ਕਬਰਸਿਤਾਨ ਚ ਦੱਬੀ ਲਾਸ਼ ਨੇ ਮਚਾਈ ਸਨਸਨੀ, ਹੱਥ ਪੈਰ ਨਿੱਕਲੇ ਸਨ ਬਾਹਰ, ਲੋਕਾਂ ਨੂੰ ਲੱਗਿਆ….

ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਪਿੰਡ ਖਦਾਵਰ ਵਿੱਚ ਮੁਸਲਿਮ ਅਤੇ ਈਸਾਈ ਭਾਈਚਾਰੇ ਵੱਲੋਂ ਮ੍ਰਿਤਕ ਲੋਕਾਂ ਨੂੰ ਦਫ਼ਨਾਉਣ ਲਈ ਬਣਾਏ ਗਏ ਕਬਰਿਸਤਾਨ ਨੇੜੇ ਅੱਧੀ ਦੱਬੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ।ਨਮਾਜ਼ ਅਦਾ ਕਰਨ ਵਾਲੇ ਮੁਸਲਿਮ ਭਾਈਚਾਰੇ ਨੂੰ ਸਭ ਤੋਂ ਪਹਿਲਾਂ ਲਾਸ਼ ਪਈ ਨਜ਼ਰ ਆਈ ਅਤੇ ਉਨ੍ਹਾਂ ਤੁਰੰਤ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ। ਇਸ ਦੇ ਨਾਲ ਹੀ ਲਾਸ਼ ਦੇ ਕੋਲ ਇੱਕ ਲੋਹੇ ਦੀ ਟੋਇਆ ਪੁੱਟਣ ਵਾਲੀ ਕੱਸੀ ਅਤੇ ਫੋਲਡਿੰਗ ਬੈੱਡ ਵੀ ਮਿਲਿਆ ਹੈ। ਥਾਣਾ ਸੁਜਾਨਪੁਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਰਾਮੇਸ਼ਵਰ ਸਿੰਘ ਨੇ ਦੱਸਿਆ ਕਿ ਈਦ ਦੇ ਤਿਉਹਾਰ ਮੌਕੇ ਵੀਰਵਾਰ ਨੂੰ ਪਿੰਡ ਖਦਾਵਰ ਦੇ ਮੁਸਲਿਮ ਅਤੇ ਈਸਾਈ ਭਾਈਚਾਰੇ ਵੱਲੋਂ ਸਾਂਝੇ ਤੌਰ ‘ਤੇ ਬਣਾਏ ਗਏ ਕਬਰਿਸਤਾਨ ‘ਚ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ ਅਦਾ ਕਰਨ ਲਈ ਆਏ ਸਨ। ਉੱਥੇ ਲੋਕਾਂ ਨੇ ਦੇਖਿਆ ਕਿ ਇੱਕ ਲਾਸ਼ ਕਬਰਿਸਤਾਨ ਵਿੱਚ ਦੱਬੀ ਹੋਈ ਸੀ ਅਤੇ ਉਸ ਦੇ ਹੱਥ-ਪੈਰ ਬਾਹਰ ਸਨ। ਮੁਸਲਿਮ ਭਾਈਚਾਰੇ ਨੇ ਉਨ੍ਹਾਂ ਨੂੰ ਲਾਸ਼ ਬਾਰੇ ਸੂਚਿਤ ਕੀਤਾ। ਰਾਮੇਸ਼ਵਰ ਨੇ ਦੱਸਿਆ ਕਿ ਆਪਣੇ ਪੱਧਰ ‘ਤੇ ਦੋਵੇਂ ਭਾਈਚਾਰੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਦੋਵਾਂ ਭਾਈਚਾਰੇ ਦੇ ਲੋਕਾਂ ‘ਚੋਂ ਕਿਸੇ ਦੇ ਵੀ ਪਰਿਵਾਰਕ ਮੈਂਬਰ ਦੀ ਲਾਸ਼ ਨਹੀਂ ਹੈ।

ਅਮਰੀਕ ਮੁਹੰਮਦ ਨੇ ਦੱਸਿਆ ਕਿ ਉਕਤ ਕਬਰਿਸਤਾਨ ‘ਚੋਂ ਮਿਲੀ ਲਾਸ਼ ਨੂੰ ਦੇਖ ਕੇ ਲੱਗਦਾ ਸੀ ਕਿ ਕਿਸੇ ਨੇ ਲਾਸ਼ ਨੂੰ ਗੈਰ-ਕਾਨੂੰਨੀ ਢੰਗ ਨਾਲ ਦਫਨਾਇਆ ਸੀ ਕਿਉਂਕਿ ਮੁਸਲਿਮ ਭਾਈਚਾਰਾ ਕਬਰ ਪੁੱਟਣ ਸਮੇਂ ਬਹੁਤ ਡੂੰਘਾਈ ‘ਚ ਜਾਂਦਾ ਹੈ ਅਤੇ ਲਾਸ਼ ਨੂੰ ਲੱਕੜ ਦੇ ਫੱਟੇ ‘ਤੇ ਰੱਖ ਕੇ ਸਹੀ ਢੰਗ ਨਾਲ ਦਫਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਕਬਰਿਸਤਾਨ ਵਿੱਚ ਅਜਿਹੀ ਲਾਸ਼ ਮਿਲਣਾ ਕੋਈ ਸ਼ੁੱਭ ਸੰਕੇਤ ਨਹੀਂ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਉਕਤ ਵਿਅਕਤੀ ਦਾ ਕਤਲ ਕਰਕੇ ਅੱਧਾ-ਅਧੂਰਾ ਹੀ ਦੱਬ ਦਿੱਤਾ।

ਥਾਣਾ ਸੁਜਾਨਪੁਰ ਦੇ ਇੰਚਾਰਜ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਮਸ਼ਾਨਘਾਟ ‘ਚ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ ਅਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਲਾਸ਼ ਸਬੰਧੀ ਦੋਵਾਂ ਭਾਈਚਾਰਿਆਂ ਦੇ ਲੋਕਾਂ ਸਮੇਤ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵਿਅਕਤੀ ਦੀ ਲਾਸ਼ ਤੋਂ ਮਿਲੇ ਸਮਾਨ ਦੀ ਵੀ ਜਾਂਚ ਕਰ ਰਹੀ ਹੈ। ਜਾਂਚ ਵਿਚ ਜੋ ਸਾਹਮਣੇ ਆਵੇਗਾ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

error: Content is protected !!