ਦੁੱਧ ਦੇ 400 ਰੁਪਏ ਮੰਗਣ ‘ਤੇ ਚੱਲਣ ਲੱਗ ਪਈਆਂ ਗੋਲੀਆਂ, 3 ਲੋਕਾਂ ਦੀ ਹੋ ਗਈ ਮੌਤ

ਦੁੱਧ ਦੇ 400 ਰੁਪਏ ਮੰਗਣ ‘ਤੇ ਚੱਲਣ ਲੱਗ ਪਈਆਂ ਗੋਲੀਆਂ, 3 ਲੋਕਾਂ ਦੀ ਹੋ ਗਈ ਮੌਤ

ਪਟਨਾ (ਵੀਓਪੀ ਬਿਊਰੋ): ਬਿਹਾਰ ਦੀ ਰਾਜਧਾਨੀ ਪਟਨਾ ਦੇ ਫਤੂਹਾ ਥਾਣਾ ਖੇਤਰ ਵਿੱਚ ਦੋ ਧਿਰਾਂ ਵਿਚਾਲੇ ਹੋਈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਪਿੰਡ ‘ਚ ਤਣਾਅ ਹੈ। ਪੁਲਿਸ ਅਨੁਸਾਰ ਪਿੰਡ ਸੁਰੰਗਾਪਰ ਵਿੱਚ ਬਕਾਇਆ ਪੈਸਿਆਂ ਨੂੰ ਲੈ ਕੇ ਪ੍ਰਦੀਪ ਕੁਮਾਰ ਅਤੇ ਜੈ ਸਿੰਘ ਵਿਚਕਾਰ ਝਗੜਾ ਚੱਲ ਰਿਹਾ ਸੀ। ਇਸ ਸਬੰਧੀ ਵੀਰਵਾਰ ਰਾਤ ਨੂੰ ਇੱਕ ਟੋਲਾ ਵੀ ਪੈਸੇ ਮੰਗਣ ਗਿਆ ਸੀ। ਇਸ ਦੌਰਾਨ ਦੋਵਾਂ ਗੁੱਟਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਕਰੀਬ 11 ਵਜੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਸ਼ੁਰੂ ਹੋ ਗਈ।

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜੈ ਕੁਮਾਰ (52), ਪ੍ਰਦੀਪ ਕੁਮਾਰ (32) ਅਤੇ ਸ਼ੈਲੇਸ਼ ਕੁਮਾਰ (40) ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ।

ਫਤੂਹਾ ਦੇ ਉਪ ਪੁਲਿਸ ਕਪਤਾਨ ਸੀਯਾਰਾਮ ਯਾਦਵ ਨੇ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੁੱਧ ਦੀ 400 ਰੁਪਏ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਪਹਿਲੀ ਨਜ਼ਰੇ ਵਿਵਾਦ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਘਟਨਾ ‘ਚ ਇਕ ਵਿਅਕਤੀ ਜ਼ਖਮੀ ਹੋਇਆ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ। ਦੋਵਾਂ ਧਿਰਾਂ ਦੇ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਪੂਰੇ ਇਲਾਕੇ ਵਿੱਚ ਡੇਰੇ ਲਾਏ ਹੋਏ ਹਨ।

error: Content is protected !!