ਲੁਧਿਆਣਾ ਵਿਖੇ ਘਰ ਵਿਚ ਹੀ ਛਾਪ ਰਹੇ ਸੀ ਨਕਲੀ ਨੋਟ, ਪੁਲਿਸ ਨੇ ਮਾਰਿਆ ਛਾਪਾ, ਫੜੇ ਲੱਖਾਂ ਦੇ ਨੋਟਾਂ ਦੇ ਬੰਡਲ, ਦੋ ਗ੍ਰਿਫ਼ਤਾਰ

ਲੁਧਿਆਣਾ ਵਿਖੇ ਘਰ ਵਿਚ ਹੀ ਛਾਪ ਰਹੇ ਸੀ ਨਕਲੀ ਨੋਟ, ਪੁਲਿਸ ਨੇ ਮਾਰਿਆ ਛਾਪਾ, ਫੜੇ ਲੱਖਾਂ ਦੇ ਨੋਟਾਂ ਦੇ ਬੰਡਲ, ਦੋ ਗ੍ਰਿਫ਼ਤਾਰ


ਵੀਓਪੀ ਬਿਊਰੋ, ਲੁਧਿਆਣਾ-ਲੁਧਿਆਣਾ ਵਿਚ ਇਕ ਘਰ ਵਿਚ ਹੀ ਨਕਲੀ ਨੋਟ ਛਾਪੇ ਜਾ ਰਹੇ ਸਨ। ਲੁਧਿਆਣਾ ਪੁਲਿਸ ਨੇ ਘਰ ਵਿਚ ਪ੍ਰਿੰਟਰ ਲਗਾ ਕੇ 200 ਅਤੇ 100 ਰੁਪਏ ਦੇ ਨਕਲੀ ਨੋਟ ਛਾਪਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਜਦਕਿ ਉਨ੍ਹਾਂ ਦਾ ਇਕ ਸਾਥੀ ਗ੍ਰਿਫ਼ਤ ਤੋਂ ਬਾਹਰ ਹੈ। ਫੜੇ ਗਏ ਦੋਵਾਂ ਮੁਲਜ਼ਮਾਂ ਕੋਲੋਂ 5 ਲੱਖ 10 ਹਜ਼ਾਰ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਹਨ। ਜਦੋਂ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਤਾਂ ਉਹ ਕਾਰ ਵਿਚ ਜਾਅਲੀ ਕਰੰਸੀ ਲੈ ਕੇ ਜਾ ਰਹੇ ਸਨ।
ਤਿੰਨੋਂ ਮੁਲਜ਼ਮਾਂ ਵਿਰੁਧ ਕੇਸ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਦੀ ਪਛਾਣ ਸੋਹਣ ਸਿੰਘ ਉਰਫ਼ ਸੋਨੀ, ਮਨਦੀਪ ਸਿੰਘ ਉਰਫ਼ ਮਨੂ ਵਾਸੀ ਜਗਰਾਉਂ ਵਜੋਂ ਹੋਈ ਹੈ ਅਤੇ ਇਨ੍ਹਾਂ ਦੇ ਫਰਾਰ ਸਾਥੀ ਦੀ ਪਛਾਣ ਬਖਤੌਰ ਸਿੰਘ ਵਾਸੀ ਮੋਗਾ ਵਜੋਂ ਹੋਈ ਹੈ।


ਏ.ਸੀ.ਪੀ. ਮਨਦੀਪ ਸਿੰਘ ਨੇ ਦਸਿਆ ਕਿ ਮੁਲਜ਼ਮਾਂ ਕੋਲੋਂ 200 ਰੁਪਏ ਦੇ 16 ਬੰਡਲ ਅਤੇ 100 ਰੁਪਏ ਦੇ ਨਕਲੀ ਨੋਟਾਂ ਦੇ 19 ਬੰਡਲ ਬਰਾਮਦ ਕੀਤੇ ਗਏ ਹਨ, ਜਿਸ ਦੀ ਕੁੱਲ ਰਕਮ 5.10 ਲੱਖ ਰੁਪਏ ਬਣਦੀ ਹੈ। ਉਹ 100-200 ਰੁਪਏ ਦੇ ਨੋਟ ਛਾਪਦੇ ਸਨ ਤਾਂ ਜੋ ਉਹ ਬਾਜ਼ਾਰ ਵਿਚ ਆਸਾਨੀ ਨਾਲ ਚਲਾਏ ਜਾ ਸਕਣ।
ਮੁਲਜ਼ਮ ਜਿਸ ਪ੍ਰਿੰਟਰ ਤੋਂ ਜਾਅਲੀ ਨੋਟ ਛਾਪਦੇ ਸਨ, ਉਸ ਨੂੰ ਬਰਾਮਦ ਕਰਨਾ ਬਾਕੀ ਹੈ। ਤਿੰਨੋਂ ਮੁਲਜ਼ਮ 3 ਮਹੀਨਿਆਂ ਤੋਂ ਵੱਧ ਸਮੇਂ ਤੋਂ ਇਸ ਕੰਮ ਵਿਚ ਲੱਗੇ ਹੋਏ ਸਨ। ਪੁਲਿਸ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਮੁਲਜ਼ਮਾਂ ਨੇ ਹੁਣ ਤਕ ਕਿੰਨੀਆਂ ਜਾਅਲੀ ਕਰੰਸੀਆਂ ਬਣਾਈਆਂ ਹਨ ਅਤੇ ਮਾਰਕੀਟ ਵਿਚ ਚਲਾਈਆਂ ਹਨ।

error: Content is protected !!