ਸੁਖਬੀਰ ਸਿੰਘ ਬਾਦਲ ਨੇ ਸਰਕਾਰ ਕੋਲੋਂ ਕੋਰੋਨਾ ਮਰੀਜ਼ਾਂ ਲਈ ਇਹਨਾਂ ਹਸਪਤਾਲਾਂ ਵਿਚ ਮੁਫਤ ਇਲਾਜ ਦੀ ਸਹੂਲਤ ਦੀ ਕੀਤੀ ਮੰਗ

ਸੁਖਬੀਰ ਸਿੰਘ ਬਾਦਲ ਨੇ ਸਰਕਾਰ ਕੋਲੋਂ ਕੋਰੋਨਾ ਮਰੀਜ਼ਾਂ ਲਈ ਇਹਨਾਂ ਹਸਪਤਾਲਾਂ ਵਿਚ ਮੁਫਤ ਇਲਾਜ ਦੀ ਸਹੂਲਤ ਦੀ ਕੀਤੀ ਮੰਗ

ਮਾਨਸਾ (ਵੀਓਪੀ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਵਾਰ ਵਾਰ ਅਪੀਲ ਕੀਤੇ ਜਾਣ ਦੇ ਬਾਵਜੂਦ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਰੀਜ਼ਾਂ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਤੇ ਲੈਬਾਂ ਵਿਚ ਟੈਸਟਾਂ ਲਈ ਖਰਚ ਦੀ ਹੱਦ ਤੈਅ ਨਹੀਂ ਕੀਤੀ। ਉਹਨਾਂ ਮੰਗ ਕੀਤੀ ਕਿ ਕੋਰੋਨਾ ਸੰਕਟ ਨੂੰ ਵੇਖਦਿਆਂ ਸਰਕਾਰ ਸਾਰੇ ਕੋਰੋਨਾ ਮਰੀਜ਼ਾਂ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਮੁਫਤ ਇਲਾਜ ਦਾ ਐਲਾਨ ਕਰੇ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗੁਰੂ ਨਾਨਕ ਕਾਲਜ ਬੁਢਲਾਡਾ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਖੋਲ੍ਹੇ ਗਏ 25 ਬੈਡਾਂ ਦੇ ਕੋਰੋਨਾ ਕੇਅਰ ਸੈਂਟਰ ਦਾ ਉਦਘਾਟਨ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਛੇਵਾਂ ਕੋਰੋਨਾ ਸੈਂਟਰ ਹੈ ਜੋ ਸ਼੍ਰੋਮਣੀ ਕਮੇਟੀ ਵੱਲੋਂ ਸ਼ੁਰੂ ਕੀਤਾ ਗਿਆ ਹੈ ਤੇ ਇਸ ਵਿਚ ਸੂਬੇ ਦੇ ਲੋਕਾਂ ਨੂੰ ਲੈਵਲ 1 ਅਤੇ ਲੈਵਲ 2 ਇਲਾਜ ਸਹੂਲਤਾਂ ਮਿਲਣਗੀਆਂ। ਉਹਨਾਂ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ 53 ਸਾਲ ਰੁਪਏ ਮੁੱਲ ਦੀ ਕੋਰੋਨਾ ਵੈਕਸੀਨ ਸ਼੍ਰੋਮਣੀ ਕਮੇਟੀ ਦੇ ਸ੍ਰੀ ਗੁਰੂ ਰਰਾਮ ਦਾਸ ਮੈਡੀਕਲ ਕਾਲਜ ਪਹੁੰਚ ਗਈ ਹੈ ਤੇ ਜਲਦੀ ਹੀ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਦੇ ਕੰਮਕਾਜ ਨੁੰ ਨਿਯਮਿਤ ਕਰਨ ਲਈ ਮੁੱਖ ਮੰਤਰੀ ਨੂੰ ਵਾਰ ਵਾਰ ਅਪੀਲਾਂ ਕਰਨ ਦੇ ਬਾਵਜੂਦ ਇਹਨਾ ਸੰਸਥਾਵਾਂ ਵੱਲੋਂ ਮਰੀਜ਼ਾਂ ਦੀ ਲੁੱਟ ਰੋਕਣ ਲਈ ਕੁਝ ਵੀ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਕੋਰੋਨਾ ਮਰੀਜ਼ ਇਸ ਕਰ ਕੇ ਆਪਣੇ ਘਰਾਂ ਵਿਚੋਂ ਨਹੀਂ ਨਿਕਲ ਰਹੇ ਕਿਉਂਕਿ ਸਰਕਾਰੀ ਹਸਪਤਾਲਾਂ ਵਿਚ ਸਹੀ ਇਲਾਜ ਸਹੂਲਤਾਂ ਨਹੀਂ ਹਨ ਅਤੇ ਪ੍ਰਾਈਵੇਟ ਸੰਸਥਾਵਾਂ ਇੰਨਾ ਮਹਿੰਗਾ ਇਲਾਜ ਕਰਦੀਆਂ ਹਨ ਕਿ ਮਰੀਜ਼ ਇੰਨਾ ਖਰਚ ਨਹੀਂ ਚੁੱਕ ਸਕਦੇ।

 

 

ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਮਹਾਮਾਰੀ ਨੁੰ ਆਫਤ ਐਲਾਨ ਕੇ ਬਿਮਾਰੀ ਦਾ ਹੋਰ ਪਸਾਰ ਰੋਕਣ ਲੀ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਵੇ। ਉਹਨਾਂ ਨੇ ਕਾਂਗਰਸੀ ਵਿਧਾਇਕਾਂ ਨੂੰ ਵੀ ਕਿਹਾ ਕਿ ਉਹ ਮਨੁੱਖਤਾ ਦੇ ਭਲੇ ਲਈ ਅਜਿਹੀ ਹੀ ਮੰਗ ਕਰਨ। ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਸਰਕਾਰ ਤੁਹਾਡੀ ਸੁਣ ਲਵੇ ਤੇ ਲੋਕਾਂ ਦੇ ਬਚਾਅ ਵਿਚ ਨਿਤਰ ਆਵੇ।

ਸਰਦਾਰ ਬਾਦਲ ਨੇ ਇਹ ਵੀ ਮੰਗ ਕੀਤੀ ਕਿ ਕਾਂਗਰਸ ਸਰਕਾਰ ਇਸੇ ਤਰੀਕੇ ਹੋਰ ਰਾਜ ਸਰਕਾਰਾਂ ਵੱਲੋਂ ਬਲੈਕ ਫੰਗਸ ਬਿਮਾਰੀ ਦੇ ਟਾਕਰੇ ਲਈ ਟੀਕੇ ਵੱਡੀ ਮਾਤਰਾ ਵਿਚ ਖਰੀਦੇ ਅਤੇ ਮਰੀਜ਼ਾਂ ਨੁੰ ਮੁਫਤ ਦੇਵੇ। ਉਹਨਾਂ ਕਿਹਾ ਕਿ ਬਲੈਕ ਫੰਗਸ ਦੇ ਕੇਸ ਵੱਧ ਰਹੇ ਹਨ ਅਤੇ ਇਹਨਾਂ ਨਾਲ ਉਹਨਾਂ ਟੀਕਿਆਂ ਨਾਲ ਹੀ ਨਜਿੱਠਿਆ ਜਾ ਸਕਦਾ ਹੈ ਜਿਹਨਾਂ ਦੀ ਕੀਮਤ 10 ਹਜ਼ਾਰ ਰੁਪਏ ਪ੍ਰਤੀ ਡੋਜ਼ ਪ੍ਰਤੀ ਦਿਨ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਇਸ ਬਿਮਾਰੀ ਦਾ ਸਹੀ ਇਲਾਜ ਨਹੀਂ ਹੋ ਰਿਹਾ।

 

 

ਇਸ ਦੌਰਾਨ ਇਕ ਹੋਰ ਵਿਸ਼ਾ ਛੇੜਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਵੇਲੇ ਇਕ ਹੋਰ ਕੰਮ ਸਾਹਮਣੇ ਆਇਆ ਹੈ ਕਿ ਗੈਂਗਸਟਰ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਵੱਡੀ ਪੱਧਰ ’ਤੇ ਫੋਨ ਕਰ ਕੇ ਉਹਨਾਂ ਤੋਂ ਪੈਸੇ ਉਗਰਾਹ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੁੰ ਬਠਿੰਡਾ, ਮਾਨਸਾ ਤੇ ਫਿਰੋਜ਼ਪੁਰ ਦੇ ਵਪਾਰੀਆਂ ਤੋਂ ਇਹ ਸ਼ਿਕਾਇਤਾਂ ਮਿਲੀਆਂ ਹਨ ਕਿ ਉਹਨਾਂ ਨੂੰ ਗੈਂਗਸਟਰਾਂ ਤੋਂ ਫਿਰੌਤੀਆਂ ਲਈ ਧਮਕੀਆਂ ਆ ਰਹੇ ਹਨ ਤੇ ਉਹ ਪੈਸੇ ਦੇਣ ਲਈ ਮਜਬੂਰ ਹੋ ਰਹੇ ਹਨ ਕਿਉਂਕਿ ਪੁਲਿਸ ਉਹਨਾਂ ਦੀ ਸੁਰੱਖਿਆ ਦਾ ਇੰਤਜ਼ਾਮ ਨਹੀਂ ਕਰ ਪਾ ਰਹੀ। ਸਰਦਾਰ ਬਾਦਲ ਨੇ ਕਿਹਾ ਕਿ ਇਸਦਾ ਕਾਰਨ ਇਹ ਹੈ ਕਿ ਕਾਂਗਰਸੀ ਵਿਧਾਇਕ ਪੁਲਿਸ ਫੋਰਸ ਆਪ ਚਲਾ ਰਹੇ ਹਨ ਅਤੇ ਗੈਂਗਸਟਰਾਂ ਨਾਲ ਰਲੇ ਹੋਏ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਕੋਰੋਨਾ ਵੇਲੇ ਇਸ ਤਰੀਕੇ ਢਹਿ ਢੇਰੀ ਹੋ ਗਈ ਹੈ।

 

 

 

ਇਸ ਤੋਂ ਪਹਿਲਾਂ ਮਾਨਸਾ ਵਿਖੇ ਵੱਖਰੇ ਪ੍ਰੋਗਰਾਮ ਦੌਰਾਨ ਸਰਦਾਰ ਬਾਦਲ ਨੇ ਆਕਸੀਜ਼ਨ ਸੇਵਾ ਤੇ ਲੰਗਰ ਸੇਵਾ ਦੀ ਸ਼ੁਰੂਆਤ ਕਰਵਾਈ। ਇਹ ਸੇਵਾ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਸ਼ੁਰੂ ਕੀਤੀ ਹੈ। ਉਹਨਾਂ ਦੱਸਿਆ ਕਿ ਦੋਵੇਂ ਸੇਵਾਵਾਂ ਲੋਕਾਂ ਨੁੰ ਮੁਫਤ ਪ੍ਰਦਾਨ ਕੀਤੀਆਂ ਜਾਣਗੀਆਂ। ਸਰਦਾਰ ਬਾਦਲ ਨੇ ਦੱਸਿਆ ਕਿ ਲੋਕਾਂ ਨੂੰ ਆਕਸੀਜ਼ਨ ਕੰਸੈਂਟ੍ਰੇਟਰ ਉਹਨਾਂ ਦੇ ਘਰਾਂ ਵਿਚ ਪ੍ਰਦਾਨ ਕੀਤੇ ਜਾਣਗੇ ਅਤੇ ਲੰਗਰ ਵੀ ਕੋਰੋਨਾ ਮਰੀਜ਼ਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ। ਉਹਨਾਂ ਕਿਹਾ ਕਿ ਇਹ ਸੇਵਾ ਉਸੇ ਤਰੀਕੇ ਹੈ ਜਿਵੇਂ ਪਹਿਲਾਂ ਬਠਿੰਡਾ ਵਿਚ ਸ਼ੁਰੂ ਕੀਤੀ ਗਈ ਸੀ। ਇਸ ਤੋਂ ਇਲਾਵਾ ਏਮਜ਼ ਬਠਿੰਡਾ ਨੂੰ 50 ਆਕਸੀਜ਼ਨ ਕੰਸੈਂਟ੍ਰੇਟਰ ਦਿੱਤੇ ਗਏ ਹਨ ਤਾਂ ਜੋ ਕਿ ਉਸ ਵਿਚ 50 ਬੈਡਾਂ ਦੀ ਸਮਰਥਾ ਹੋਰ ਵੱਧ ਸਕੇ। ਉਹਨਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਸੇਵਾ ਹੁਣ ਸੂਬੇ ਵਿਚ 65 ਹਲਕਿਆਂ ਵਿਚ ਪਹੁੰਚ ਗਈ ਹੈ।

error: Content is protected !!