ਹਰਮੀਤ ਸਿੰਘ ਕਾਲਕਾ ਨੇ ਸਰਨਾ ਬੰਧੂਆਂ ਖਿਲਾਫ ਮੁੜ ਲਾਏ ਹੇਰਾ ਫੇਰੀ ਕਰਣ ਦੇ ਦੋਸ਼

ਹਰਮੀਤ ਸਿੰਘ ਕਾਲਕਾ ਨੇ ਸਰਨਾ ਬੰਧੂਆਂ ਖਿਲਾਫ ਮੁੜ ਲਾਏ ਹੇਰਾ ਫੇਰੀ ਕਰਣ ਦੇ ਦੋਸ਼

ਨਵੀਂ ਦਿੱਲੀ, 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਉਹਨਾਂ ਵੱਲੋਂ ਦਿੱਲੀ ਕਮੇਟੀ ਦਾ ਪ੍ਰਧਾਨ ਹੁੰਦਿਆਂ ਕੋਈ ਵੀ ਭ੍ਰਿਸ਼ਟਾਚਾਰ ਨਾ ਕੀਤੇ ਜਾਣ ਦੇ ਦਾਅਵੇ ਦਾ ਮਖੌਲ ਉਡਾਉਂਦਿਆਂ ਕਿਹਾ ਹੈ ਕਿ ਉਹ ਉਹਨਾਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਅਤੇ ਗੁਰੂ ਘਰ ਦੀ ਜਾਇਦਾਦ ਦੀ ਲੁੱਟ ਦੇ ਵੇਰਵੇ ਆਪਣੇ ਸਾਥੀ ਕੁਲਦੀਪ ਸਿੰਘ ਭੋਗਲ ਅਤੇ ਮਨਜੀਤ ਸਿੰਘ ਜੀ ਕੇ ਤੋਂ ਪ੍ਰਾਪਤ ਕਰ ਸਕਦੇ ਹਨ ਕਿਉਂਕਿ ਸਰਦਾਰ ਕੁਲਦੀਪ ਸਿੰਘ ਭੋਗਲ ਨੇ ਹੀ ਸਰਨਾ ਖਿਲਾਫ ਸਨਰਾਈਜ਼ ਕਲੋਨੀ ਦੇ ਮਾਮਲੇ ਵਿਚ ਧਾਰਾ 420 ਦੀ ਐਫ ਆਈ ਆਰ ਦਰਜ ਕਰਵਾਈ ਸੀ ਤੇ ਉਹਨਾਂ ਨੇ ਹੀ ਬਾਲਾ ਹਸਪਤਾਲ ਖੁਰਦ ਬੁਰਦ ਕਰਨ ਲਈ ਸਰਨਾ ਵੱਲੋਂ ਆਪਣੇ ਪਰਿਵਾਰ ਦੇ ਨਾਂ ’ਤੇ ਟਰੱਸਟ ਬਣਾ ਕੇ ਗੁਰੂ ਘਰ ਦੀ ਜਾਇਦਾਦ ਹੜੱਪਣ ਦਾ ਕੇਸ ਦਾਇਰ ਕੀਤਾ ਸੀ।

ਇਕੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਉਹਨਾਂ ਦੇ ਨਵੇਂ ਬਣੇ ਸਾਥੀ ਮਨਜੀਤ ਸਿੰਘ ਜੀ ਕੇ ਨੇ ਪ੍ਰਧਾਨ ਹੁੰਦਿਆਂ ਦਾਅਵਾ ਕੀਤਾ ਸੀ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚੋਂ ਪੁਟਵਾਈ ਗਈ ਮਿੱਟੀ ਵਿਚੋਂ 1 ਕਰੋੜ 65 ਲੱਖ ਰੁਪਏ ਦੀ ਮਿੱਟੀ ਸਰਨਾ ਭਰਾਵਾਂ ਨੇ ਵੇਚ ਕੇ ਹੇਰਾਫੇਰੀ ਕੀਤੀ ਹੈ।

ਸਰਨਾ ਦੇ ਪਰਿਵਾਰ ਦੇ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਹੋਣ ਦੇ ਦੋਸ਼ ਦੁਹਰਾਉਂਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਲਿਖਤੀ ਤੌਰ ’ਤੇ ਇਹ ਸ਼ਿਕਾਇਤ ਕੀਤੀ ਹੈ ਕਿ ਸਰਨਾ ਪਰਿਵਾਰ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਹਨ। ਉਹਨਾਂ ਨੇ ਇਸ ਮੌਕੇ ਸਰਕਾਰੀ ਦਸਤਾਵੇਜ਼ ਵੀ ਜਾਰੀ ਕੀਤੇ ਜਿਹਨਾਂ ਮੁਤਾਬਕ ਹਰਵਿੰਦਰ ਸਿੰਘ ਸਰਨਾ ਦਾ ਬੇਟਾ ਪ੍ਰਭਜੀਤ ਸਿੰਘ ਸਰਨਾ ਏ ਡੀ ਬਲੋਸਮ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ ਦਾ ਡਾਇਰੈਕਟਰ ਹੈ ਤੇ ਇਸੇ ਕੰਪਨੀ ਨੂੰ ਦਿੱਲੀ ਸਰਕਾਰ ਨੇ ਸ਼ਰਾਬ ਦੇ ਠੇਕੇ ਦਿੱਤੇ ਹੋਏਹਨ। ਉਹਨਾਂ ਕਿਹਾ ਕਿ ਹੁਣ ਇਸ ਤੋਂ ਜੱਗ ਜ਼ਾਹਰ ਹੋ ਗਿਆ ਹੈ ਕਿ ਇਹਪਰਿਵਾਰ ਕਿਵੇਂ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਹੈ।

ਸਰਨਾ ਵੱਲੋਂ ਪਾਕਿਸਤਾਨ ਤੋਂ ਆਉਣ ਵਾਲੇ ਸਰੂਪ ਰੋਕਣ ਲਈ ਦਿੱਤੇ ਬਿਆਨ ਦੀ ਨਿਖੇਧੀ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਰਨਾ ਭਰਾਵਾਂ ਨੇ ਗੁਰੂ ਘਰ ਨਾਲ ਧਰੋਹ ਕਮਾਇਆ ਹੈ ਤੇ ਗੁਰੂ ਘਰ ਦੇ ਦੋਖੀਆਂ ਦਾ ਸਾਥ ਸੰਗਤ ਕਦੇ ਨਹੀਂ ਦੇ ਸਕਦੀ ਤੇ ਇਸ ਬਾਰੇ ਸਰਨਾ ਦੇ ਦਾਅਵੇ ਹਾਸੋਹੀਣੇ ਹਨ।

ਸਰਦਾਰ ਕਾਲਕਾ ਨੇ ਇਹ ਵੀ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਹਸਪਤਾਲ ਦੇ ਚੇਅਰਮੈਨ ਸਰਦਾਰ ਗੁਰਦੇਵ ਸਿੰਘ ਨੇ 1 ਕਰੋੜ 32 ਲੱਖ ਰੁਪਏ ਦਾ ਚੈਕ ਦਿੱਲੀ ਗੁਰਦੁਆਰਾ ਕਮੇਟੀ ਨੂੰ ਦਿੱਤਾ ਹੈ। ਉਹਨਾਂ ਕਿਹਾ ਕਿ ਕੋਰੋਨਾ ਵੇਲੇ ਹਸਪਤਾਲ ਦੇ ਸਟਾਫ ਦੀਆਂ ਤਨਖਾਹਾਂ ਕਮੇਟੀ ਨੇ ਦਿੱਤੀਆਂ ਸਨ ਤੇ ਇਹ ਕਰਜ਼ਾ ਹਸਪਤਾਲ ਨੇ ਕਮੇਟੀ ਨੂੰ ਵਾਪਸ ਕੀਤਾ ਹੈ।

ਉਹਨਾਂ ਸਰਨਾ ਨੂੰ ਆਪਣੀ ਉਮਰ ਦਾ ਲਿਹਾਜ਼ ਕਰਨ ਦੀ ਸਲਾਹ ਦਿੰਦਿਆਂ ਚੇਤਾਵਨੀ ਦਿੱਤੀ ਕਿ ਉਹ ਮੰਦੀ ਭਾਸ਼ਾ ਵਰਤਣ ਤੋਂ ਗੁਰੇਜ਼ ਕਰਨ ਨਹੀਂ ਤਾਂ ਇਸਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ।

error: Content is protected !!