ਹੁਣ ਦੋ ਭਾਸ਼ਾਵਾਂ ਆਪਸ ‘ਚ ਪਾਉਣਗੀਆਂ ਗਲਵਕੜੀ, ਪਾਕਿਸਤਾਨ ਤੇ ਹਿੰਦੋਸਤਾਨ ਦਾ ਸਾਂਝਾ ਰਸਾਲਾ ਹੋ ਰਿਹਾ ਸ਼ੁਰੂ

ਹੁਣ ਦੋ ਭਾਸ਼ਾਵਾਂ ਆਪਸ ‘ਚ ਪਾਉਣਗੀਆਂ ਗਲਵਕੜੀ, ਪਾਕਿਸਤਾਨ ਤੇ ਹਿੰਦੋਸਤਾਨ ਦਾ ਸਾਂਝਾ ਰਸਾਲਾ ਹੋ ਰਿਹਾ ਸ਼ੁਰੂ

ਜਲੰਧਰ(ਗੁਰਪ੍ਰੀਤ ਡੈਨੀ) – ਪੰਜਾਬੀ ਸਾਹਿਤਕ ਦੁਨੀਆਂ ਵਿਚ ਇਕ ਨਵੀਂ ਪੁਲਾਂਘ ਪੁੱਟੀ ਜਾ ਰਹੀਂ ਹੈ। ਇਹ ਪਹਿਲੀਂ ਵਾਰ ਹੋਣ ਜਾ ਰਿਹਾ ਹੈ ਕਿ ਇਕੋ ਨਾਮ ਦਾ ਸਾਹਿਤਕ ਪਰਚਾ ਪਾਕਿਸਤਾਨ ਅਤੇ ਹਿੰਦੋਸਤਾਨ ਵਿਚ ਛਪੇਗਾ। ਜਾਣਕਾਰੀ ਲਈ ਦੱਸ ਦਿੰਦੇ ਹਾਂ ਕਿ ਐਸ ਆਸਿਫ਼ (ਮੁਹੰਮਦ ਆਸਿਫ਼ ਰਜ਼ਾ) ਨੇ ਆਪਣੀ ਫੇਸਬੁੱਕ ਆਈ ਡੀ ਉਪਰ ਜਾਣਕਾਰੀ ਦਿੱਤੀ ਹੈ ਕਿ ਆਪਣੀ ਆਵਾਜ਼ ਨਾਂ ਦਾ ਰਸਾਲਾ ਪੰਜਾਬ ਦੀਆਂ ਦੋ ਲਿਪੀਆਂ ਵਿਚ ਛਪਣ ਜਾ ਰਿਹਾ ਹੈ ਜੋ ਪਾਕਿਸਤਾਨ ਤੇ ਹਿੰਦੋਸਤਾਨ ਦੇ ਜ਼ਿਲ੍ਹੇ ਜਲੰਧਰ ਤੋਂ ਛਪਿਆ ਕਰੇਗਾ। ਐਸ ਆਸਿਫ਼ ਆਪ ਬਹੁਤ ਵਧੀਆ ਆਰਟਿਸਟ ਹਨ ਜਿਹਨਾਂ ਦੀਆਂ ਪੇਂਟਿੰਗਜ਼ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ ਤੇ ਉਹਨਾਂ ਦੇ ਨਾਲ ਇਸ ਕਾਰਜ ਵਿਚ ਬਾਬਾ ਨਜ਼ਮੀ ਵੀ ਹਨ ਜਿਹਨਾਂ ਦੀ ਸ਼ਾਇਰੀ ਦੁਨੀਆਂ ਭਰ ਦੇ ਸਰੋਤਿਆਂ ਦੇ ਮੂੰਹ ਚੜ੍ਹੀ ਹੋਈ ਹੈ।

ਐਸ ਆਸਿਫ਼ ਨੇ ਫੇਸਬੁੱਕ ਉਪਰ ਲਿਖਦਿਆਂ ਜ਼ਿਕਰ ਕੀਤਾ ਸਾਡਾ ਇਹ ਕਾਰਜ ਫਿਰ ਤੋਂ ਟੁੱਟੇ ਹੋਏ ਮੁਹੱਬਤ ਦੇ ਧਾਗੇ ਨੂੰ ਜੋੜਨ ਵਾਲਾ ਅਮਲ ਹੈ। ਉਹਨਾਂ ਲਿਖਿਆ ਆਪਣੀ ਆਵਾਜ਼ ਰਸਾਲਾ ਇਸ ਅੰਕ ਤੋਂ ਪਹਿਲਾਂ 13 ਅੰਕ ਅਦਬੀ ਦੁਨੀਆਂ ਵਿਚ ਪੇਸ਼ ਕਰ ਚੁੱਕਾ ਹੈ। ਇਸ ਸਾਰੇ ਉੱਦਮ ਪਿੱਛੇ ਸੁਰਿੰਦਰ ਸਿੰਘ ਸੁਨੱੜ  ਜੀ ਦਾ ਹੱਥ ਹੈ ਜੋ ਮਾਂ-ਬੋਲੀ ਨਾਲ ਪਿਆਰ ਦੀ ਇੱਕ ਜ਼ਿੰਦਾ ਮਿਸਾਲ ਹੈ। ਉਹਨਾਂ ਨੇ ਆਪਣੀ ਐਨੀ ਮਸ਼ਰੂਫ਼ ਜ਼ਿੰਦਗੀ ਵਿਚ ਵੀ ਮਾਂ-ਬੋਲੀ ਪੰਜਾਬੀ ਦਾ ਝੰਡਾ ਬੁਲੰਦ ਕੀਤਾ ਹੈ। ਉਹਨਾਂ ਕਿਹਾ ਅਸੀਂ ਪਹਿਲਾਂ ਵੀ ਉਪਰਾਲੇ ਕੀਤੇ ਹਨ ਪਰ ਉਹ ਕਿਸੇ ਕਾਰਨਾਂ ਕਰਕੇ ਸਿਰੇ ਨਾ ਲੱਗੇ ਪਰ ਇਕ ਵਾਰ ਫਿਰ ਮਨ ਵਿਚ ਵਲ਼ਵਲ਼ੇ ਉੱਠੇ ਹਨ ਤੇ ਹੁਣ ਹਰ ਕੰਮ ਲਈ ਸਮਰਪਿਤ ਤੇ ਯਤਨਸ਼ੀਲ ਰਹਾਂਗੇ।

ਐਸ ਆਸਿਫ਼ ਨੇ ਅੱਗੇ ਲਿਖਦਿਆਂ ਸੰਪਾਦਕੀ ਮੰਡਲ ਦੀ ਜਾਣਕਾਰੀ ਸਾਂਝੀ ਕੀਤੀ ਜਿਸ ਵਿਚ ਉਹਨਾਂ ਕਿਹਾ ਕਿ ਪਾਕਿਸਤਾਨ ਤੋਂ ਮੈਂ ਤੇ ਬਾਬਾ ਨਜ਼ਮੀ ਇਸ ਦੇ ਸ਼ਾਹਮੁੱਖੀ ਸੰਪਾਦਕੀ ਮੰਡਲ ਵਿਚ ਸ਼ਾਮਲ ਹਾਂ ਤੇ ਭਾਰਤ ਵਾਲੇ ਪੰਜਾਬ ਵਿਚ ਗੁਰਭਜਨ ਗਿੱਲ, ਲਖਵਿੰਦਰ ਸਿੰਘ ਜੌਹਲ ਤੇ ਅਫ਼ਜ਼ਲ ਸਾਹਿਰ ਵਰਗੇ ਸਲਾਹਕਾਰ ਦੋਸਤਾਂ ਦਾ ਸਾਥ ਵੀ ਸਾਡੇ ਲਈ ਗ਼ਨੀਮਤ ਹੈ। ਉਹਨਾਂ ਸਾਹਿਤ ਲਿਖਣ-ਪੜ੍ਹਨ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਕਲਮਕਾਰਾਂ ਤੋਂ ਉਮੀਦ ਕਰਦੇ ਹਾਂ ਕਿ ਉਹ ਲਿਖਤੀ ਤੌਰ ‘ਤੇ ਸਾਡਾ ਸਾਥ ਦੇਣਗੇ। ਅਸੀਂ ਇਹਨਾਂ ਦੋਸਤਾਂ ਦੇ ਹੁੰਗਾਰੇ ਨਾਲ ਹੀ ਪੰਜਾਬੀਅਤ ਦੇ ਮੁਹੱਬਤੀ ਬੂਟੇ ਨੂੰ ਪਰਵਾਨ ਚੜ੍ਹਾ ਸਕਾਂਗੇ। ਉਹਨਾਂ ਦੱਸਿਆ ਕਿ ਇਹ ਪਰਚਾ 400 ਤੋਂ ਵੱਧ ਸਫ਼ਿਆ ਦਾ ਹੋਇਆ ਕਰਾਂਗੇ, ਨਾਲ ਹੀ ਉਹਨਾਂ ਰਚਨਾਵਾਂ ਭੇਜਣ ਵਾਲੇ ਲੇਖਕਾਂ ਨੂੰ ਬੇਨਤੀ ਕੀਤੀ ਕਿ ਲਿਖਾਰੀ ਦੋਸਤ ਆਪਣੀਆਂ ਰਚਨਾਵਾਂ ਹਰ ਮਹੀਨੇ ਦੀ 15 ਤਾਰੀਖ਼ ਤੋਂ ਪਹਿਲਾਂ [email protected],00923054486520 (whatsapp) ਉਪਰ ਭੇਜ ਦਿਆ ਕਰਨ ਜੋ ਕਿ ਸਮੇਂ ਸਿਰ ਪ੍ਰਕਾਸ਼ਿਤ ਕੀਤੀਆਂ ਜਾਣ।

error: Content is protected !!