ਨਵਜੋਤ ਕੌਰ ਸਿੱਧੂ ਨੇ ਸਟੇਜ 2 ਦੇ ਕੈਂਸਰ ਨੂੰ ਦਿੱਤੀ ਮਾਤ, ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ, ਕਿਹਾ-ਹੁਣ ਮੈਂ ਵੀ ਅੰਗ ਦਾਨ ਕਰ ਸਕਦੀ ਹਾਂ

ਨਵਜੋਤ ਕੌਰ ਸਿੱਧੂ ਨੇ ਸਟੇਜ 2 ਦੇ ਕੈਂਸਰ ਨੂੰ ਦਿੱਤੀ ਮਾਤ, ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ, ਕਿਹਾ-ਹੁਣ ਮੈਂ ਵੀ ਅੰਗ ਦਾਨ ਕਰ ਸਕਦੀ ਹਾਂ


ਵੀਓਪੀ ਬਿਊਰੋ, ਚੰਡੀਗੜ੍ਹ : ਕਾਂਗਰਸੀ ਆਗੂ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕੈਂਸਰ ਨੂੰ ਮਾਤ ਦੇ ਦਿੱਤੀ ਹੈ। ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਨਵਜੋਤ ਕੌਰ ਸਿੱਧੂ ਨੇ ਇਸ ਜੰਗ ਵਿਚ ਫਤਹਿ ਹਾਸਲ ਕਰ ਲਈ ਹੈ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਪੋਸਟ ਰਾਹੀਂ ਆਪਣੇ ਕੈਂਸਰ ਮੁਕਤ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਪੰਜਾਬ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੂੰ ਛਾਤੀ ਵਿਚ ਸਟੇਜ 2 ਦਾ ਕੈਂਸਰ ਸੀ। ਆਪਣੀ ਪਤਨੀ ਨੂੰ ਕੈਂਸਰ ਹੋਣ ਤੋਂ ਬਾਅਦ, ਸਿੱਧੂ ਲਗਾਤਾਰ ਉਸ ਨੂੰ ਸਮਾਂ ਦੇ ਰਹੇ ਸਨ ਅਤੇ ਉਸ ਦੀ ਦੇਖਭਾਲ ਕਰ ਰਹੇ ਸਨ। ਕੈਂਸਰ ਮੁਕਤ ਹੋਣ ਦੀ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਯੂਜ਼ਰਜ਼ ਨਵਜੋਤ ਕੌਰ ਨੂੰ ਉਸ ਦੇ ਲੜਨ ਦੇ ਜਜ਼ਬੇ ਲਈ ਵਧਾਈ ਦੇ ਰਹੇ ਹਨ। ਦੱਸ ਦੇਈਏ ਕਿ ਨਵਜੋਤ ਕੌਰ ਸਿੱਧੂ ਵੀ ਸਿਆਸਤ ਵਿਚ ਕਾਫ਼ੀ ਸਰਗਰਮ ਰਹਿੰਦੇ ਹਨ ਤੇ ਉਹ ਪੰਜਾਬ ਦੇ ਮੰਤਰੀ ਰਹਿ ਚੁੱਕੇ ਹਨ।


ਡਾ. ਨਵਜੋਤ ਕੌਰ ਸਿੱਧੂ ਨੇ ਲਿਖਿਆ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਪੀ.ਈ.ਟੀ. ਸਕੈਨ ਅਨੁਸਾਰ ਮੈਨੂੰ ਕੈਂਸਰ ਮੁਕਤ ਐਲਾਨ ਦਿੱਤਾ ਗਿਆ ਹੈ। ਇਸ ਨਾਲ ਮੇਰੇ ਪੂਰੇ ਸਰੀਰ ਦਾ ਅੰਗ ਦਾਨ ਸੰਭਵ ਹੋ ਗਿਆ ਹੈ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਵੀ ਆਪਣੇ ਵਾਲ ਦਾਨ ਕਰਨ ਦੇ ਯੋਗ ਹੋ ਗਈ ਹਾਂ। ਆਓ ਲੱਕੜ ਬਚਾਉਣ ਲਈ ਇਲੈਕਟ੍ਰਿਕ ਅੰਤਿਮ ਸਸਕਾਰ ਨੂੰ ਹਾਂ ਕਹੀਏ। ਲੋਕ ਕੋਰੋਨਾ ਵਿਚ ਲਾਸ਼ਾਂ ਨੂੰ ਨਕਾਰਦੇ ਦੇਖੇ ਗਏ ਸਨ।


ਨਵਜੋਤ ਸਿੰਘ ਸਿੱਧੂ ਨੇ ਅਗਸਤ ਮਹੀਨੇ ‘ਚ ਆਪਣੀ ਪਤਨੀ ਦੀ ਹੈਲਥ ਅਪਡੇਟ ਸ਼ੇਅਰ ਕਰਦੇ ਹੋਏ ਇਕ ਫੋਟੋ ਸ਼ੇਅਰ ਕੀਤੀ ਸੀ। ਇਸ ‘ਚ ਸਿੱਧੂ ਆਪਣੀ ਪਤਨੀ ਨਵਜੋਤ ਕੌਰ ਨੂੰ ਆਪਣੇ ਹੱਥਾਂ ਨਾਲ ਖਾਣਾ ਖੁਆ ਰਹੇ ਸਨ। ਉਦੋਂ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਸੀ ਕਿ ਜ਼ਖ਼ਮ ਤਾਂ ਭਰ ਗਏ ਹਨ ਪਰ ਇਸ ਔਖੀ ਘੜੀ ਦੇ ਮਾਨਸਿਕ ਜ਼ਖ਼ਮ ਅਜੇ ਵੀ ਰਹਿਣਗੇ। ਫਿਰ ਉਨ੍ਹਾਂ ਦੱਸਿਆ ਸੀ ਕਿ ਨਵਜੋਤ ਕੌਰ ਦਾ ਪੰਜਵਾਂ ਕੀਮੋ ਚੱਲ ਰਿਹਾ ਹੈ। ਇਸ ਤੋਂ ਬਾਅਦ, ਸਿੱਧੂ ਆਪਣੇ ਪਰਿਵਾਰ ਨਾਲ ਮਨਾਲੀ ਚਲੇ ਗਏ। ਕੈਂਸਰ ਦੇ ਇਲਾਜ ਤੋਂ ਬਾਅਦ ਸਿੱਧੂ ਜੋੜਾ ਕਈ ਧਾਰਮਿਕ ਸਥਾਨਾਂ ‘ਤੇ ਵੀ ਗਿਆ। ਕੈਂਸਰ ਨੂੰ ਹਰਾਉਣ ਤੋਂ ਬਾਅਦ ਹੁਣ ਨਵਜੋਤ ਕੌਰ ਨੇ ਖੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।

error: Content is protected !!