ਇੱਕ-ਦੂਜੇ ਦੇ ਦੁਆਲੇ ਹੋਏ ਕਾਂਗਰਸ ਤੇ AAP ਵਾਲੇ, ਮੁੱਖ ਮੰਤਰੀ ਨੇ ਤਾਂ ਪਾਗਲ ਤਕ ਕਹਿ’ਤਾ
ਵੀਓਪੀ ਬਿਊਰੋ – ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਲਗਾਤਾਰ ਇੱਕ-ਦੂਜੇ ‘ਤੇ ਇਲਜ਼ਾਮ ਲਾ ਰਹੇ ਹਨ। ਕਦੇ ਕਾਂਗਰਸ ਦੇ ਆਗੂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਬਿਆਨਬਾਜ਼ੀ ਕਰਦੇ ਹਨ ਅਤੇ ਕਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਸਿਆਸੀ ਵਿਰੋਧੀਆਂ ‘ਤੇ ਤੰਜ਼ ਕੱਸਦੇ ਹਨ। ਅੱਜ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਇਲਜ਼ਾਮ ਲਾਏ ਅਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਾਂਗਰਸ ਨੂੰ ਲੈ ਕੇ ਤਿੱਖੇ ਨਿਸ਼ਾਨੇ ਵਿੰਨ੍ਹੇ।
ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਇੱਕ ਬਿਆਨ ਨੂੰ ਲੈ ਕੇ ਕਿਹਾ ਕਿ ਕਾਂਗਰਸ ਵਾਲੇ ਆਪਣੀ ਪਾਰਟੀ ‘ਚ ਹੁਣ CM ਕੁਰਸੀ ਦੇ ਦਾਅਵੇਦਾਰਾਂ ਜਾਂ ਉਮੀਦਵਾਰਾਂ ਨੂੰ ਗਾਹਕ ਦੱਸ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 500 ਕਰੋੜ ਵਾਲੇ ਰੇਟ ਖੁੱਲ੍ਹਣ ਤੋਂ ਬਾਅਦ ਇਹ ਹੁਣ ਗਾਹਕ ਬਣ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਹੋਰ ਤਿੱਖੀ ਬਿਆਨਬਾਜ਼ੀ ਕਰਦੇ ਹੋਏ ਕਿਹਾ ਕਿ ਇਨ੍ਹਾਂ ਲਈ ਪਾਗਲਖ਼ਾਨਾ ਖੋਲ੍ਹਣਾ ਪੈਣਾ, ਇਸ ਤਰ੍ਹਾਂ ਦੇ ਲੋਕਾਂ ਦਾ ਦਿਮਾਗੀ ਸੰਤੁਲਨ ਹਿੱਲਿਆ ਹੋਇਆ ਲੱਗ ਰਿਹਾ ਹੈ।
ਦੂਜੇ ਪਾਸੇ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅੱਜ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਮਾਨ ਸਰਕਾਰ ‘ਤੇ ਝੂਠੇ ਵਾਅਦੇ ਕਰਨ ਅਤੇ ਇਸ਼ਤਿਹਾਰਾਂ ‘ਤੇ ਪੈਸਾ ਖਰਚ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕੇਂਦਰੀ ਭਾਜਪਾ ਸਰਕਾਰ ਨੂੰ ਗਰੀਬ ਵਿਰੋਧੀ ਅਤੇ ਵਿਕਾਸ ਵਿਰੋਧੀ ਵੀ ਦੱਸਿਆ।
ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮ ਕਰਨ ਦੇ ਢੰਗ ਅਤੇ ਭਾਸ਼ਾ ‘ਤੇ ਸਖ਼ਤ ਸਵਾਲ ਉਠਾਏ। ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਨਸ਼ਿਆਂ ਵਿਰੁੱਧ ਜੰਗ ਦੀ ਗੱਲ ਕਰਦੇ ਹਨ, ਜਦੋਂ ਕਿ ਉਹ ਖੁਦ ਇਸ ਤੋਂ ਮੁਕਤ ਨਹੀਂ ਹਨ। ਬਾਜਵਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਅਪੀਲ ਕੀਤੀ ਕਿ ਜਦੋਂ ਵੀ ਮੁੱਖ ਮੰਤਰੀ ਅਕਾਲ ਤਖ਼ਤ ਸਾਹਿਬ ਜਾਂਦੇ ਹਨ ਤਾਂ ਉਨ੍ਹਾਂ ਦਾ ਸ਼ਰਾਬ ਟੈਸਟ ਕਰਵਾਇਆ ਜਾਵੇ। ਉਨ੍ਹਾਂ ‘ਆਪ’ ਨੂੰ ਧਰਮ ਪ੍ਰਤੀ ਅਸੰਵੇਦਨਸ਼ੀਲ ਕਿਹਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ 70 ਸਾਲਾਂ ਦੇ ਜੀਵਨ ਵਿੱਚ ਕਦੇ ਵੀ ਅਜਿਹਾ ਮੁੱਖ ਮੰਤਰੀ ਨਹੀਂ ਦੇਖਿਆ ਜੋ ਵਿਰੋਧੀ ਆਗੂਆਂ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦਾ ਹੋਵੇ। ਉਨ੍ਹਾਂ ‘ਆਪ’ ਨੂੰ ਧਰਮ ਵਿਰੋਧੀ ਕਰਾਰ ਦਿੱਤਾ ਅਤੇ ਕਿਹਾ ਕਿ ਮੁੱਖ ਮੰਤਰੀ ਧਾਰਮਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ।


