ਭਗਵੰਤ ਮਾਨ ਦੇ ਗੁਜਰਾਤ ਦੇ ਗਰਬੇ ਦੀ ਧਮਕ ਪੰਜਾਬ ਵਿਚ, ਵਿਰੋਧੀ ਬੋਲੇ-ਸਾਡੇ ਆਲਾ ਗੁਜਰਾਤ ਵਿਚ ਖੁਸ਼ੀ ਵਿਚ ਭੰਗੜੇ ਪਾ ਰਿਹੈ…

ਭਗਵੰਤ ਮਾਨ ਦੇ ਗੁਜਰਾਤ ਦੇ ਗਰਬੇ ਦੀ ਧਮਕ ਪੰਜਾਬ ਵਿਚ, ਵਿਰੋਧੀ ਬੋਲੇ-ਸਾਡੇ ਆਲਾ ਗੁਜਰਾਤ ਵਿਚ ਖੁਸ਼ੀ ਵਿਚ ਭੰਗੜੇ ਪਾ ਰਿਹੈ…

ਪੰਜਾਬ (ਵੀਓਪੀ ਬਿਊਰੋ) ਨੱਚੀ ਮੈਂ ਲੁਧਿਆਣੇ ਧਮਕ ਜਲੰਧਰ ਪੈਂਦੀ ਗਾਣੇ ਦੇ ਬੋਲ ਪੰਜਾਬ ਦੇ ਸੀਐਮ ਭਗਵੰਤ ਮਾਨ ਉਤੇ ਢੁੱਕਦੇ ਨਜ਼ਰ ਆ ਰਹੇ ਹਨ। ਮਾਮਲਾ ਇਹ ਹੈ ਕਿ ਗੁਜਰਾਤ ਵਿਚ ਚੋਣ ਪ੍ਰਚਾਰ ਦੌਰਾਨ ਇਕ ਪ੍ਰੋਗਰਾਮ ਵਿਚ ਸੀਐਮ ਭਗਵੰਤ ਮਾਨ ਵੱਲੋਂ ਕੀਤੇ ਗਰਬੇ ਤੇ ਪਾਏ ਭੰਗੜੇ ਦੀ ਧਮਕ ਪੰਜਾਬ ਦੀ ਸਿਆਸਤ ਉਤੇ ਪੈਂਦੀ ਦਿਸ ਰਹੀ ਹੈ। ਵਿਰੋਧੀ ਪਾਰਟੀਆਂ ਨੇ ਆਮ ਆਦਮੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸੀਐਮ ਭਗਵੰਤ ਮਾਨ ਦੇ ਗਰਬਾ ਕਰਨ ਤੇ ਭੰਗੜਾ ਪਾਉਣ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਅੱਗ ਵਾਂਗੂ ਵਾਇਰਲ ਹੋਈ। ਗੁਜਰਾਤ ਵਿਚ ਸੀਐਮ ਭਗਵੰਤ ਮਾਨ ਦੇ ਗਰਬੇ ਦੀ ਧਮਕ ਪੰਜਾਬ ਵਿਚ ਪੈਂਦੀ ਉਸ ਸਮੇਂ ਦਿਸੀ, ਜਦੋਂ ਵਿਰੋਧੀ ਸਿਆਸੀ ਪਾਰਟੀਆਂ ਉਨ੍ਹਾਂ ਉਤੇ ਤੰਜ ਕੱਸਣ ਲੱਗੀਆਂ। ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਤਿੱਖੇ ਸ਼ਬਦੀ ਹਮਲੇ ਕੀਤੇ।
ਭਾਜਪਾ ਨੇ ਸੂਬੇ ਦੀ ਦਿਨੋ-ਦਿਨ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ’ਤੇ ਤਿੱਖਾ ਵਿਅੰਗ ਕਰਦਿਆਂ ਕਿਹਾ ਕਿ ਪੰਜਾਬ ਨੂੰ ਲੁੱਟ ਕੇ ਗੁਜਰਾਤ ਵਿਚ ਭੰਗੜੇ ਪਾਉਣ ਨੇ ਦੱਸ ਦਿੱਤਾ ਹੈ ਕਿ ‘ਆਪ’ ਰਾਜ ਭਾਗ ਸੰਭਾਲਣ ਤੋਂ ਅਸਮਰੱਥ ਹੈ।


ਲੋਕਾਂ ਦਾ ਧਿਆਨ ਭਟਕਾਉਣ ਲਈ ਪੰਜਾਬ ਦੀਆਂ ਪ੍ਰਾਪਤੀਆਂ ਦੱਸਣ ਦੀ ਥਾਂ ਗੁਜਰਾਤ ਦੇ ਲੋਕਾਂ ਨੂੰ ਨੱਚ-ਟੱਪ ਕੇ ਦਿਖਾਇਆ ਜਾ ਰਿਹਾ ਹੈ। ਭਾਜਪਾ ਦੀ ਸੀਨੀਅਰ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜਦੋਂ ਰੋਮ ਸੜ ਰਿਹਾ ਸੀ ਤਾਂ ਨੀਰੋ ਬੰਸਰੀ ਵਜਾ ਰਿਹਾ ਸੀ।
ਇਸ ਘਟਨਾ ਨੇ ਇਤਿਹਾਸ ਨੂੰ ਦੁਹਰਾ ਦਿੱਤਾ ਹੈ। ਇਹੋ ਹਾਲ ਆਮ ਆਦਮੀ ਪਾਰਟੀ ਦਾ ਬਣਿਆ ਹੋਇਆ ਕਿ ਉਨ੍ਹਾਂ ਦੇ ਮੰਤਰੀ ਜੋ ਮੂੰਹ ਆਇਆ, ਉਹ ਬੋਲੀ ਜਾ ਰਹੇ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਗੁਜਰਾਤ ਦੇ ਲੋਕ ਸਿਆਣੇ ਹਨ ਤੇ ਉਹ ਪੰਜਾਬ ਨੂੰ ਠੱਗਣ ਵਾਲੇ ਆਪ ਆਗੂਆਂ ਦੀਆਂ ਗੱਲਾਂ ’ਚ ਆਉਣ ਵਾਲੇ ਨਹੀਂ ਹਨ।

…ਸਾਡੇ ਆਲਾ ਬੰਦਾ ਗੁਜਰਾਤ ਵਿਚ ਭੰਗੜੇ ਪਾ ਰਿਹੈ : ਮਾਨ

ਭਾਜਪਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਆਪ ਸਰਕਾਰ ਨੂੰ ਨਿਸ਼ਾਨੇ ਉਤੇ ਲਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਹਨ। ਉਨ੍ਹਾਂ ਲਿਖਿਆ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ। ਹਮਲੇ ਪਿੱਛੋਂ ਗਾਇਕ ਅਲਫਾਜ਼ ਮੌਤ ਦੇ ਮੂੰਹ ਵਿਚ ਹੈ। ਮੂਸੇਵਾਲਾ ਦੇ ਕਤਲ ਦਾ ਦੋਸ਼ੀ ਦੀਪਕ ਟੀਨੂੰ ਪੁਲਿਸ ਹਿਰਾਸਤ ‘ਚੋਂ ਫਰਾਰ ਹੋ ਗਿਆ ਹੈ। ਪੰਜਾਬ ਸਰਕਾਰ ਹੁਣ ਲੱਖਾ ਸਿਧਾਣਾ ਅਤੇ ਅੰਮ੍ਰਿਤਪਾਲ ਸਿੰਘ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਦੌਰਾਨ ਸਾਡੇ ਆਲਾ (ਭਗਵੰਤ ਮਾਨ) ਗੁਜਰਾਤ ਵਿਚ ਖੁਸ਼ੀ ਵਿੱਚ ਭੰਗੜੇ ਪਾ ਰਿਹਾ ਹੈ।’

error: Content is protected !!