ਸਮਾਜ ਸੇਵਕ ਡਾ. ਓਬਰਾਏ ਵੱਲੋਂ ਜਲੰਧਰ ਜ਼ਿਲ੍ਹੇ ‘ਚ ਰਾਹਤ ਕਾਰਜ ਜਾਰੀ, ਹੜ੍ਹ ਪੀੜਤਾਂ ਲਈ ਮੱਛਰਦਾਨੀਆਂ ਤੇ ਹੋਰ ਲੋੜੀਂਦਾ ਸਾਮਾਨ ਭੇਜਿਆ, ਪਸ਼ੂਆਂ ਦੀਆਂ ਦਵਾਈਆਂ ਦਾ ਵੀ ਕੀਤਾ ਪ੍ਰਬੰਧ

ਸਮਾਜ ਸੇਵਕ ਡਾ. ਓਬਰਾਏ ਵੱਲੋਂ ਜਲੰਧਰ ਜ਼ਿਲ੍ਹੇ ‘ਚ ਰਾਹਤ ਕਾਰਜ ਜਾਰੀ, ਹੜ੍ਹ ਪੀੜਤਾਂ ਲਈ ਮੱਛਰਦਾਨੀਆਂ ਤੇ ਹੋਰ ਲੋੜੀਂਦਾ ਸਾਮਾਨ ਭੇਜਿਆ, ਪਸ਼ੂਆਂ ਦੀਆਂ ਦਵਾਈਆਂ ਦਾ ਵੀ ਕੀਤਾ ਪ੍ਰਬੰਧ


ਵੀਓਪੀ ਬਿਊਰੋ, ਜਲੰਧਰ – ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਕੁਝ ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਆਏ ਹੋਏ ਹਨ। ਇਸ ਕਾਰਨ ਵੱਡੇ ਪੱਧਰ ਉਤੇ ਫ਼ਸਲਾਂ ਬਰਬਾਦ ਹੋਣ ਦੇ ਨਾਲ-ਨਾਲ ਆਮ ਜੀਵਨ ਵੀ ਅਸਤ ਵਿਅਸਤ ਹੋਇਆ ਪਿਆ ਹੈ। ਇਸ ਮੁਸ਼ਕਲ ਘੜੀ ਦੌਰਾਨ ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਡਾ. ਐਸ.ਪੀ.ਸਿੰਘ ਓਬਰਾਏ ਵੱਲੋਂ ਜਲੰਧਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵੱਡੇ ਪੱਧਰ ਉਤੇ ਪਸ਼ੂਆਂ ਦੀਆਂ ਦਵਾਈਆਂ, ਮੱਛਰਦਾਨੀਆਂ ਤੇ ਹੋਰ ਲੋੜੀਂਦਾ ਸਾਮਾਨ ਭੇਜਿਆ ਗਿਆ ਹੈ।

ਮੁਸ਼ਕਲ ਦੇ ਦੌਰ ਵਿਚ ਪ੍ਰਸ਼ਾਸਨ ਤੇ ਹੜ੍ਹ ਪੀੜਤਾਂ ਦੀ ਕਰਾਂਗੇ ਹਰ ਸੰਭਵ ਮਦਦ : ਡਾ. ਐਸ.ਪੀ. ਓਬਰਾਏ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਐਸ.ਪੀ. ਓਬਰਾਏ ਨੇ ਕਿਹਾ ਕਿ ਪੰਜਾਬ ਇਸ ਸਮੇਂ ਹੜ੍ਹਾਂ ਕਾਰਨ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਪੰਜਾਬ ਦਾ ਵੱਡਾ ਹਿੱਸਾ ਇਸ ਸਮੇਂ ਪਾਣੀ ਦੀ ਮਾਰ ਹੇਠ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਸ ਮੁਸ਼ਕਿਲ ਸਮੇਂ ਪੰਜਾਬ ਦੇ ਲੋਕਾਂ ਨਾਲ ਖੜ੍ਹਾ ਹੈ। ਇਨ੍ਹਾਂ ਹਾਲਾਤ ਨੂੰ ਬਿਹਤਰ ਬਣਾਉਣ ਲਈ ਜਿਸ ਤਰ੍ਹਾਂ ਦੀ ਸਹਾਇਤਾ ਦੀ ਜ਼ਰੂਰਤ ਹੋਵੇਗੀ ਟਰੱਸਟ ਉਹ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਪ੍ਰਸ਼ਾਸਨ ਤੇ ਲੋਕਾਂ ਨੂੰ ਹਰ ਪੱਖ ਤੋਂ ਸਹਿਯੋਗ ਦੇਵੇਗਾ। ਉਨ੍ਹਾਂ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ ਸਤਲੁਜ ਕੰਢੇ ਵਾਲੇ ਪ੍ਰਭਾਵਿਤ ਖੇਤਰਾਂ ਤੋਂ ਟਰੱਸਟ ਦੀ ਜਲੰਧਰ ਇਕਾਈ ਦੇ ਮੈਂਬਰਾਂ ਵੱਲੋਂ ਜ਼ਮੀਨੀ ਪੱਧਰ ਤੇ ਲੋੜੀਂਦੇ ਸਾਮਾਨ ਦੀ ਭੇਜੀ ਗਈ ਲਿਸਟ ਅਨੁਸਾਰ ਲੁੜੀਂਦੀਆਂ ਪਸ਼ੂਆਂ ਦੀਆਂ ਦਵਾਈਆਂ, ਮੱਛਰਦਾਨੀਆਂ, ਓਡੋਮੋਸ, ਸੈਨੇਟਰੀ ਪੈਡ ਆਦਿ ਜ਼ਰੂਰੀ ਵਸਤਾਂ ਲੋੜਵੰਦਾਂ ਤਕ ਪੁੱਜਦਾ ਕਰ ਦਿੱਤੀਆਂ ਗਈਆਂ ਹਨ।

ਮਦਦ ਲਈ ਡਾ. ਓਬਰਾਏ ਦਾ ਕੀਤਾ ਧੰਨਵਾਦ

ਇਸ ਮੌਕੇ ਗੱਲਬਾਤ ਕਰਦਿਆਂ ਸਮਾਜ ਸੇਵਕ ਗੁਰਨਾਮ ਸਿੰਘ ਅਤੇ ਮਾਸਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਡਾਕਟਰ ਓਬਰਾਏ ਵੱਲੋਂ ਭਾਰੀ ਮਾਤਰਾ ਵਿੱਚ ਪਸ਼ੂਆਂ ਦੀਆਂ ਦਵਾਈਆਂ, ਮੱਛਰਦਾਨੀਆਂ, ਓਡੋਮੋਸ ਕਰੀਮਾਂ ਅਤੇ ਔਰਤਾਂ ਵਾਸਤੇ ਸੈਨੇਟਰੀ ਪੈਡ ਆਦਿ ਭੇਜੇ ਗਏ ਸਨ। ਉਹ ਅੱਜ ਸਤਲੁਜ ਦੇ ਕੰਢੇ ਵੱਸੇ ਬੂੜੇਵਾਲ, ਬਾਗੀਆਂ ਖੁਰਦ, ਹਜ਼ਾਤੇਵਾਲ, ਸ਼ੇਰੇ ਵਾਲਾ, ਕੰਨੀਆਂ ਖੁਰਦ ਕੰਨੀਆਂ ਆਦਿ ਪਿੰਡਾਂ ਵਿੱਚ ਘਰ-ਘਰ ਜਾ ਕੇ ਤਕਸੀਮ ਕਰ ਦਿੱਤੇ ਗਏ ਹਨ। ਉਨ੍ਹਾਂ ਡਾਕਟਰ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਜਿੰਨੀ ਮਾਤਰਾ ਵਿੱਚ ਸਹਾਇਤਾ ਦੀ ਮੰਗ ਕੀਤੀ ਗਈ ਸੀ ਉਸ ਤੋਂ ਕਿਤੇ ਵੱਡੇ ਪੱਧਰ ਤੇ ਟਰੱਸਟ ਵੱਲੋਂ ਰਾਹਤ ਸਮੱਗਰੀ ਸਾਨੂੰ ਭੇਜੀ ਗਈ ਹੈ। ਇਸ ਮੌਕੇ ਦੀਪਕ ਸੂਦ ਆਗੂ ਆਮ ਆਦਮੀ ਪਾਰਟੀ, ਕਾਮਰੇਡ ਮਿਹਰ ਸਿੰਘ ਖੁਰਲਾਪੁਰ, ਕਾਮਰੇਡ ਗੁਰਚਰਨ ਸਿੰਘ ਵੀ ਹਾਜ਼ਰ ਸਨ।

error: Content is protected !!