ਰੋਜ਼ਗਾਰ ਲਈ ਵਿਦੇਸ਼ ਗਿਆ ਬਣਿਆ ਧੋਖੇ ਦਾ ਸ਼ਿਕਾਰ

ਸੁਲਤਾਨਪੁਰ ਲੋਧੀ (ਵੀਓਪੀ ਬਿਊਰੋ) ਵਿਦੇਸ਼ ਵਿੱਚ ਫਸੇ ਸੁਖਵਿੰਦਰ ਸਿੰਘ ਨੇ ਸੁਰਖਿਅਤ ਵਾਪਸੀ ਕਰ ਕੇ ਸੁਲਤਾਨਪੁਰ ਲੋਧੀ ਸਥਿਤ ਨਿਰਮਲ ਕੁਟੀਆ ਪਹੁੰਚ ਕੇ ਆਪਣੇ ਦਰਦ ਸਾਂਝੇ ਕੀਤੇ। ਉਸਨੇ ਦੱਸਿਆ ਕਿ 2020 ਵਿੱਚ ਰੋਜ਼ਗਾਰ ਦੀ ਤਲਾਸ਼ ਵਿੱਚ ਦੁਬਈ ਗਿਆ ਸੀ, ਜਿੱਥੇ ਇੱਕ ਕੰਪਨੀ ਵੱਲੋਂ ਉਸ ਨਾਲ ਧੋਖਾਧੜੀ ਕੀਤੀ ਗਈ। ਸੁਖਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੰਤ ਸੀਚੇਵਾਲ ਜੀ ਦੀ ਮਦਦ ਨਾ ਮਿਲਦੀ ਤਾਂ ਉਹ ਅਜੇ ਵੀ ਉਥੇ ਫਸਿਆ ਰਹਿੰਦਾ।
ਕੰਪਨੀ ਨੇ ਉਸਦਾ ਪਾਸਪੋਰਟ ਆਪਣੇ ਕਬਜ਼ੇ ਵਿੱਚ ਰੱਖ ਲਿਆ, ਤਿੰਨ ਸਾਲ ਕੰਮ ਕਰਵਾਉਣ ਦੇ ਬਾਵਜੂਦ ਸਿਰਫ ਕੁੱਝ ਮਹੀਨਿਆਂ ਦੀ ਤਨਖਾਹ ਦਿੱਤੀ ਅਤੇ ਝੂਠੇ ਦੋਸ਼ ਲਗਾ ਕੇ ਉਸਨੂੰ ਕਾਨੂੰਨੀ ਮੁਸ਼ਕਲਾਂ ਵਿੱਚ ਫਸਾ ਦਿੱਤਾ।
ਉਸਨੇ ਇਹ ਵੀ ਖੁਲਾਸਾ ਕੀਤਾ ਕਿ ਜੇਲ੍ਹਾਂ ਵਿੱਚ ਅਜੇ ਵੀ ਕਈ ਭਾਰਤੀ ਨਾਗਰਿਕ ਫਸੇ ਹੋਏ ਹਨ, ਜੋ ਓਵਰਸਟੇਅ ਜਾਂ ਝੂਠੇ ਮਾਮਲਿਆਂ ਕਾਰਨ ਪੀੜਤ ਹਨ ਅਤੇ ਉਨ੍ਹਾਂ ਨਾਲ ਬਹੁਤ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ। 6 ਦਸੰਬਰ ਤੋਂ ਉਸਦਾ ਆਪਣੇ ਪਰਿਵਾਰ ਨਾਲ ਸੰਪਰਕ ਟੁੱਟ ਚੁੱਕਾ ਸੀ, ਜਿਸ ਕਾਰਨ ਉਸਦੇ ਘਰ ਵਿੱਚ ਬਹੁਤ ਦੁੱਖਦਾਈ ਹਾਲਾਤ ਬਣ ਗਏ ਸਨ।

