ਤਾਲਿਬਾਨ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਭਾਰਤ ਲਿਆਉਣ ’ਤੇ ਲਾਈ ਪਾਬੰਦੀ ਦਾ ਫ਼ੈਸਲਾ ਵਾਪਿਸ ਲਵੇ: ਕਾਲਕਾ, ਕਾਹਲੋਂ

ਤਾਲਿਬਾਨ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਭਾਰਤ ਲਿਆਉਣ ’ਤੇ ਲਾਈ ਪਾਬੰਦੀ ਦਾ ਫ਼ੈਸਲਾ ਵਾਪਿਸ ਲਵੇ: ਕਾਲਕਾ, ਕਾਹਲੋਂ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਫ਼ਗਾਨੀ ਸਿੱਖ ਜੱਥੇ ਦੁਆਰਾ ਭਾਰਤ ਲਿਆਉਣ ’ਤੇ ਅਫ਼ਗਾਨਿਸਤਾਨ ਸਰਕਾਰ ਵੱਲੋਂ ਲਾਈ ਪਾਬੰਦੀ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਮੰਦਭਾਗਾ ਕਰਾਰ ਦਿੱਤਾ ਹੈ।

ਉਪਰੋਕਤ ਆਗੂਆਂ ਨੇ ਅੱਗੇ ਕਿਹਾ ਕਿ ਇਸ ਘਟਨਾ ਨਾਲ ਸਿੱਖਾਂ ਦੇ ਮਨਾਂ ਨੂੰ ਡੂੰਘੀ ਚੋਟ ਪਹੁੰਚੀ ਹੈ ਅਤੇ ਇਹ ਸਿੱਖਾਂ ਦੇ ਧਾਰਮਕ ਮਾਮਲਿਆਂ ’ਚ ਦਖਲ ਹੈ ਇਸ ਲਈ ਤਾਲਿਬਾਨ ਸਰਕਾਰ ਇਸ ਪਾਬੰਦੀ ਦੇ ਫ਼ੈਸਲੇ ਨੂੰ ਵਾਪਸ ਲਵੇ। ਉਨ੍ਹਾਂ ਭਾਰਤ ਸਰਕਾਰ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਅਫ਼ਗਾਨਿਸਤਾਨ ਵਿਦੇਸ਼ ਮੰਤਰਾਲਾ ਨਾਲ ਰਾਬਤਾ ਕਾਇਮ ਕਰੇ ਤਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਰੱਖਿਅਤ ਭਾਰਤ ਪਰਤ ਸਕਣ।

ਸ. ਕਾਲਕਾ ਅਤੇ ਸ. ਕਾਹਲੋਂ ਨੇ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਜਦੋਂ ਤੋਂ ਅਫ਼ਗਾਨਿਸਤਾਨ ਵਿਚ ਤਾਲੀਬਾਨੀ ਸਰਕਾਰ ਬਣੀ ਹੈ ਤਾਂ ਉੱਥੇ ਵੱਸਦੇ ਸਿੱਖ ਅਤੇ ਹਿੰਦੂ ਪਰਿਵਾਰ ਦਹਿਸ਼ਤ ਵਿਚ ਆਪਣੀ ਜ਼ਿੰਦਗੀ ਬਸਰ ਕਰ ਰਹੇ ਹਨ। ਘੱਟ ਗਿਣਤੀਆਂ ’ਤੇ ਹੁੰਦੇ ਤਸ਼ਦਦ ਕਾਰਣ ਹੀ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕ ਭਾਰਤ ਪਰਤਣ ਨੂੰ ਮਜਬੂਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ 11 ਸਤੰਬਰ ਨੂੰ 60 ਅਫ਼ਗਾਨੀ ਸਿੱਖਾਂ ਦੇ ਜੱਥੇ ਨੇ 4 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਮੇਤ ਭਾਰਤ ਪੁੱਜਣਾ ਸੀ ਲੇਕਿਨ ਤਾਲੀਬਾਨੀ ਸਰਕਾਰ ਵੱਲੋਂ ਸਰੂਪ ਲਿਆਉਣ ’ਤੇ ਰੋਕ ਲਗਾ ਦਿੱਤੀ ਗਈ। ਜਿਨ੍ਹਾਂ ਅਫ਼ਗਾਨੀ ਸਿੱਖਾਂ ਨੇ ਭਾਰਤ ਆਉਣਾ ਸੀ ਉਹ ਵੀ ਸਰੂਪਾਂ ’ਤੇ ਲਾਈ ਪਾਬੰਦੀ ਕਾਰਣ ਭਾਰਤ ਨਹੀਂ ਪਰਤ ਸਕੇ।

error: Content is protected !!