ਚਰਚ ‘ਚ ਵੜ ਕੇ ਕੀਤੀ ਭੰਨਤੋੜ, ਪ੍ਰਭੂ ਯਿਸੂ ਤੇ ਮਾਂ ਮੈਰੀ ਦੀ ਮੂਰਤੀ ਤੋੜ ਲਾਹ ਕੇ ਲਏ ਗਏ ਸਿਰ, ਪਾਦਰੀ ਦੀ ਕਾਰ ਨੂੰ ਲਾਈ ਅੱਗ, ਇਲਾਕੇ ‘ਚ ਤਣਾਅ ਵਾਲੀ ਸਥਿਤੀ…

ਚਰਚ ‘ਚ ਵੜ ਕੇ ਕੀਤੀ ਭੰਨਤੋੜ, ਪ੍ਰਭੂ ਯਿਸੂ ਤੇ ਮਾਂ ਮੈਰੀ ਦੀ ਮੂਰਤੀ ਤੋੜ ਲਾਹ ਕੇ ਲਏ ਗਏ ਸਿਰ, ਇਲਾਕੇ ‘ਚ ਤਣਾਅ ਵਾਲੀ ਸਥਿਤੀ…

ਤਰਨਤਾਰਨ (ਵੀਓਪੀ ਬਿਊਰੋ) ਸਥਾਨਕ ਸ਼ਹਿਰ ਵਿਚ ਮਾਹੌਲ ਖਰਾਬ ਕਰਨ ਦੀ ਸਾਜਿਸ਼ ਕੀਤੀ ਗਈ ਹੈ। ਜਿੱਥੇ ਇਕ ਚਰਚ ਵਿਚ ਰਾਤ ਦੇ ਸਮੇਂ ਕੁਝ ਅਣਪਛਾਤਿਆਂ ਨੇ ਦਾਖਲ ਹੋ ਕੇ ਭੰਨਤੋੜ ਕਰਦੇ ਹੋਏ ਪ੍ਰਭੂ ਯਿਸੂ ਤੇ ਮਾਂ ਮੈਰੀ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਅਤੇ ਉਹਨਾਂ ਦੇ ਸਿਰ ਤੋੜ ਕੇ ਆਪਣੇ ਨਾਲ ਲੈ ਗਏ ਅਤੇ ਇਸ ਦੌਰਾਨ ਉਹਨਾਂ ਨੇ ਚਰਚ ਵਿਚ ਖੜ੍ਹੀ ਪਾਦਰੀ ਦੀ ਕਾਰ ਨੂੰ ਵੀ ਅੱਗ ਲਾ ਦਿੱਤੀ। ਉਕਤ ਘਟਨਾ ਤੋਂ ਬਾਅਦ ਹੀ ਇਲਾਕੇ ਵਿਚ ਮਾਹੌਲ ਤਣਾਅਪੂਰਨ ਹੋ ਗਿਆ ਹੈ। ਘਟਨਾ ਤੋਂ ਬਾਅਦ ਇਸਾਈ ਭਾਈਚਾਰੇ ਦੇ ਲੋਕਾਂ ਨੇ ਸੜਕ ਜਾਮ ਕਰ ਕੇ ਰੋਸ ਪ੍ਰਗਟਾਇਆ।

ਇਸ ਦੌਰਾਨ ਸਾਰੀ ਘਟਨਾ ਵੀ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਉਕਤ ਅਣਪਛਾਤੇ ਮੁਲਜ਼ਮਾਂ ਨੇ ਪਹਿਲਾਂ ਚਰਚ ਆ ਕੇ ਸਕਿਊਰਿਟੀ ਗਾਰਡ ਨੂੰ ਪਿਸਤੌਲ ਦਿਖਾ ਕੇ ਡਰਾ ਕੇ ਬੰਨ੍ਹ ਦਿੱਤਾ। ਇਸ ਤੋਂ ਬਾਅਦ ਮੰਗਲਵਾਰ ਰਾਤ ਨੂੰ ਚਾਰ ਮੁਲਜ਼ਮਾਂ ਨੇ ਰਾਤ ਕਰੀਬ 12.30 ਵਜੇ ਉਕਤ ਘਟਨਾ ਨੂੰ ਅੰਜਾਮ ਦਿੱਤਾ। ਇਸਾਈ ਧਰਮ ਦੇ ਲੋਕਾਂ ਨੇ ਬੁੱਧਵਾਰ ਸਵੇਰੇ ਪੱਟੀ-ਖੇਮਕਰਨ ਰਾਜ ਮਾਰਗ ਨੂੰ ਬੰਦ ਕਰ ਦਿੱਤਾ ਹੈ। ਧਰਨੇ ’ਤੇ ਬੈਠੇ ਮਸੀਹੀ ਇਨਸਾਫ਼ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਨੇੜਲੇ ਪਿੰਡ ਡਡੂਆਣਾ ਵਿੱਚ ਇਸਾਈ ਭਾਈਚਾਰੇ ਦੇ ਚੱਲ ਰਹੇ ਇਕ ਪ੍ਰੋਗਰਾਮ ਦੌਰਾਨ ਨਿਹੰਗ ਸਿੱਖਾਂ ਨੇ ਇਹ ਕਹਿੰਦੇ ਹੋਏ ਰੋਕ ਲਾਈ ਸੀ ਕਿ ਉਹ ਹਿੰਦੂ-ਸਿੱਖਾਂ ਨੂੰ ਬਹਿਕਾ ਕੇ ਧਰਮ ਪਰਿਵਰਤਨ ਕਰਵਾ ਰਹੇ ਹਨ। ਇਸ ਦੌਰਾਨ ਨਿਹੰਗਾਂ ਨੇ ਉਥੇ ਭੰਨਤੋੜ ਵੀ ਕੀਤੀ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ 150 ਨਿਹੰਗ ਸਿੱਖਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਿਹੰਗਾਂ ਖ਼ਿਲਾਫ਼ ਕੇਸ ਦਰਜ ਕਰਨ ਦਾ ਵਿਰੋਧ ਕੀਤਾ ਸੀ।

ਉਕਤ ਘਟਨਾ ਤੋਂ ਬਾਅਦ ਵੀ ਪੁਲਿਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ। ਇਸ ਦੌਰਾਨ ਪੁਲਿਸ ਦੇ ਉੱਚ ਅਧਿਕਾਰੀ ਵੀ ਘਟਨਾ ਸਥਾਨ ਉੱਪਰ ਪਹੁੰਚੇ ਅਤੇ ਉਹਨਾਂ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਕੇ ਇਸਾਈ ਭਾਈਚਾਰੇ ਨੂੰ ਇਨਸਾਫ ਦਿਵਾਉਣਗੇ।

error: Content is protected !!