ਨਾਜਾਇਜ਼ ਸ਼ਰਾਬ ਫੜਾਉਣ ਦੇ ਸ਼ੱਕ ‘ਚ ਸਬ ਇੰਸਪੈਕਟਰ ਦੇ ਪੁੱਤ ਨੇ ਮਾਰਿਆ ਐਕਸਾਈਜ਼ ਵਿਭਾਗ ਦਾ ਮੁਲਾਜ਼ਮ

ਨਾਜਾਇਜ਼ ਸ਼ਰਾਬ ਫੜਾਉਣ ਦੇ ਸ਼ੱਕ ‘ਚ ਸਬ ਇੰਸਪੈਕਟਰ ਦੇ ਪੁੱਤ ਨੇ ਮਾਰਿਆ ਐਕਸਾਈਜ਼ ਵਿਭਾਗ ਦਾ ਮੁਲਾਜ਼ਮ

ਅੰਮ੍ਰਿਤਸਰ (ਵੀਓਪੀ ਬਿਊਰੋ) – ਪੰਜਾਬ ਵਿਚ ਵਾਰਦਾਤ ਦੀਆਂ ਘਟਨਾਵਾਂ ਲਗਾਤਾਰ ਜ਼ੋਰ ਫੜ੍ਹਦੀਆਂ ਜਾ ਰਹੀਆਂ ਹਨ। ਅੱਜ ਅੰਮ੍ਰਿਤਸ ਤੋਂ ਇਕ ਹੋਰ ਘਟਨਾ ਸਾਹਮਣੇ ਆਈ ਹੈ ਜਿੱਥੇ ਸਬ ਇੰਸਪੈਕਟਰ ਤੇਜਿੰਦਰ ਸਿੰਘ ਦੇ ਪੁੱਤਰ ਅੰਤਰ ਕਾਹਲੋਂ ਨੇ ਆਪਣੇ ਸਾਥੀਆਂ ਨਾਲ ਰਲ਼ ਕੇ ਤਰਨਤਾਰਨ ਰੋਡ ਉਤੇ ਸਥਿਤ ਰਾਜਿੰਦਰ ਪੈਲੇਸ ਨੇੜੇ ਅਕਸਾਈਜ਼ ਵਿਭਾਗ ਦੇ ਮੁਲਾਜ਼ਮ ਅਵਤਾਰ ਸਿੰਘ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ।

ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਅਵਤਾਰ ਸਿੰਘ ਆਪਣੇ ਸਾਥੀ ਨਾਲ ਆਪਣੇ ਘਰ ਜਾ ਰਿਹਾ ਸੀ। ਦੋਸ਼ ਹੈ ਕਿ ਐਸਆਈ ਦੇ ਪੁੱਤਰ ਨੂੰ ਸ਼ੱਕ ਸੀ ਕਿ ਉਸ ਦੇ ਕਿਸੇ ਜਾਣਕਾਰ ਦੀ ਨਾਜਾਇਜ਼ ਸ਼ਰਾਬ ਅਵਤਾਰ ਸਿੰਘ ਨੂੰ ਕੁਝ ਦਿਨ ਪਹਿਲਾਂ ਫੜਵਾਈ ਹੈ। ਏਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ।

ਰਾਂਝੇ ਦੀ ਹਵੇਲੀ ਵਾਸੀ ਮਨਜੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਅਵਤਾਰ ਸਿੰਘ ਪਿਛਲੇ ਤਿੰਨ ਚਾਰ ਸਾਲ ਤੋਂ ਐਕਸਾਈਜ਼ ਵਿਭਾਗ ਵਿਚ ਕੰਮ ਕਰ ਰਿਹਾ ਸੀ। ਕੁਝ ਦਿਨਾਂ ਤੋਂ ਸੀਆਈਏ ਸਟਾਫ ਵਿਚ ਤਾਇਨਾਤ ਸਬ-ਇੰਸਪੈਕਟਰ ਤਜਿੰਦਰ ਸਿੰਘ ਦਾ ਬੇਟਾ ਅੰਤਰ ਕਾਹਲੋਂ ਉਨ੍ਹਾਂ ਨਾਲ ਰੰਜਿਸ਼ ਰੱਖਦਾ ਸੀ। ਅਵਤਾਰ ਸਿੰਘ ਆਪਣੇ ਸਟਾਫ਼ ਨਾਲ ਸੋਮਵਾਰ ਰਾਤ ਬੇਲੈਰੋ ਵਿਚ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ। ਤਰਨਤਾਰਨ ਰੋਡ ਉਤੇ ਪਹਿਲਾਂ ਤੋਂ ਅੰਤਰ ਆਪਣੇ ਸਾਥੀਆਂ ਨਾਲ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ। ਜਿਉਂ ਹੀ ਅਵਤਾਰ ਸਿੰਘ ਬਲੈਰੋ ਤੋਂ ਉਤਰੇ, ਮੁਲਜ਼ਮਾਂ ਨੇ ਰਾਡਾਂ ਅਤੇ ਬੇਸਬਾਲਾਂ ਨਾਲ ਉਨ੍ਹਾਂ ਉਤੇ ਹਮਲਾ ਕਰ ਦਿੱਤਾ।

ਮੁਲਜ਼ਮਾਂ ਨੇ ਅਵਤਾਰ ਸਿੰਘ ਦੇ ਸਿਰ ਉਤੇ ਵਾਰ ਕੀਤੇ। ਅਵਤਾਰ ਸਿੰਘ ਦਾ ਛੋਟਾ ਭਰਾ ਹੀਰਾ ਸਿੰਘ ਬਚਾਅ ਲਈ ਪਹੁੰਚਿਆ ਤਾਂ ਹਮਲਾ ਕਰਕੇ ਉਸ ਨੂੰ ਵੀ ਜ਼ਖ਼ਮੀ ਕਰ ਦਿੱਤਾ ਗਿਆ। ਹੀਰਾ ਸਿੰਘ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ, ਜਦੋਂ ਕਿ ਅਵਤਾਰ ਸਿੰਘ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੁਲਤਾਨਵਿੰਡ ਥਾਣੇ ਦੇ ਐਸਐਚਓ ਇੰਸਪੈਕਟਰ ਪਰਨੀਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

error: Content is protected !!