ਵਸੰਤ ਵਿਹਾਰ ਸਕੂਲ ਮਾਮਲੇ ਵਿੱਚ ਬਣਾਈ ਜਾਣ ਵਾਲੀ ਕਮੇਟੀ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਵੀ ਕੀਤਾ ਜਾਵੇ ਸ਼ਾਮਲ: ਜਸਮੀਤ ਸਿੰਘ ਪੀਤਮਪੁਰਾ

ਵਸੰਤ ਵਿਹਾਰ ਸਕੂਲ ਮਾਮਲੇ ਵਿੱਚ ਬਣਾਈ ਜਾਣ ਵਾਲੀ ਕਮੇਟੀ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਵੀ ਕੀਤਾ ਜਾਵੇ ਸ਼ਾਮਲ: ਜਸਮੀਤ ਸਿੰਘ ਪੀਤਮਪੁਰਾ

ਨਵੀਂ ਦਿੱਲੀ, 30 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਚਲਾਏ ਜਾ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਵਸੰਤ ਵਿਹਾਰ ਵਿੱਚ ਬੱਚਿਆਂ ਨੂੰ ਸਰਸਵਤੀ ਪੂਜਾ ਕਰਵਾਉਣ ਦੀ ਜਾਂਚ ਲਈ ਬਣਾਈ ਗਈ ਜਾਂਚ ਕਮੇਟੀ ਵਿੱਚ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੂੰ ਸ਼ਾਮਲ ਕਰਨ ਦੀ ਮੰਗ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਨੌਜਵਾਨ ਮੈਂਬਰ ਜਸਮੀਤ ਸਿੰਘ ਪੀਤਮਪੁਰਾ ਵੱਲੋਂ ਕੀਤੀ ਗਈ ਹੈ।

ਜਸਮੀਤ ਸਿੰਘ ਪੀਤਮਪੁਰਾ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਵੱਲੋਂ ਬਣਾਈ ਜਾ ਰਹੀ ਜਾਂਚ ਕਮੇਟੀ ਵਿੱਚ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਜਸਮੀਤ ਸਿੰਘ ਪੀਤਮਪੁਰਾ ਨੇ ਕਿਹਾ ਕਿ ਸਾਨੂੰ ਟੀਮ ਕਾਲਕਾ ’ਤੇ ਕੋਈ ਭਰੋਸਾ ਨਹੀਂ ਹੈ ਕਿ ਉਨ੍ਹਾਂ ਵੱਲੋਂ ਬਣਾਈ ਗਈ ਜਾਂਚ ਕਮੇਟੀ ਨਿਰਪੱਖ ਜਾਂਚ ਕਰ ਸਕੇਗੀ। ਕਿਉਂਕਿ ਇਸ ਮਾਮਲੇ ਵਿੱਚ ਅਸੀਂ ਸਕੂਲ ਮੈਨੇਜਮੈਂਟ ਦੀ ਮਿਊਜ਼ਿਕ ਟੀਚਰ ਨੂੰ ਮੁਅੱਤਲ ਕਰਕੇ ਮਾਮਲੇ ਨੂੰ ਰਫਾ-ਦਫਾ ਕਰਨ ਦੀ ਚਾਲ ਨਹੀਂ ਚੱਲਣ ਦੇਵਾਂਗੇ।

ਉਨ੍ਹਾਂ ਦਸਿਆ ਕਿ ਅਜਿਹਾ ਬਿਲਕੁਲ ਨਹੀਂ ਹੋ ਸਕਦਾ ਕਿ ਸੰਗੀਤ ਅਧਿਆਪਕ ਸਕੂਲ ਪ੍ਰਬੰਧਕਾਂ ਜਾਂ ਪ੍ਰਿੰਸੀਪਲ ਦੀ ਮਨਜ਼ੂਰੀ ਲਏ ਬਿਨਾਂ ਇੰਨਾ ਵੱਡਾ ਫੈਸਲਾ ਲੈ ਸਕੇ। ਇਸ ਮਾਮਲੇ ਵਿੱਚ ਸਕੂਲ ਦੇ ਚੇਅਰਮੈਨ, ਮੈਨੇਜਰ ਤੋਂ ਲੈ ਕੇ ਪ੍ਰਿੰਸੀਪਲ ਤੱਕ ਹਰ ਕੋਈ ਦੋਸ਼ੀ ਹੋ ਸਕਦਾ ਹੈ, ਜਿਸ ਦੀ ਸੱਚਾਈ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ, ਇਸ ਲਈ ਸਾਡੀ ਮੰਗ ਹੈ ਕਿ ਜਾਂਚ ਕਮੇਟੀ ਵਿੱਚ ਹੋਰਨਾਂ ਧਿਰਾਂ ਦੇ ਮੈਂਬਰਾਂ ਨੂੰ ਵੀ ਰੱਖਿਆ ਜਾਵੇ। ਜੇਕਰ ਹਰਮੀਤ ਸਿੰਘ ਕਾਲਕਾ ਅਜਿਹਾ ਨਹੀਂ ਕਰਦੇ ਹਨ, ਤਾਂ ਇਹ ਮੰਨਿਆ ਜਾਵੇਗਾ ਕਿ ਸਕੂਲਾਂ ਵਿੱਚ ਸਿਖ ਰਹਿਤ ਮਰਿਆਦਾ ਨੂੰ ਦਰਕਿਨਾਰ ਕਰਕੇ ਕੰਮ ਕੀਤੇ ਜਾ ਰਹੇ ਹਨ।

error: Content is protected !!