ਸਿਰ ਤੇ ਪੱਗ ਅਤੇ ਗਾਤਰਾਂ ਪਾਕੇ ਸਿੱਖ ਬਣੇ ਇਹ 7 ਤਾਮਿਲ ਰਚਣਗੇ ਨਵਾ ਇਤਿਹਾਸ, ਚੋਣਾਂ ਦੀ ਤਿਆਰੀ

ਤਾਮਿਲਨਾਡੂ ਵਿੱਚ ਸਿੱਖ ਧਰਮ ਅਪਣਾ ਚੁੱਕੇ ਕੁਝ ਲੋਕਾਂ ਨੇ ਮਿਲ ਕੇ ਇੱਕ ਖੇਤਰੀ ਪਾਰਟੀ ਬਣਾ ਲਈ ਹੈ, ਜਿਸ ਦਾ ਨਾਮ ਹੈ ਬਹੁਜਨ ਦ੍ਰਵਿੜ ਪਾਰਟੀ। ਹੁਣ ਤੁਹਾਨੂੰ ਉਥੇ ਸਿਰ ‘ਤੇ ਦਸਤਾਰ ਸਜਾ ਕੇ ਅਤੇ ਗਾਤਰਾ ਪਾ ਕੇ ਵੋਟਾਂ ਮੰਗਣ ਦਾ ਇਹ ਨਜ਼ਾਰਾ ਦੇਖਣ ਨੂੰ ਮਿਲੇਗਾ।  ਕਈ ਪ੍ਰਮੁੱਖ ਪਾਰਟੀਆਂ ਦੇ ਨਾਲ-ਨਾਲ ਬਹੁਜਨ ਦ੍ਰਵਿੜ ਪਾਰਟੀ ਨਾਮ ਦੀ ਇਹ ਪਾਰਟੀ ਵੀ ਤਾਮਿਲਨਾਡੂ ਦੇ ਸੱਤ ਹਲਕਿਆਂ ਤੋਂ ਚੋਣ ਲੜ ਰਹੀ ਹੈ। ਸਿੱਖ ਧਰਮ ਅਪਣਾਉਣ ਦਾ ਦਾਅਵਾ ਕਰਨ ਵਾਲੇ ਸੱਤ ਤਾਮਿਲ ਮੂਲ ਦੇ ਲੋਕ ਇਸ ਪਾਰਟੀ ਵੱਲੋਂ ਤਾਮਿਲਨਾਡੂ ਵਿੱਚ ਲੋਕ ਸਭਾ ਚੋਣਾਂ ਲੜ ਰਹੇ ਹਨ।

ਪਾਰਟੀ ਵਲੋ ਤਾਮਿਲਨਾਡੂ ‘ਚ 7 ਸਿੱਖ ਉਮੀਦਵਾਰਾਂ ਨੂੰ ਲੋਕ ਸਭਾ ਦੀਆਂ ਚੋਣਾ ਲੜਾ ਰਹੇ ਹਨ ਅਤੇ ਉਨ੍ਹਾਂ ਨੇ ਸਿੱਖ ਧਰਮ ਦੇ ਮਹਾਨ ਫਲਸਫੇ ਅਤੇ ਸਿੱਖੀ ਸਿਧਾਂਤਾ ਤੋ ਪ੍ਰਭਾਵਿਤ ਹੋ ਕੇ ਸਾਲ 2021 ‘ਚ ਸਿੱਖੀ ਸਰੂਪ ਅਪਣਾਉਣ ਦਾ ਫ਼ੈਸਲਾ ਕੀਤਾ। ਉਹਨਾਂ ਨੇ ਨਾ ਕੇਵਲ ਸਿੱਖ ਧਰਮ ਨੁੰ ਅਪਣਾਇਆ ਸਗੋਂ ਸਿੱਖੀ ਦੀਆਂ ਮਹਾਨ ਪਰੰਪਰਾਵਾਂ ਤੇ ਉੱਚ ਰਵਾਇਤਾਂ ਨੂੰ ਅੱਗੇ ਵਧਾਉਣ ਲਈ ਤਾਮਿਲਨਾਡੂ ਦੇ ਟੂਟੀਕੋਰਨ ਜ਼ਿਲ੍ਹੇ ਦੇ ਕੋਰਮਪੱਲਮ ਵਿਖੇ ਮੀਰੀ ਪੀਰੀ ਸਕੂਲ ਦੀ ਸਥਾਪਨਾ ਵੀ ਕੀਤੀ, ਜਿਥੇ ਉਹ ਬੱਚਿਆ ਨੁੰ ਗੁਰੂ ਸਾਹਿਬ ਦੇ ਫਲਸਫੇ ਤੇ ਭਗਤਾਂ ਦੀਆਂ ਰਚਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰ ਰਹੇ ਹਨ।

 ਦਿਲਚਸਪ ਗੱਲ ਇਹ ਹੈ ਕਿ ਮੂਲ ਰੂਪ ਨਾਲ ਵੱਖ-ਵੱਖ ਧਰਮਾਂ ਨਾਲ ਸਬੰਧਤ ਇਨ੍ਹਾਂ ਸਾਰੇ ਉਮੀਦਵਾਰਾਂ ਨੇ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਤੋਂ ਬਾਅਦ ਸਿੱਖ ਧਰਮ ਅਪਣਾਇਆ ਹੈ। ਇਨ੍ਹਾਂ ਉਮੀਦਵਾਰਾਂ ‘ਚ ਤਿਰੂਨੇਲਵੇਲੀ ਹਲਕੇ ਤੋਂ ਸੇਲਵਕੁਮਾਰ ਉਰਫ ਸੇਲਵਾ ਸਿੰਘ (27), ਵਿਰੁਧਨਗਰ ਤੋਂ ਕੋਰਕਾਈ ਪਲਾਨੀਸਾਮੀ ਸਿੰਘ (36), ਕੰਨਿਆਕੁਮਾਰੀ ਤੋਂ ਰਾਜਨ ਸਿੰਘ (60), ਤੇਨਕਾਸੀ ਤੋਂ ਸੀਤਾ ਕੌਰ (52), ਰਾਮਨਾਥਪੁਰਮ ਤੋਂ ਮਨੀਵਾਸਗਮ (46), ਥੂਥੁਕੁਡੀ ਤੋਂ ਅਸੀਰੀਅਰ ਸ਼ਨਮੁਗਸੁੰਦਰਮ ਸਿੰਘ (37) ਅਤੇ ਮਦੁਰਈ ਤੋਂ ਨਾਗਾ ਵੰਸਾ ਪਾਂਡੀਅਨ ਸਿੰਘ (30) ਸ਼ਾਮਲ ਹਨ। ਤਿਰੂਨੇਲਵੇਲੀ ਦੇ ਉਮੀਦਵਾਰ ਨੂੰ ‘ਸੱਤ ਕਿਰਨਾਂ ਵਾਲਾ ਪੈੱਨ ਨਿਬ’ ਦਾ ਨਿਸ਼ਾਨ ਦਿਤਾ ਗਿਆ ਹੈ, ਜਦਕਿ ਹੋਰ ਉਮੀਦਵਾਰ ‘ਹੀਰੇ’ ਦੇ ਨਿਸ਼ਾਨ ‘ਤੇ ਚੋਣ ਲੜਨਗੇ।

ਬੀਡੀਪੀ ਦੇ ਸੰਸਥਾਪਕ ਜੀਵਨ ਸਿੰਘ, ਜੋ ਥੂਥੁਕੁਡੀ ਨਾਲ ਸਬੰਧਤ ਹਨ, ਨੇ ਦਸਿਆ ਕਿ ਉਨ੍ਹਾਂ ਦਾ ਉਦੇਸ਼ ਸਿੱਖ ਧਰਮ ਰਾਹੀਂ ਸੱਭਿਆਚਾਰਕ ਪਛਾਣ ਸਥਾਪਤ ਕਰਕੇ ਜ਼ਮੀਨੀ ਪੱਧਰ ‘ਤੇ ਸਮਾਜਿਕ ਤਬਦੀਲੀ ਲਿਆਉਣਾ ਹੈ। ਜੀਵਨ ਸਿੰਘ, ਜੋ ਪਹਿਲਾਂ ਬੁੱਧ ਧਰਮ ਦੇ ਪੈਰੋਕਾਰ ਸਨ, ਨੇ ਕਿਹਾ ਕਿ ਸਿਰਫ ਸਿੱਖ ਧਰਮ ਹੀ ਜਾਤ-ਪਾਤ ਰਹਿਤ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਅਨੁਸੂਚਿਤ ਜਾਤੀਆਂ/ਅਨੁਸੂਚਿਤ ਜਨਜਾਤੀਆਂ, ਹੋਰ ਪਿਛੜੇ ਵਰਗਾਂ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਸਸ਼ਕਤੀਕਰਨ ਲਈ ਕੰਮ ਕਰਦੀ ਹੈ, ਜੋ ਭਾਰਤ ਦੀ 95 ਫ਼ੀ ਸਦੀ ਆਬਾਦੀ ਹਨ। ਜੀਵਨ ਸਿੰਘ 2019 ਵਿਚ ਬਹੁਜਨ ਦ੍ਰਾਵਿੜ ਪਾਰਟੀ ਦੀ ਸਥਾਪਨਾ ਕਰਨ ਤੋਂ ਪਹਿਲਾਂ ਕਈ ਸਾਲਾਂ ਤਕ ਬਸਪਾ ਨਾਲ ਸਨ।

error: Content is protected !!