ਗਰਭਪਾਤ ਨੂੰ ਸੰਵਿਧਾਨਕ ਅਧਿਕਾਰ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਇਹ ਦੇਸ਼, ਔਰਤਾਂ ਨੇ ਦੱਸਿਆ ਇਤਿਹਾਸਕ ਕਦਮ

ਗਰਭਪਾਤ ਨੂੰ ਸੰਵਿਧਾਨਕ ਅਧਿਕਾਰ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਇਹ ਦੇਸ਼, ਔਰਤਾਂ ਨੇ ਦੱਸਿਆ ਇਤਿਹਾਸਕ ਕਦਮ

ਵੀਓਪੀ ਬਿਊਰੋ, ਨੈਸ਼ਨਲ-ਫਰਾਂਸ ਔਰਤਾਂ ਨੂੰ ਗਰਭਪਾਤ ਦਾ ਸੰਵਿਧਾਨਕ ਅਧਿਕਾਰ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਫਰਾਂਸ ਦੇ ਸੰਵਿਧਾਨ ਵਿਚ ਗਰਭਪਾਤ ਦੇ ਅਧਿਕਾਰ ਨੂੰ ਸ਼ਾਮਲ ਕੀਤਾ ਗਿਆ ਹੈ। ਜਿਥੇ ਔਰਤਾਂ ਦੇ ਅਧਿਕਾਰ ਸਮੂਹਾਂ ਨੇ ਇਸ ਨੂੰ ਇਤਿਹਾਸਕ ਕਦਮ ਦਸਿਆ ਹੈ, ਉਥੇ ਹੀ ਗਰਭਪਾਤ ਵਿਰੋਧੀ ਸਮੂਹਾਂ ਨੇ ਇਸ ਦੀ ਆਲੋਚਨਾ ਕੀਤੀ ਹੈ।
ਫਰਾਂਸ ਦੀ ਸੰਸਦ ਦੇ ਸੰਯੁਕਤ ਸਦਨ ਵਿਚ ਗਰਭਪਾਤ ਦੇ ਅਧਿਕਾਰ ਨਾਲ ਸਬੰਧਤ ਬਿੱਲ ਦੇ ਪੱਖ ਵਿਚ 780 ਵੋਟਾਂ ਪਈਆਂ ਜਦਕਿ ਇਸ ਦੇ ਵਿਰੁਧ 72 ਵੋਟਾਂ ਪਈਆਂ। ਇਸ ਫੈਸਲੇ ਤੋਂ ਬਾਅਦ, ਗਰਭਪਾਤ ਅਧਿਕਾਰ ਕਾਰਕੁੰਨ ਕੇਂਦਰੀ ਪੈਰਿਸ ਵਿਚ ਇਕੱਠੇ ਹੋਏ ਅਤੇ ਇਸ ਦੀ ਸ਼ਲਾਘਾ ਕੀਤੀ। ਸੰਸਦ ਦੇ ਸਪੀਕਰ ਨੇ ਕਿਹਾ ਕਿ ਮੈਨੂੰ ਸੰਸਦ ‘ਤੇ ਮਾਣ ਹੈ, ਜਿਸ ਨੇ ਸਾਡੇ ਮੂਲ ਕਾਨੂੰਨ ‘ਚ ਗਰਭਪਾਤ ਦਾ ਅਧਿਕਾਰ ਸ਼ਾਮਲ ਕੀਤਾ ਹੈ। ਅਸੀਂ ਇਹ ਕਦਮ ਚੁੱਕਣ ਵਾਲਾ ਪਹਿਲਾ ਦੇਸ਼ ਬਣ ਗਏ ਹਾਂ।


ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਨ੍ਹਾਂ ਨੇ ਔਰਤਾਂ ਨੂੰ ਗਰਭਪਾਤ ਦਾ ਸੰਵਿਧਾਨਕ ਅਧਿਕਾਰ ਦੇਣ ਦਾ ਵਾਅਦਾ ਕੀਤਾ ਸੀ। ਹੁਣ ਇਹ ਵਾਅਦਾ ਪੂਰਾ ਹੋ ਗਿਆ ਹੈ। ਅਮਰੀਕਾ ਅਤੇ ਹੋਰ ਦੇਸ਼ਾਂ ਦੇ ਮੁਕਾਬਲੇ ਫਰਾਂਸ ਵਿਚ ਗਰਭਪਾਤ ਦੇ ਅਧਿਕਾਰਾਂ ਬਾਰੇ ਵਧੇਰੇ ਜਾਗਰੂਕਤਾ ਹੈ। ਪੋਲ ਮੁਤਾਬਕ ਫਰਾਂਸ ਦੇ ਲਗਭਗ 80 ਫ਼ੀਸਦੀ ਲੋਕਾਂ ਨੇ ਗਰਭਪਾਤ ਦਾ ਕਾਨੂੰਨੀ ਅਧਿਕਾਰ ਦੇਣ ਦੇ ਫੈਸਲੇ ਦਾ ਸਮਰਥਨ ਕੀਤਾ ਹੈ।
ਫਰਾਂਸ ਦੇ ਪ੍ਰਧਾਨ ਮੰਤਰੀ ਗੈਬਰੀਅਲ ਅਟਾਲ ਨੇ ਇਸ ਬਿੱਲ ‘ਤੇ ਵੋਟਿੰਗ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਸਾਰੀਆਂ ਔਰਤਾਂ ਨੂੰ ਸੰਦੇਸ਼ ਦੇ ਰਹੇ ਹਾਂ ਕਿ ਸਰੀਰ ਤੁਹਾਡਾ ਹੈ ਅਤੇ ਕੋਈ ਹੋਰ ਇਹ ਫੈਸਲਾ ਨਹੀਂ ਕਰੇਗਾ ਕਿ ਇਸ ਦਾ ਕੀ ਕਰਨਾ ਹੈ। ਇਸ ਤੋਂ ਪਹਿਲਾਂ ਫਰਾਂਸ ਦੀ ਸੰਸਦ ‘ਚ ਸੰਵਿਧਾਨ ਦੀ ਧਾਰਾ 34 ‘ਚ ਸੋਧ ਕਰਨ ਵਾਲੇ ਬਿੱਲ ਨੂੰ ਮਨਜ਼ੂਰੀ ਦਿਤੀ ਗਈ ਸੀ ਤਾਂ ਜੋ ਔਰਤਾਂ ਨੂੰ ਗਰਭਪਾਤ ਦੇ ਅਧਿਕਾਰ ਦੀ ਗਾਰੰਟੀ ਦਿਤੀ ਜਾ ਸਕੇ।


ਦੱਸ ਦੇਈਏ ਕਿ ਫਰਾਂਸ ਵਿਚ 1974 ਦੇ ਕਾਨੂੰਨ ਤੋਂ ਔਰਤਾਂ ਨੂੰ ਗਰਭਪਾਤ ਦਾ ਕਾਨੂੰਨੀ ਅਧਿਕਾਰ ਹੈ। ਇਸ ਦੀ ਉਸ ਸਮੇਂ ਆਲੋਚਨਾ ਵੀ ਹੋਈ ਸੀ ਪਰ 2022 ਵਿਚ ਅਮਰੀਕੀ ਸੁਪਰੀਮ ਕੋਰਟ ਵਲੋਂ ਔਰਤਾਂ ਦੇ ਗਰਭਪਾਤ ਦੇ ਸੰਵਿਧਾਨਕ ਅਧਿਕਾਰ ਨੂੰ ਮਾਨਤਾ ਦੇਣ ਵਾਲੇ Roe Vs Wade ਦੇ ਫੈਸਲੇ ਨੂੰ ਪਲਟਣ ਤੋਂ ਬਾਅਦ ਫਰਾਂਸ ਦੇ ਇਸ ਕਦਮ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ।

error: Content is protected !!