ਤਲਾਕ ਮਗਰੋਂ ਪਤਨੀ ਕਰਵਾਉਣ ਲੱਗੀ ਦੂਜਾ ਵਿਆਹ ਤਾਂ ਪਤੀ ਨੇ ਸਾਲੀ, ਸਾਂਢੂ ਤੇ ਸਾਲੇ ਦੀ ਕੀਤੀ ਵੱਢ-ਟੁੱਕ, ਸਾਲੀ ਨੇ ਤੋੜਿਆ ਦਮ

ਤਲਾਕ ਮਗਰੋਂ ਪਤਨੀ ਕਰਵਾਉਣ ਲੱਗੀ ਦੂਜਾ ਵਿਆਹ ਤਾਂ ਪਤੀ ਨੇ ਸਾਲੀ, ਸਾਂਢੂ ਤੇ ਸਾਲੇ ਦੀ ਕੀਤੀ ਵੱਢ-ਟੁੱਕ, ਸਾਲੀ ਨੇ ਤੋੜਿਆ ਦਮ


ਵੀਓਪੀ ਬਿਊਰੋ, ਮਾਲੇਰਕੋਟਲਾ : ਇਕ ਵਿਅਕਤੀ ਨੇ ਰਾਤ ਵੇਲੇ ਝੁੱਗੀ ’ਚ ਸੌਂ ਰਹੀ ਆਪਣੀ ਸਾਲੀ, ਸਾਂਢੂ ਤੇ ਸਾਲੇ ’ਤੇ ਤੇਜ਼ਧਾਰ ਕੁਹਾੜੀ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਜ਼ਖ਼ਮੀ ਸਾਲੀ ਦੀ ਮੌ+ਤ ਹੋ ਗਈ, ਜਦਕਿ ਸਾਲਾ ਤੇ ਸਾਂਢੂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਮਾਲੇਰਕੋਟਲਾ ’ਚ ਦਾਖ਼ਲ ਕਰਵਾਇਆ ਗਿਆ। ਉੱਥੇ ਇਕ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਤੇ ਬਾਅਦ ’ਚ ਪੀਜੀਆਈ ਰੈਫਰ ਕਰ ਦਿੱਤਾ ਹੈ। ਤਲਾਕ ਤੋਂ ਬਾਅਦ ਪਤਨੀ ਕਿਸੇ ਹੋਰ ਨਾਲ ਵਿਆਹ ਕਰਵਾਉਣ ਜਾ ਰਹੀ ਸੀ, ਜਿਸ ਤੋਂ ਨਾਰਾਜ਼ ਹੋਏ ਪਹਿਲੇ ਪਤੀ ਨੇ ਇਹ ਹਮਲਾ ਕਰ ਦਿੱਤਾ। ਪੁਲਿਸ ਨੇ ਹੱਤਿ+ਆ ਦਾ ਮਾਮਲਾ ਦਰਜ ਕਰ ਲਿਆ ਤੇ ਪੁਲਿਸ ਨੇ ਮੌਕੇ ਤੋਂ ਹੱਤਿ+ਆ ’ਚ ਵਰਤੀ ਕੁਹਾੜੀ ਵੀ ਬਰਾਮਦ ਕਰ ਲਈ।


ਜਾਣਕਾਰੀ ਮੁਤਾਬਕ ਰਾਜ ਕੁਮਾਰ ਪੁੱਤਰ ਸੁੱਖਾ ਨਿਵਾਸੀ ਬਲਾਚੌਰ ਐੱਸਬੀਐੱਸ ਨਗਰ ਦਾ ਵਿਆਹ ਮਾਲੇਰਕੋਟਲਾ ਦੀ ਰੱਜੀ ਨਾਂ ਦੀ ਲੜਕੀ ਨਾਲ ਹੋਇਆ ਸੀ। ਕੁਝ ਸਮਾਂ ਪਹਿਲਾਂ ਉਸ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ। ਇਸ ਤੋਂ ਬਾਅਦ ਲੜਕੀ ਦੇ ਘਰ ਵਾਲਿਆਂ ਨੇ ਉਸ ਦਾ ਵਿਆਹ ਕਿਤੇ ਹੋਰ ਕਰ ਦਿੱਤਾ। ਇਸ ਤੋਂ ਰਾਜ ਕੁਮਾਰ ਨਾਰਾਜ਼ ਸੀ। ਉਹ ਬਦਲਾ ਲੈਣ ਲਈ ਬਲਾਚੌਰ ਤੋਂ ਮਾਲੇਰਕੋਟਲਾ ਪੁੱਜਾ ਤੇ ਅੱਧੀ ਰਾਤ ਤਕ ਸ਼ਰਾਬ ਪੀ ਕੇ ਘੁੰਮਦਾ ਰਿਹਾ। ਰਾਤ ਕਰੀਬ ਦੋ ਵਜੇ ਦੇ ਆਸ-ਪਾਸ ਉਸ ਨੇ ਸਰੋਦ ਰੋਡ ਸਾਹਮਣੇ ਝੁੱਗੀਆਂ ’ਚ ਸੌਂ ਰਹੇ ਆਪਣੇ ਸਹੁਰਾ ਪਰਿਵਾਰ ’ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਮੰਜੇ ’ਤੇ ਦੋ ਬੱਚੀਆਂ ਨਾਲ ਸੌਂ ਰਹੀ ਸਾਲੀ ਮੀਨਾ ਦੇ ਸਿਰ ’ਤੇ ਕੁਹਾੜੀ ਨਾਲ ਕਈ ਵਾਰ ਕੀਤੇ, ਜਿਸ ਨਾਲ ਉਸਦੀ ਮੌਕੇ ’ਤੇ ਮੌਤ ਹੋ ਗਈ।


ਉਸ ਤੋਂ ਬਾਅਦ ਮੀਨਾ ਦੇ ਪਤੀ ਹਨੀ ਤੇ ਛੋਟੇ ਸਾਲੇ ਰਵੀ ਦੇ ਸਿਰ ’ਤੇ ਵਾਰ ਕੀਤੇ। ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਰੌਲ਼ਾ ਪਾਉਣ ’ਤੇ ਆਸਪਾਸ ਦੇ ਲੋਕ ਜਮ੍ਹਾਂ ਹੋ ਗਏ। ਉਨ੍ਹਾਂ ਮੁਲਜ਼ਮ ਰਾਜ ਕੁਮਾਰ ਨੂੰ ਫੜ ਕੇ ਰੱਸੀ ਨਾਲ ਬੰਨ੍ਹ ਲਿਆ। ਇਸ ਤੋਂ ਬਾਅਦ ਨਗਰ ਕੌਂਸਲ ਮਾਲੇਰਕੋਟਲਾ ਦੇ ਸਾਬਕਾ ਪ੍ਰਧਾਨ ਇਕਬਾਲ ਫ਼ੌਜੀ ਨੇ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਪੁਲਿਸ ਨੂੰ ਸੂਚਿਤ ਕੀਤਾ। ਮੁਲਜ਼ਮ ਰਾਜ ਕੁਮਾਰ ਨਸ਼ੇ ’ਚ ਇੰਨਾ ਧੁੱਤ ਸੀ ਕਿ ਉਹ ਵਾਰ-ਵਾਰ ਕੰਧ ’ਚ ਆਪਣਾ ਸਿਰ ਮਾਰ ਰਿਹਾ ਸੀ।


ਥਾਣਾ ਸਿਟੀ-1 ਮਾਲੇਰਕੋਟਲਾ ਦੇ ਐੱਸਐੱਚਓ ਇੰਸਪੈਕਟਰ ਯਾਦਵਿੰਦਰ ਸਿੰਘ ਮੁਤਾਬਕ ਮ੍ਰਿਤਕ ਮਹਿਲਾ ਦੀ ਲਾ+ਸ਼ ਦਾ ਪੋਸਟਮਾਰਮਟਮ ਕਰਵਾ ਕੇ ਲਾ+ਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ। ਬਾਕੀ ਜ਼ਖ਼ਮੀਆਂ ’ਚ ਹਨੀ ਦਾ ਸਰਕਾਰੀ ਹਸਪਤਾਲ ਮਾਲੇਰਕੋਟਲਾ ਤੇ ਰਵੀ ਦਾ ਪੀਜੀਆਈ ਚੰਡੀਗੜ੍ਹ ’ਚ ਇਲਾਜ ਚੱਲ ਰਿਹਾ ਹੈ। ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਦੂਜੇ ਪਾਸੇ ਲੋਕਾਂ ਵੱਲੋਂ ਕੁੱਟਮਾਰ ਦੀ ਵਜ੍ਹਾ ਨਾਲ ਜ਼ਖ਼ਮੀ ਹੋਇਆ ਮੁਲਜ਼ਮ ਰਾਜ ਕੁਮਾਰ ਵੀ ਸਰਕਾਰੀ ਹਸਪਤਾਲ ਮਾਲੇਰਕੋਟਲਾ ’ਚ ਦਾਖ਼ਲ ਹੈ। ਪੁਲਿਸ ਨੇ ਰਾਜ ਕੁਮਾਰ ਖ਼ਿਲਾਫ਼ ਰਵੀ ਦੇ ਬਿਆਨਾਂ ਦੇ ਆਧਾਰ ’ਤੇ ਹੱਤਿ+ਆ ਦਾ ਮਾਮਲਾ ਦਰਜ ਕਰ ਲਿਆ।

error: Content is protected !!