ਫੋਨ ਹੈਕਰਾਂ ਨੇ ਇਸ ਕਦਰ ਕਰ ਦਿੱਤਾ ਪਰੇਸ਼ਾਨ ਕਿ ਮੌਤ ਨੂੰ ਲਾ ਲਿਆ ਗਲੇ, ਸੁਸਾਈਡ ਨੋਟ ਵਿਚ ਦੱਸੀ ਪੂਰੀ ਗੱਲ, ਪਤਨੀ ਤੇ ਬੱਚਿਆਂ ਕੋਲੋਂ ਮੰਗੀ ਮਾਫ਼ੀ

ਫੋਨ ਹੈਕਰਾਂ ਨੇ ਇਸ ਕਦਰ ਕਰ ਦਿੱਤਾ ਪਰੇਸ਼ਾਨ ਕਿ ਮੌਤ ਨੂੰ ਲਾ ਲਿਆ ਗਲੇ, ਸੁਸਾਈਡ ਨੋਟ ਵਿਚ ਦੱਸੀ ਪੂਰੀ ਗੱਲ, ਪਤਨੀ ਤੇ ਬੱਚਿਆਂ ਕੋਲੋਂ ਮੰਗੀ ਮਾਫ਼ੀ


ਵੀਓਪੀ ਬਿਊਰੋ, ਮੁੱਦਕੀ : ਮੋਬਾਈਲ ਫੋਨ ਦੇ ਹੈਕਰਾਂ ਨੇ ਵਿਅਕਤੀ ਨੂੰ ਇਸ ਕਦਰ ਪਰੇਸ਼ਾਨ ਕਰ ਦਿੱਤਾ ਕਿ ਉਸ ਨੇ ਖ਼ੁਦਕਸ਼ੀ ਕਰ ਲਈ। ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਪ੍ਰੈੱਸ ਨੂੰ ਖੁਦਕਸ਼ੀ ਨੋਟ ਦੀਆਂ ਕਾਪੀਆਂ ਦਿੰਦੇ ਹੋਏ ਦੱਸਿਆ ਕਿ ਪ੍ਰਭਜੀਤ ਸਿੰਘ ਭੁੱਲਰ ਪੁੱਤਰ ਸਵ. ਬਲਬੀਰ ਸਿੰਘ ਭੁੱਲਰ ਵਾਸੀ ਫਰੀਦਕੋਟ ਰੋਡ, ਵਾਰਡ ਨੰਬਰ 5 ਨੇ ਆਪਣੇ ਖ਼ੁਦਕਸ਼ੀ ਨੋਟ ’ਚ ਲਿਖਿਆ ਹੈ ਕਿ ਫੋਨ ਹੈਕਰਾਂ ਵੱਲੋਂ ਬੀਤੇ ਲੰਬੇ ਸਮੇਂ ਤੋਂ ਮੇਰਾ ਫੋਨ ਹੈਕ ਕੀਤਾ ਹੋਇਆ ਹੈ ਅਤੇ ਉਨ੍ਹਾਂ ਕੋਲ ਮੇਰਾ ਆਧਾਰ ਕਾਰਡ, ਪੈਨ ਕਾਰਡ, ਮੇਰੇ ਸਾਰੇ ਕਾਂਟੈਕਟ ਨੰਬਰ ਅਤੇ ਮੇਰੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਵੀ ਹਨ। ਮੁਲਜ਼ਮ ਕਾਫੀ ਲੰਬੇ ਸਮੇਂ ਤੋਂ ਮੈਨੂੰ ਬਲੈਕਮੇਲ ਕਰ ਰਹੇ ਹਨ। ਉਹ ਮੈਨੂੰ ਹਰ ਰੋਜ਼ ਅਲੱਗ-ਅਲੱਗ 15-20 ਮੋਬਾਈਲ ਨੰਬਰਾਂ ਤੋਂ ਕਾਲ ਕਰਦੇ, ਜਿਹੜੇ ਸਾਰੇ ਨੰਬਰ ਫੇਕ ਹਨ, ਜਿਨ੍ਹਾਂ ’ਤੇ ਦੋਬਾਰਾ ਕਾਲ ਵੀ ਨਹੀਂ ਸੀ ਲੱਗਦੀ।
ਵਟਸਐਪ ’ਤੇ ਫੈਮਿਲੀ ਫੋਟੋਜ਼ ਪਾ ਕੇ ਹੈਕਰ ਕਹਿੰਦੇ ਹਨ ਕਿ ਪੈਸੇ ਦੇ ਨਹੀਂ ਤਾਂ ਪਰਿਵਾਰ ਦੀਆਂ ਤਸਵੀਰਾਂ ਨੂੰ ਗਲਤ ਤਰੀਕੇ ਨਾਲ ਐਡਿਟ ਕਰ ਕੇ ਫੋਟੋਆਂ ਵਾਇਰਲ ਕਰ ਦੇਵਾਂਗੇ ਅਤੇ ਤੇਰੇ ਸਾਰੇ ਕਾਂਟੈਕਟ ਨੰਬਰਾਂ ਉੱਪਰ ਵੀ ਭੇਜ ਦੇਵਾਂਗੇ। ਜੇਕਰ ਤੂੰ ਆਪਣਾ ਫੋਨ ਬਦਲਿਆ ਤਾਂ ਇਸ ਨਾਲ ਹੋਣ ਵਾਲੇ ਨੁਕਸਾਨ ਦਾ ਵੀ ਤੂੰ ਖੁਦ ਜ਼ਿੰਮੇਵਾਰ ਹੋਵੇਂਗਾ।


ਪ੍ਰਭਜੀਤ ਸਿੰਘ (42) ਨੇ ਖੁਦਕਸ਼ੀ ਨੋਟ ’ਚ ਆਪਣੇ ਪਰਿਵਾਰ, ਆਪਣੀ ਪਤਨੀ ਹਰਜੀਤ ਕੌਰ ਅਤੇ ਬੇਟੀ ਅਨੁਰੀਤ ਕੌਰ ਤੇ ਪੁੱਤਰ ਗੁਰਮੀਤ ਸਿੰਘ ਤੋਂ ਮੁਆਫੀ ਵੀ ਮੰਗੀ। ਉਸ ਨੇ ਕਿਹਾ ਕਿ ਮੈਂ ਜੋ ਇਹ ਫ਼ੈਸਲਾ ਲਿਆ ਹੈ, ਇਹ ਫ਼ੈਸਲਾ ਮੇਰਾ ਆਪਣਾ ਹੈ। ਹੈਕਰਾਂ ਤੋਂ ਬਿਨਾਂ ਇਸ ’ਚ ਮੇਰੇ ਕਿਸੇ ਵੀ ਪਰਵਾਰਿਕ ਮੈਂਬਰ, ਰਿਸ਼ਤੇਦਾਰ ਜਾਂ ਕਿਸੇ ਯਾਰ-ਦੋਸਤ ਦਾ ਕੋਈ ਰੋਲ ਨਹੀਂ ਹੈ।

error: Content is protected !!