CWG – ਭਾਰਤ ਦਾ ਆਸਟਰੇਲੀਆ ਦਾ ਦਬਦਬਾ ਤੋੜਨ ਦਾ ਸੁਪਨਾ ਰਿਹਾ ਅਧੂਰਾ, ਸ਼ਰਮਨਾਕ ਹਾਰ ਤੋਂ ਬਾਅਦ ਚਾਂਦੀ ਦੇ ਤਗ਼ਮੇ ਨਾਲ ਹੀ ਕਰਨਾ ਪਿਆ ਸਬਰ

CWG – ਭਾਰਤ ਦਾ ਆਸਟਰੇਲੀਆ ਦਾ ਦਬਦਬਾ ਤੋੜਨ ਦਾ ਸੁਪਨਾ ਰਿਹਾ ਅਧੂਰਾ, ਸ਼ਰਮਨਾਕ ਹਾਰ ਤੋਂ ਬਾਅਦ ਚਾਂਦੀ ਦੇ ਤਗ਼ਮੇ ਨਾਲ ਹੀ ਕਰਨਾ ਪਿਆ ਸਬਰ

ਹਾਕੀ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 7-0 ਨਾਲ ਹਰਾ ਕੇ ਲਗਾਤਾਰ ਸੱਤਵਾਂ ਸੋਨ ਤਗਮਾ ਜਿੱਤਿਆ

ਵੀਓਪੀ ਬਿਊਰੋ – ਰਾਸ਼ਟਰਮੰਡਲ ਖੇਡਾਂ ਦੇ ਵਿਚ ਪੁਰਸ਼ ਹਾਕੀ ਦੇ ਫਾਈਨਲ ਮੈਚ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 7-0 ਨਾਲ ਹਰਾ ਕੇ ਲਗਾਤਾਰ ਸੱਤਵੀਂ ਵਾਰ ਸੋਨ ਤਮਗਾ ਜਿੱਤਿਆ। ਕੰਗਾਰੂਆਂ ਨੇ ਪੈਨਲਟੀ ਕਾਰਨਰ ਨਾਲ ਦੋ ਅਤੇ ਮੈਦਾਨ ‘ਤੇ ਪੰਜ ਗੋਲ ਕੀਤੇ। ਭਾਰਤ ਨੂੰ ਤੀਜੀ ਵਾਰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਭਾਰਤ ਨੂੰ 2010 ਅਤੇ 2014 ਵਿੱਚ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ ਸੀ। ਭਾਰਤ 2018 ਰਾਸ਼ਟਰਮੰਡਲ ਖੇਡਾਂ ਵਿੱਚ ਚੌਥੇ ਸਥਾਨ ‘ਤੇ ਰਿਹਾ। ਭਾਰਤ ਹੁਣ ਤੱਕ ਤਿੰਨ ਵਾਰ ਫਾਈਨਲ ਵਿੱਚ ਆਸਟਰੇਲੀਆ ਹੱਥੋਂ ਹਾਰ ਚੁੱਕਾ ਹੈ।

ਆਸਟਰੇਲੀਆ ਨੇ ਤੀਜੇ ਪੈਨਲਟੀ ਨੂੰ ਗੋਲ ਵਿੱਚ ਬਦਲ ਕੇ ਆਪਣਾ ਖਾਤਾ ਖੋਲਿਆ ਅਤੇ ਪਹਿਲੇ ਕੁਆਰਟਰ ਵਿੱਚ ਦੋ ਗੋਲ ਕਰਕੇ ਹਮਲਾਵਰ ਸ਼ੁਰੂਆਤ ਕੀਤੀ। ਹਾਫ ਟਾਈਮ ਤੱਕ ਆਸਟਰੇਲੀਆ ਨੇ 5-0 ਬੜ੍ਹਤ ਬਣਾ ਲਈ ਅਤੇ ਭਾਰਤੀ ਟੀਮ ‘ਤੇ ਕਾਫੀ ਦਬਾਅ ਆ ਗਿਆ।

ਇਸ ਦੇ ਨਾਲ ਹੀ ਭਾਰਤ ਦਾ ਰਾਸ਼ਟਰਮੰਡਲ ਖੇਡਾਂ ਵਿੱਚ ਆਸਟਰੇਲੀਆ ਦਾ ਦਬਦਬਾ ਤੋੜਨ ਦਾ ਸੁਪਨਾ ਅਧੂਰਾ ਰਹਿ ਗਿਆ ਅਤੇ ਇੱਕ ਤਰਫਾ ਫਾਈਨਲ ਵਿੱਚ ਵਿਸ਼ਵ ਚੈਂਪੀਅਨ ਦੇ ਹੱਥੋਂ 0-7 ਦੀ ਸ਼ਰਮਨਾਕ ਹਾਰ ਤੋਂ ਬਾਅਦ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। 2010 ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ ਦੀਆਂ ਕੌੜੀਆਂ ਯਾਦਾਂ ਹਾਕੀ ਪ੍ਰੇਮੀਆਂ ਦੇ ਮਨਾਂ ਵਿੱਚ ਉਸ ਸਮੇਂ ਤਾਜ਼ਾ ਹੋ ਗਈਆਂ ਜਦੋਂ ਆਸਟਰੇਲੀਆਈ ਟੀਮ ਨੇ ਫਾਈਨਲ ਵਿੱਚ ਭਾਰਤ ਨੂੰ 8-0 ਨਾਲ ਹਰਾਇਆ।

ਲੀਗ ਗੇੜ ‘ਚ ਅਜੇਤੂ ਅਤੇ ਪੂਲ ‘ਚ ਚੋਟੀ ‘ਤੇ ਰਹੀ ਭਾਰਤੀ ਟੀਮ ਬਿਲਕੁਲ ਵੀ ਫਾਰਮ ‘ਚ ਨਜ਼ਰ ਨਹੀਂ ਆ ਰਹੀ ਸੀ। ਫਾਰਵਰਡ ਲਾਈਨ ਵਿਚ ਕੋਈ ਤਾਲਮੇਲ ਨਹੀਂ ਸੀ ਅਤੇ ਆਸਟ੍ਰੇਲੀਆ ਨੇ ਡਿਫੈਂਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਉਸ ‘ਤੇ ਕਪਤਾਨ ਮਨਪ੍ਰੀਤ ਸਿੰਘ ਦੇ ਮੋਢੇ ਦੀ ਸੱਟ ਨੇ ਭਾਰਤ ਦੇ ਪ੍ਰਦਰਸ਼ਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ।

error: Content is protected !!