ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ’ਚ ਸ਼ਾਮਿਲ ਹੋਏ ਆਕਸੀਜਨ ਮੈਨ ਗੁਰਪ੍ਰੀਤ ਸਿੰਘ ਰੰਮੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ’ਚ ਸ਼ਾਮਿਲ ਹੋਏ ਆਕਸੀਜਨ ਮੈਨ ਗੁਰਪ੍ਰੀਤ ਸਿੰਘ ਰੰਮੀ

 ਖਾਲਸਾ ਹੈਲਪ ਇੰਟਰਨੈਸ਼ਨਲ ਦੀ ਬੁੱਕਲੇਟ ਦੀ ਘੁੰਡ ਚੁਕਾਈ ਵੀ ਹੋਈ

ਨਵੀਂ ਦਿੱਲੀ(ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ’ਚ ਸਿੱਖ ਪਰਿਵਾਰਾਂ ਵੱਲੋਂ ਧਰਮ ਬਦਲੀ ਦੇ ਵੱਧਦੇ ਮਾਮਲਿਆਂ ’ਤੇ ਠੱਲ੍ਹ ਪਾਉਣ ਦੇ ਟੀਚੇ ਨਾਲ ‘‘ਧਰਮ ਜਾਗਰੂਕਤਾ ਲਹਿਰ’’ ਆਰੰਭ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੂੰ ਅੱਜ ਉਤਰ ਪ੍ਰਦੇਸ਼ ’ਚ ਵੱਡੀ ਮਜ਼ਬੂਤੀ ਉਸ ਵੇਲੇ ਪ੍ਰਦਾਨ ਹੋਈ ਜਦੋਂ ਖਾਲਸਾ ਹੈਲਪ ਇੰਟਰਨੈਸ਼ਨਲ ਦੇ ਪ੍ਰਧਾਨ ਅਤੇ ਦੁਨੀਆਂ ਭਰ ’ਚ ਆਕਸੀਜਨ ਮੈਨ ਦੇ ਨਾਂਅ ਤੋਂ ਮਸ਼ਹੂਰ ਹੋਏ ਇੰਦਰਾਪੁਰਮ ਗੁਰਦੁਆਰੇ ਦੇ ਪ੍ਰਧਾਨ ਤੇ ਗਾਜ਼ੀਆਬਾਦ ਦੀ ਅਤਿ ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤ ਸ. ਗੁਰਪ੍ਰੀਤ ਸਿੰਘ ਰੰਮੀ ਆਪਣੇ ਸੈਂਕੜੇ ਸਾਥੀਆਂ ਸਣੇ ਪਾਰਟੀ ’ਚ ਸ਼ਾਮਿਲ ਹੋ ਗਏ । ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਸਰਪ੍ਰਸਤ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਸ. ਐਮ.ਪੀ.ਐਸ. ਚੱਢਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੇ ਸਿਰੋਪਾਓ ਭੇਟ ਕਰਕੇ ਸ. ਗੁਰਪ੍ਰੀਤ ਸਿੰਘ ਰੰਮੀ ਨੂੰ ਆਪਣੀ ਪਾਰਟੀ ’ਚ ਰਸਮੀ ਤੌਰ ’ਤੇ ਸ਼ਾਮਿਲ ਕਰਦੇ ਹੋਏ ਉਨ੍ਹਾਂ ਨੂੰ ਪੱਛਮੀ ਉਤਰ ਪ੍ਰਦੇਸ਼ ’ਚ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ । ਇਸ ਮੌਕੇ ਖਾਲਸਾ ਹੈਲਪ ਇੰਟਰਨੈਸ਼ਨਲ ਦੀ ਇਕ ਬੁੱਕਲੇਟ ਦੀ ਘੁੰਡ ਚੁਕਾਈ ਵੀ ਕੀਤੀ ਗਈ ਜਿਸ ’ਚ ਇਸ ਸੰਸਥਾ ਵੱਲੋਂ ਅੱਜ ਤਕ ਕੀਤੇ ਗਏ ਸਮਾਜ ਭਲਾਈ ਦੇ ਕਾਰਜਾਂ ਦਾ ਵੇਰਵਾ ਹੈ । ਗਾਜ਼ੀਆਬਾਦ ਦੇ ਵਸੂੰਧਰਾ ’ਚ ਵਾਈਟ ਰੋਜ ਬੈਂਕਵੇਟ ਹਾਲ ’ਚ ਕਰਵਾਏ ਗਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ‘‘ਪਾਰਟੀ ਮਿਲਣੀ ਸਮਾਰੋਹ’’ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਸਮੇਨ ਸਿੰਘ ਨੋਨੀ, ਦਿੱਲੀ ਕਮੇਟੀ ਮੈਂਬਰ ਸ. ਵਿਕਰਮ ਸਿੰਘ ਰੋਹਿਣੀ, ਸ. ਗੁਰਪ੍ਰੀਤ ਸਿੰਘ ਜੱਸਾ, ਸ. ਪਲਵਿੰਦਰ ਸਿੰਘ ਲੱਕੀ, ਸ. ਭੁਪਿੰਦਰ ਸਿੰਘ ਗਿੰਨੀ, ਸਾਬਕਾ ਮੈਂਬਰ ਸ. ਓਂਕਾਰ ਸਿੰਘ ਰਾਜਾ ਅਤੇ ਗਾਜ਼ੀਆਬਾਦ ਇਲਾਕੇ ਤੋਂ ਸੈਂਕੜੇ ਦੀ ਤਾਦਾਦ ’ਚ ਸਿੱਖ ਸੰਗਤਾਂ ਮੌਜ਼ੂਦ ਸਨ ।

ਇਸ ਮੌਕੇ ਸ. ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਦੇਸ਼ਭਰ ’ਚ ਆਕਸੀਜਨ ਦੀ ਭਾਰੀ ਕਿੱਲਤ ਹੋਈ ਉਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੰਦਰਾਪੁਰਮ ਗੁਰਦੁਆਰੇ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਰੰਮੀ ਨੇ ਬਿਨ੍ਹਾਂ ਕੋਈ ਭੇਦਭਾਵ ਦੇ ‘‘ਮੁਫ਼ਤ ਆਕਸੀਜਨ ਲੰਗਰ’’ ਦੀ ਸੇਵਾ ਪ੍ਰਮੁੱਖਤਾ ਨਾਲ ਨਿਭਾਈ ਜਿਸ ਨਾਲ ਹਜ਼ਾਰਾਂ ਲੋਕ ਬੇਵਕਤੀ ਮੌਤ ਦਾ ਸ਼ਿਕਾਰ ਹੋਣ ਤੋਂ ਬੱਚ ਸਕੇ । ਉਨ੍ਹਾਂ ਕਿਹਾ ਕਿ ਸ. ਰੰਮੀ ਨੇ ਜਾਨਲੇਵਾ ਬੀਮਾਰੀ ਤੋਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮੁਫ਼ਤ ਆਕਸੀਜਨ ਸੇਵਾ ਕਰਕੇ ਨਾ ਸਿਰਫ ਗਾਜ਼ੀਆਬਾਦ ਦੇ ਲੋਕਾਂ ਦੀ ਸਹਾਇਤਾ ਕੀਤੀ ਬਲਕਿ ਦਿੱਲੀ, ਹਰਿਆਣਾ ਅਤੇ ਯੂ.ਪੀ. ਦੇ ਬਾਕੀ ਇਲਾਕਿਆਂ ਤੋਂ ਵੀ ਵੱਡੀ ਗਿਣਤੀ ’ਚ ਲੋੜਵੰਦ ਲੋਕਾਂ ਨੇ ਇੱਥੇ ਪੁੱਜ ਕੇ ਮੁਫ਼ਤ ਆਕਸੀਜਨ ਪ੍ਰਾਪਤ ਕੀਤੀ ਸੀ । ਸ. ਕਾਲਕਾ ਨੇ ਭਰੋਸਾ ਜਤਾਇਆ ਕਿ ਸ. ਰੰਮੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਨਾਲ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੀ ਪੱਛਮੀ ਉਤਰ ਪ੍ਰਦੇਸ਼ ’ਚ ਪਕੜ ਹੋਰ ਮਜ਼ਬੂਤ ਹੋਈ ਹੈ । ‘‘ਧਰਮ ਜਾਗਰੂਕਤਾ ਲਹਿਰ’’ ਦੇ ਤਹਿਤ ਯੂ.ਪੀ. ’ਚ ਸਿੱਖਾਂ ਦੇ ਮਸਲੇ ਹੱਲ ਕਰਾਉਣ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਦੀ ਰਫਤਾਰ ਨੂੰ ਤੇਜ਼ੀ ਮਿਲੇਗੀ । ਉਨ੍ਹਾਂ ਕਿਹਾ ਸ. ਰੰਮੀ ਦੀ ਅਗਵਾਈ ’ਚ ਯੂ.ਪੀ. ’ਚ ਜਿਲ੍ਹਾ ਪੱਧਰ ’ਤੇ ਮੈਂਬਰਸ਼ਿਪ ਅਭਿਆਨ ਵੀ ਚਲਾਇਆ ਜਾਵੇਗਾ ਤੇ ਵੱਧ ਤੋਂ ਵੱਧ ਗਿਣਤੀ ’ਚ ਸਿੱਖ ਸੰਗਤਾਂ ਨੂੰ ਆਪਣੀ ਪਾਰਟੀ ਨਾਲ ਜੋੜਨ ਦਾ ਕੰਮ ਜਾਵੇਗਾ ।

ਜ਼ਿਕਰਯੋਗ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਮੁਫ਼ਤ ਆਕਸੀਜਨ ਦੀ ਸੇਵਾ ਕਰਨ ਵਾਲੇ ਸ. ਗੁਰਪ੍ਰੀਤ ਸਿੰਘ ਰੰਮੀ ਨੂੰ ਦੇਸ਼-ਵਿਦੇਸ਼ ਦੀਆਂ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ । ਸਿੱਖਾਂ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਲੋਕਾਂ ਦੇ ਮਨ ’ਚ ਵੀ ਇਨ੍ਹਾਂ ਪ੍ਰਤੀ ਆਦਰ ਸਤਿਕਾਰ ਹੈ ।

error: Content is protected !!