ਬਗਾਵਤੀ ਸੁਰਾਂ ‘ਚ ਵਲਟੋਹਾ ਦੀ ਦੋ-ਟੁੱਕ; ਕਿਹਾ ਸੁਖਬੀਰ ਬਾਦਲ ਪ੍ਰਧਾਨ ਹੈ ਤੇ ਰਹੇਗਾ, ਜਿਹੜਾ ਆਉਂਦਾ ਆਵੇ-ਜਿਹੜਾ ਜਾਂਦਾ ਜਾਵੇ…

ਬਗਾਵਤੀ ਸੁਰਾਂ ‘ਚ ਵਲਟੋਹਾ ਦੀ ਦੋ-ਟੁੱਕ; ਕਿਹਾ ਸੁਖਬੀਰ ਬਾਦਲ ਪ੍ਰਧਾਨ ਹੈ ਤੇ ਰਹੇਗਾ, ਜਿਹੜਾ ਆਉਂਦਾ ਆਵੇ-ਜਿਹੜਾ ਜਾਂਦਾ ਜਾਵੇ…

ਚੰਡੀਗੜ੍ਹ (ਵੀਓਪੀ ਬਿਊਰੋ) ਪਿੱਛਲੇ ਕੁਝ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਅੰਦਰੂਨੀ ਕਲੇਸ਼ ਜਿਆਦਾ ਹੀ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਸਪੱਸ਼ਟ ਤੌਰ ਉੱਤੇ 2 ਧੜੇ ਸਾਹਮਣੇ ਆ ਗਏ ਹਨ। ਜਿਨ੍ਹਾਂ ਵਿਚ ਇਕ ਪਾਸੇ ਸੁਖਬੀਰ ਬਾਦਲ ਤੇ ਉਹਨਾਂ ਦੇ ਹਮਾਇਤੀ ਹਨ ਅਤੇ ਦੂਜੇ ਪਾਸੇ ਮਨਪ੍ਰੀਤ ਸਿੰਘ ਇਆਲੀ ਨੇ ਖੁਦ ਨੂੰ ਮਜ਼ਬੂਤ ਚਿਹਰੇ ਵੱਲੋਂ ਖੜ੍ਹਾ ਕੀਤਾ ਹੋਇਆ ਹੈ। ਪਿਛਲੇ ਦਿਨਾਂ ਵਿੱਚ ਵੀ ਦੋਵਾਂ ਧਿਰਾਂ ਨੇ ਆਪਣੇ-ਆਪਣੇ ਹਮਾਇਤੀਆਂ ਦੇ ਨਾਲ ਇੱਕੋਂ ਦਿਨ ਹੀ ਮੀਟਿੰਗਾਂ ਕੀਤੀਆਂ ਸਨ। ਇਸ ਦੌਰਾਨ ਇਕ ਪਾਸੇ ਵਿਧਾਇਕ ਮਨਪ੍ਰੀਤ ਇਆਲੀ ਦੀ ਅਗਵਾਈ ਵਿਚ ਅੰਮ੍ਰਿਤਸਰ ਵਿੱਚ ਅਕਾਲੀ ਆਗੂ ਰਵੀਕਰਨ ਸਿੰਘ ਕਾਹਲੋਂ ਦੇ ਗ੍ਰਹਿ ਵਿਖੇ ਪ੍ਰੇਮ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਅਟਵਾਲ, ਜਗਮੀਤ ਸਿੰਘ ਬਰਾੜ, ਗੁਰਪ੍ਰਤਾਪ ਸਿੰਘ ਵਡਾਲਾ, ਰਵੀਕਰਨ ਸਿੰਘ ਕਾਹਲੋਂ, ਭਾਈ ਮਨਜੀਤ ਸਿੰਘ, ਅਮਰਪਾਲ ਸਿੰਘ,  ਸੰਤਾ ਸਿੰਘ ਉਮੈਦਪੁਰੀ, ਇੰਦਰਇਕਬਾਲ ਸਿੰਘ ਅਟਵਾਲ, ਕਰਨੈਲ ਸਿੰਘ ਪੰਜੋਲੀ ਅਤੇ ਜਗਜੀਤ ਸਿੰਘ ਕੋਹਲੀ ਸ਼ਾਮਲ ਹੋਏ ਸਨ।

ਇਸ ਦੇ ਨਾਲ ਹੀ ਉਸੇ ਦਿਨ ਸ਼ਾਮ ਨੂੰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ 5 ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਦਾ ਚੇਅਰਮੈਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਲਾਇਆ ਗਿਆ ਅਤੇ ਉਨ੍ਹਾਂ ਤੋਂ ਇਲਾਵਾ ਇਸ ਵਿੱਚ ਸ਼ਰਨਜੀਤ ਢਿੱਲੋਂ, ਵਿਰਸਾ ਸਿੰਘ ਵਲਟੋਹਾ, ਮਨਤਾਰ ਸਿੰਘ ਬਰਾੜ ਅਤੇ ਡਾ: ਸੁਖਵਿੰਦਰ ਸੁੱਖੀ ਨੂੰ ਵੀ ਰੱਖਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸੇ ਦੌਰਾਨ ਇੱਕੋ ਦਿਨ ਵਿਚ ਇਕ ਹੀ ਪਾਰਟੀ ਦੇ ਮੈਂਬਰਾਂ ਦੀਆਂ ਵੱਖ-ਵੱਖ ਮੀਟਿੰਗਾਂ ਸਿੱਧੇ ਤੌਰ ਉੱਤੇ ਬਗਾਵਤ ਬਿਆਨ ਕਰ ਰਹੀਆਂ ਹਨ।
ਇਸੇ ਦੌਰਾਨ ਚੰਡੀਗੜ੍ਹ ‘ਚ ਅਕਾਲੀ ਦਲ ਦੀ ਮੀਟਿੰਗ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸੁਖਬੀਰ ਬਾਦਲ ਮੁਖੀ ਸੀ ਅਤੇ ਮੁਖੀ ਰਹੇਗਾ। ਵਲਟੋਹਾ ਨੇ ਕਿਹਾ ਕਿ ਅਸੀਂ ਸੁਖਬੀਰ ਬਾਦਲ ਦੀ ਲੀਡਰਸ਼ਿਪ ‘ਤੇ ਪੂਰਾ ਭਰੋਸਾ ਪ੍ਰਗਟ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਇਕ ਸੂਝਵਾਨ ਨੇਤਾ ਹਨ। ਵਲਟੋਹਾ ਨੇ ਬਾਗੀਆਂ ਨੂੰ ਇਸ਼ਾਰਿਆਂ-ਇਸ਼ਾਰਿਆਂ ਵਿੱਚ ਚਿਤਾਵਨੀ ਦਿੱਤੀ ਕਿ ਪਾਰਟੀ ਅੰਦਰ ਉਨ੍ਹਾਂ ਦੀ ਗੱਲ ਦਾ ਸਵਾਗਤ ਹੈ ਪਰ ਬਾਹਰੋਂ ਅਜਿਹੀਆਂ ਗੱਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਨੇ ਕਿਹਾ ਕਿ ਜੋ ਪਾਰਟੀ ਦੇ ਸੁਝਾਅ ਮੁਤਾਬਕ ਚੱਲੇਗਾ ਉਹ ਆਵੇ, ਨਹੀਂ ਤਾਂ ਜਾਵੇ।
error: Content is protected !!