ਆਪਰੇਸ਼ਨ ਅੰਮ੍ਰਿਤਪਾਲ ਦੇ ਖਾਸ ਫੈਕਟ; ਚਾਚਾ ਤੇ ਡਰਾਈਵਰ ਕਾਬੂ, ਮੋਬਾਈਲ ਇੰਟਰਨੈੱਟ ਸੇਵਾ ਹੁਣ ਮੰਗਲਵਾਰ ਤਕ ਬੰਦ, ਪੁਲਿਸ ਨੇ ਦੱਸਿਆ ਪਾਕਿਸਤਾਨ ਕੁਨੈਕਸ਼ਨ

ਆਪਰੇਸ਼ਨ ਅੰਮ੍ਰਿਤਪਾਲ ਦੇ ਖਾਸ ਫੈਕਟ; ਚਾਚਾ ਤੇ ਡਰਾਈਵਰ ਕਾਬੂ, ਮੋਬਾਈਲ ਇੰਟਰਨੈੱਟ ਸੇਵਾ ਹੁਣ ਮੰਗਲਵਾਰ ਤਕ ਬੰਦ, ਪੁਲਿਸ ਨੇ ਦੱਸਿਆ ਪਾਕਿਸਤਾਨ ਕੁਨੈਕਸ਼ਨ

ਜਲੰਧਰ/ਚੰਡੀਗੜ੍ਹ (ਵੀਓਪੀ ਬਿਊਰੋ) ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਨੂੰ ਅਜੇ ਵੀ ਭਾਜੜ ਪਈ ਹੋਈ ਹੈ ਅਤੇ ਇਸ ਦੇ ਨਾਲ ਹੀ ਆਮ ਲੋਕਾਂ ਵਿੱਚ ਵੀ ਦਹਿਸ਼ਤ ਦਾ ਮਾਹੋਲ ਬਣਿਆ ਹੋਇਆ ਹੈ। ਪੰਜਾਬ ਵਿੱਚ ਮੋਬਾਈਲ ਇੰਟਰਨੈੱਟ ਸੇਵਾ ਪੂਰੀ ਤਰਾ ਦੇ ਨਾਲ ਬੰਦ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਦੀ ਭਾਲ ਸੋਮਵਾਰ ਨੂੰ ਤੀਜੇ ਦਿਨ ਵੀ ਜਾਰੀ ਰਹੀ। ਪੁਲਿਸ ਨੂੰ ਅੰਮ੍ਰਿਤਪਾਲ ਦੇ ਜਲੰਧਰ ਵਿੱਚ ਲੁਕੇ ਹੋਣ ਦਾ ਸ਼ੱਕ ਹੈ। ਜ਼ਿਲ੍ਹੇ ਦੇ ਸਾਰੇ ਪ੍ਰਵੇਸ਼ ਅਤੇ ਨਿਕਾਸ ਮਾਰਗਾਂ ‘ਤੇ ਨਾਕਾਬੰਦੀ ਕਰ ਦਿੱਤੀ ਗਈ ਹੈ। ਅੰਮ੍ਰਿਤਪਾਲ ਦੇ ਪਿੰਡ ਜੱਲੂਖੇੜਾ ਵਿੱਚ ਵੀ ਫੋਰਸ ਤਾਇਨਾਤ ਹੈ। ਪੰਜਾਬ ਦੀਆਂ ਜੰਮੂ-ਕਸ਼ਮੀਰ ਅਤੇ ਹਿਮਾਚਲ ਨਾਲ ਲੱਗਦੀਆਂ ਸਰਹੱਦਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਜੋ ਅਹਿਮ ਜਾਣਕਾਰੀ ਸਾਹਮਣੇ ਆਈ ਹੈ, ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਅਤੇ ਡਰਾਈਵਰ ਨੇ ਐਤਵਾਰ ਦੇਰ ਰਾਤ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਦੇ ਕੋਲੋਂ 1 ਲੱਖ ਦੀ ਨਕਦੀ ਅਤੇ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਹੁਣ ਤੱਕ 114 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਸ ਦੇ ਨਾਲ ਹੀ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਇਮਾਨ ਸਿੰਘ ਖਾਰਾ ਨੇ ਐਤਵਾਰ ਨੂੰ ਹਾਈਕੋਰਟ ਵਿੱਚ ਅਪੀਲ ਕੀਤੀ ਕਿ ਅੰਮ੍ਰਿਤਪਾਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਜਸਟਿਸ ਐਨਐਸ ਸ਼ਿਖਾਵਤ ਦੀ ਰਿਹਾਇਸ਼ ‘ਤੇ ਹੋਈ ਸੁਣਵਾਈ ਤੋਂ ਬਾਅਦ ਪੰਜਾਬ ਸਰਕਾਰ ਤੋਂ 21 ਮਾਰਚ ਤੱਕ ਜਵਾਬ ਮੰਗਿਆ ਗਿਆ ਹੈ।
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਦੇ ਫਾਈਨਾਂਸਰ ਦਲਜੀਤ ਸਿੰਘ ਕਲਸੀ ਨੂੰ ਦੋ ਸਾਲਾਂ ਵਿੱਚ 35 ਕਰੋੜ ਰੁਪਏ ਦੇ ਵਿਦੇਸ਼ੀ ਫੰਡ ਮਿਲੇ ਹਨ। ਪਾਕਿਸਤਾਨ ‘ਚ ਵੀ ਉਸ ਦੀ ਫੋਨ ‘ਤੇ ਗੱਲ ਹੋਈ। ਪੁਲਿਸ ਉਸ ਦਾ ਮੋਬਾਈਲ ਚੈੱਕ ਕਰ ਰਹੀ ਹੈ। ਕੇਂਦਰੀ ਖੁਫੀਆ ਏਜੰਸੀਆਂ ਨੇ ਦੱਸਿਆ ਕਿ ਅੰਮ੍ਰਿਤਪਾਲ ਨਸ਼ਾ ਛੁਡਾਊ ਕੇਂਦਰਾਂ ਦੇ ਨਾਂ ‘ਤੇ ਫਿਦਾਇਨ ਹਮਲਾਵਰ ਤਿਆਰ ਕਰ ਰਿਹਾ ਸੀ। ਉਹ ਅੱਤਵਾਦੀਆਂ ਨੂੰ ਤਿਆਰ ਕਰ ਰਿਹਾ ਸੀ। ਸਭ ਕੁਝ ISI ਦੇ ਇਸ਼ਾਰੇ ‘ਤੇ ਹੋ ਰਿਹਾ ਸੀ। ਗੈਰ-ਕਾਨੂੰਨੀ ਹਥਿਆਰ ਪਾਕਿਸਤਾਨ ਤੋਂ ਮੰਗਵਾ ਕੇ ਇਨ੍ਹਾਂ ਕੇਂਦਰਾਂ ਵਿਚ ਸਟੋਰ ਕੀਤੇ ਜਾ ਰਹੇ ਸਨ। ਜਿਸ ਰਾਹੀਂ ਉਹ ਆਨੰਦਪੁਰ ਖਾਲਸਾ ਫੋਰਸ (ਏ.ਕੇ.ਐਫ.) ਤਿਆਰ ਕਰ ਰਿਹਾ ਸੀ। ਅੰਮ੍ਰਿਤ ਸੰਚਾਰ ਦੇ ਨਾਂ ’ਤੇ ਸਭ ਕੁਝ ਕੀਤਾ ਜਾ ਰਿਹਾ ਸੀ।

ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਬੱਸਾਂ ਬੁੱਧਵਾਰ ਨੂੰ ਵੀ ਨਹੀਂ ਚੱਲਣਗੀਆਂ। ਪੰਜਾਬ ਵਿੱਚ ਮੋਬਾਈਲ ਇੰਟਰਨੈਟ ਅਤੇ ਬਲਕ ਐਸਐਮਐਸ ਸੇਵਾ ਮੰਗਲਵਾਰ ਦੁਪਹਿਰ ਤੱਕ ਮੁਅੱਤਲ ਕਰ ਦਿੱਤੀ ਗਈ ਹੈ। ਅੰਮ੍ਰਿਤਪਾਲ ਦੇ 4 ਸਾਥੀਆਂ ਨੂੰ ਆਸਾਮ ਦੇ ਡਿਬਰੂਗੜ੍ਹ ਲਿਜਾਇਆ ਗਿਆ ਹੈ। ਉਨ੍ਹਾਂ ਦੇ ਨਾਂ ਸੋਮਵਾਰ ਨੂੰ ਦੱਸੇ ਗਏ। ਇਨ੍ਹਾਂ ਵਿੱਚ ਫਾਈਨਾਂਸਰ ਦਲਜੀਤ ਸਿੰਘ ਕਲਸੀ, ਭਗਵੰਤ ਸਿੰਘ, ਗੁਰਮੀਤ ਸਿੰਘ ਅਤੇ ਪ੍ਰਧਾਨ ਬਾਜੇਕੇ ਸ਼ਾਮਲ ਹਨ। ਅੰਮ੍ਰਿਤਪਾਲ ਦਾ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਸਬੰਧ ਸਾਹਮਣੇ ਆਇਆ ਹੈ। ਅੰਮ੍ਰਿਤਪਾਲ ਦੇ ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦਾ ਹੈਂਡਲਰ ਹੋਣ ਦਾ ਵੀ ਇਨਪੁਟ ਹੈ।

1980 ‘ਚ ਬਣੀ BKI ਨੂੰ ਭਾਰਤ ਅਤੇ ਇੰਗਲੈਂਡ ‘ਚ ਅੱਤਵਾਦੀ ਸੰਗਠਨ ਐਲਾਨਿਆ ਗਿਆ ਹੈ। ਕੈਨੇਡਾ, ਜਰਮਨੀ ਅਤੇ ਇੰਗਲੈਂਡ ਵਿੱਚ ਸਭ ਤੋਂ ਵੱਧ ਸਰਗਰਮ ਹੈ। ਬੀਕੇਆਈ ਦੇ ਜ਼ਿਆਦਾਤਰ ਮੈਂਬਰਾਂ ਨੇ ਪਾਕਿਸਤਾਨ ਵਿੱਚ ਸ਼ਰਨ ਲਈ ਹੈ। ਉਹ ਆਈਐਸਆਈ ਨਾਲ ਮਿਲ ਕੇ ਕੰਮ ਕਰ ਰਹੇ ਹਨ। ਇਸ ਆਧਾਰ ‘ਤੇ ਪੰਜਾਬ ਪੁਲਿਸ ਦੇ ਜਲੰਧਰ ਰੇਂਜ ਦੇ ਡੀਆਈਜੀ ਸਵਪਨ ਸ਼ਰਮਾ ਨੇ ਅੰਮ੍ਰਿਤਪਾਲ ਦੇ ਸਬੰਧ ਆਈਐਸਆਈ ਨਾਲ ਜੁੜੇ ਹੋਣ ਦੀ ਗੱਲ ਕਹੀ ਹੈ। ਪਤਾ ਲੱਗਾ ਹੈ ਕਿ ਅੰਮ੍ਰਿਤਪਾਲ 10 ਸਾਲਾਂ ਤੋਂ ਦੁਬਈ ਵਿੱਚ ਸੀ। ਬੀਕੇਆਈ ਦਾ ਹੈਂਡਲਰ ਬਣ ਕੇ ਹੀ 2022 ਵਿੱਚ ਪੰਜਾਬ ਪਰਤਿਆ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਪਾਲ ਪਿੰਡ ਜੱਲੂਖੇੜਾ ਵਿੱਚ ਆਪਣੀ ਨਿੱਜੀ ਫੌਜ ਆਨੰਦਪੁਰ ਖਾਲਸਾ ਫੋਰਸ (ਏਕੇਐਫ) ਬਣਾ ਰਿਹਾ ਸੀ। ਪੁਲਿਸ ਨੂੰ ਉਸਦੇ ਘਰੋਂ ਏਕੇਐਫ ਲਿਖੀਆਂ ਕਈ ਜੈਕਟਾਂ ਮਿਲੀਆਂ ਹਨ। ਇਹ ਜੈਕਟ ਪੁਲਿਸ ਅਤੇ ਆਰਮੀ ਕਮਾਂਡੋ ਦੀਆਂ ਜੈਕਟਾਂ ਵਰਗੀਆਂ ਹਨ। ਸਾਥੀਆਂ ਕੋਲੋਂ ਬਰਾਮਦ ਹੋਏ ਸਾਰੇ ਹਥਿਆਰਾਂ ‘ਤੇ ਏ.ਕੇ.ਐਫ ਲਿਖਿਆ ਹੋਇਆ ਵੀ ਪਾਇਆ ਗਿਆ। ਹਰਵਿੰਦਰ ਸਿੰਘ ਦੇ ਨਜ਼ਦੀਕੀ ਕੋਲੋਂ ਕਈ ਨਾਜਾਇਜ਼ ਹਥਿਆਰ ਅਤੇ 100 ਤੋਂ ਵੱਧ ਕਾਰਤੂਸ ਬਰਾਮਦ ਹੋਏ ਹਨ।

ਮੁੱਢਲੀ ਜਾਂਚ ਵਿੱਚ ਅੰਮ੍ਰਿਤਪਾਲ ਦਾ ਨਾਂ ਅਵਤਾਰ ਸਿੰਘ ਖੰਡਾ ਨਾਲ ਜੋੜਿਆ ਜਾ ਰਿਹਾ ਹੈ। ਅਤਵਰ ਸਿੰਘ ਖੰਡਾ ਪਾਕਿਸਤਾਨ ਵਿੱਚ ਬੈਠੇ ਬੱਬਰ ਖਾਲਸਾ ਦੇ ਮੁਖੀ ਪਰਮਜੀਤ ਸਿੰਘ ਪੰਮਾ ਦੇ ਖਾਸ ਹਨ ਅਤੇ ‘ਬੱਬਰ ਖਾਲਸਾ ਯੂਕੇ’ ਦਾ ਸੰਚਾਲਨ ਕਰਦੇ ਹਨ। ਬੱਬਰ ਖਾਲਸਾ ਇਸ ਸਮੇਂ ਪ੍ਰੋਜੈਕਟ K2 ‘ਤੇ ਕੰਮ ਕਰ ਰਿਹਾ ਹੈ। ਕਸ਼ਮੀਰ ਵਿੱਚ ਭੜਕਾਊ ਗਤੀਵਿਧੀਆਂ ਦੇ ਨਾਲ-ਨਾਲ ਪੰਜਾਬ ਵਿੱਚ ਇੱਕ ਵਾਰ ਫਿਰ ਖਾਲਿਸਤਾਨੀ ਲਹਿਰ ਖੜ੍ਹੀ ਕਰਨ ਦੀ ਯੋਜਨਾ ਹੈ। ਇਸੇ ਲਈ ਅੰਮ੍ਰਿਤਪਾਲ ਨੂੰ ਪੰਜਾਬ ਭੇਜਿਆ ਗਿਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1 ਸਤੰਬਰ 2022 ਨੂੰ ਹੀ ਇੱਕ ਮੀਟਿੰਗ ਦੌਰਾਨ ਕਿਹਾ ਸੀ ਕਿ ਅੰਮ੍ਰਿਤਪਾਲ ਦੀ ਦੁਬਈ ਤੋਂ ਪੰਜਾਬ ਵਾਪਸੀ ਪਿੱਛੇ ਗੁਆਂਢੀ ਦੇਸ਼ ਪਾਕਿਸਤਾਨ ਦਾ ਹੱਥ ਹੈ।

ਜਿਸ ਮਰਸਡੀਜ਼ ਕਾਰ ਵਿਚ ਅੰਮ੍ਰਿਤਪਾਲ ਸਿੰਘ ਘੁੰਮਦਾ ਰਹਿੰਦਾ ਸੀ, ਉਹ ਹਰਿਆਣਾ ਦੇ ਇਕ ਵਪਾਰੀ ਦੀ ਸੀ। ਜਿਸ ਨੂੰ ਪੰਜਾਬ ਦੇ ਇੱਕ ਵਿਅਕਤੀ ਨੇ ਇਸ ਸਾਲ ਜਨਵਰੀ ਵਿੱਚ ਖਰੀਦਿਆ ਸੀ। ਪੁਲਿਸ ਨੇ ਦੱਸਿਆ ਕਿ ਕਾਰ ਅਜੇ ਤੱਕ ਟਰਾਂਸਫਰ ਨਹੀਂ ਕੀਤੀ ਗਈ ਸੀ। ਪਰ ਜਿਸ ਵਿਅਕਤੀ ਨੇ ਇਹ ਕਾਰ ਖਰੀਦੀ ਹੈ ਉਹ ਰਾਵੇਲ ਸਿੰਘ ਹੈ, ਜਿਸ ਨੂੰ ਨਸ਼ਾ ਤਸਕਰੀ ਦੇ ਦੋਸ਼ ‘ਚ ਗ੍ਰਿਫਤਾਰ ਵੀ ਕੀਤਾ ਗਿਆ ਹੈ। ਇਸ ਮਰਸਡੀਜ਼ ਵਿੱਚ ਅੰਮ੍ਰਿਤਪਾਲ ਦਾ ਚਾਚਾ ਅਤੇ ਡਰਾਈਵਰ ਆਤਮ ਸਮਰਪਣ ਕਰਨ ਆਏ ਸਨ।

error: Content is protected !!