਮਤ ਦੇ ਸੋਨੇ ਨੂੰ ਆਪਣੇ ਪ੍ਰਾਈਵੇਟ ਪਾਰਟ ਵਿਚ ਲੁਕੋ ਕੇ ਉਸ ਦੀ ਕਥਿਤ ਤਸਕਰੀ ਕਰਨ ਦਾ ਦੋਸ਼ ਹੈ।

ਉਨ੍ਹਾਂ ਦੱਸਿਆ ਕਿ ਤਸਕਰਾਂ ਤੋਂ ਸਾਢੇ 6 ਕਿੱਲੋ ਸੋਨਾ ਜ਼ਬਤ ਕੀਤਾ ਗਿਆ ਹੈ ਜਿਸ ਦੀ ਕੀਮਤ ਤਕਰੀਬਨ 3.28 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਮੰਗਲਵਾਰ ਸਵੇਰੇ ਦੁਬਈ ਤੋਂ ਪਰਤਣ ਤੋਂ ਬਾਅਦ ਜਾਂਚ ਕੀਤੀ ਗਈ ਜੋ ਵੱਖ-ਵੱਖ ਉਡਾਣਾਂ ਰਾਹੀਂ ਇੱਥੇ ਆਏ ਸਨ। ਉਨ੍ਹਾਂ ਕਿਹਾ ਕਿ ਤਿੰਨਾਂ ਨੇ 3.28 ਕਰੋੜ ਰੁਪਏ ਕੀਮਤ ਦੇ ਸੋਨੇ ਦੀ ਪੇਸਟ ਬਣਾ ਕੇ ਆਪਣੇ ਪ੍ਰਾਈਵੇਟ ਪਾਰਟਸ ਵਿਚ ਲੁਕੋ ਰੱਖਿਆ ਸੀ।


ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਇੱਥੇ ਕੰਮ ਕਰਦੇ ਇਕ ਸਫਾਈ ਕਰਮਚਾਰੀ ਨਾਲ ਮਿਲੀਭੁਗਤ ਕੀਤੀ ਹੋਈ ਸੀ। ਦਿੱਲੀ ਪਹੁੰਚਣ ‘ਤੇ ਦੋ ਤਸਕਰਾਂ ਨੇ ਆਪਣੇ ਸਰੀਰ ਵਿਚੋਂ ਸੋਨਾ ਕੱਢ ਕੇ ਹਵਾਈ ਅੱਡੇ ਦੀ ਆਗਮਨ ਵਾਲੀ ਜਗ੍ਹਾ ‘ਤੇ ਬਣੇ ਪਖ਼ਾਨੇ ਦੇ ਟੈਂਕ ਵਿਚ ਲੁਕਾ ਦਿੱਤਾ। ਤੀਜੇ ਯਾਤਰੀ ਨੇ ਵਿਮਾਨ ਦੇ ਪਖ਼ਾਨੇ ਵਿਚ ਸੋਨਾ ਲੁਕਾ ਦਿੱਤਾ ਸੀ ਜਿਸ ਨੂੰ ਸਫ਼ਾਈ ਦਲ ਦੇ ਇਕ ਮੁਲਾਜ਼ਮ ਨੇ ਚੁੱਕਣਾ ਸੀ। ਅਧਿਕਾਰੀ ਨੇ ਕਿਹਾ ਕਿ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

error: Content is protected !!