ਕਾਂਗਰਸ ਵਿਚ ਨਹੀਂ ਖਤਮ ਹੋ ਰਹੀ ਆਪਸੀ ਫੁੱਟ, ਪਹਿਲਾਂ ਕੈਪਟਨ-ਬਾਜਵਾ ਵਿਚ ਰਹਿੰਦੀ ਸੀ ਖਿੱਚੋਤਾਣ, ਹੁਣ ਸਿੱਧੂ-ਬਾਜਵਾ ਵਿਚਾਲੇ ਪਿਆ ਰੌਲਾ, ਹਾਈਕਮਾਨ ਅੱਜ ਲਵੇਗੀ ਵੱਡਾ ਫੈਸਲਾ!

ਕਾਂਗਰਸ ਵਿਚ ਨਹੀਂ ਖਤਮ ਹੋ ਰਹੀ ਆਪਸੀ ਫੁੱਟ, ਪਹਿਲਾਂ ਕੈਪਟਨ-ਬਾਜਵਾ ਵਿਚ ਰਹਿੰਦੀ ਸੀ ਖਿੱਚੋਤਾਣ, ਹੁਣ ਸਿੱਧੂ-ਬਾਜਵਾ ਵਿਚਾਲੇ ਪਿਆ ਰੌਲਾ, ਹਾਈਕਮਾਨ ਅੱਜ ਲਵੇਗੀ ਵੱਡਾ ਫੈਸਲਾ!


ਵੀਓਪੀ ਬਿਊਰੋ, ਚੰਡੀਗੜ੍ਹ : ਪੰਜਾਬ ਵਿਚ ਕਾਂਗਰਸ ਦੀ ਬੇੜੀ ਜਦੋਂ ਵੀ ਡੁੱਬੀ ਆਪਸੀ ਫੁੱਟ ਕਰ ਕੇ ਡੁੱਬੀ। ਪਾਰਟੀ ਦੇ ਵੱਡੇ ਲੀਡਰਾਂ ਵਿਚਾਲੇ ਆਪਸੀ ਫੁੱਟ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਹੁਣ ਭਾਜਪਾ ਵਿਚ ਸ਼ਾਮਲ ਚੁੱਕੇ ਹਨ, ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚ ਕਲੇਸ਼ ਪਿਆ ਰਹਿੰਦਾ ਸੀ। ਇਸ ਕਲੇਸ਼ ਨਾਲ ਵੀ ਕਾਂਗਰਸ ਪਾਰਟੀ ਨੂੰ ਕਾਫੀ ਨੁਕਸਾਨ ਝੱਲਣਾ ਪਿਆ। ਕੈਪਟਨ ਦੇ ਭਾਜਪਾ ਪਾਰਟੀ ਵਿਚ ਸ਼ਾਮਲ ਹੋਣ ਮਗਰੋਂ ਇਹ ਕਹਾੜੀ ਖਤਮ ਹੁੰਦੀ ਦਿਸੀ ਹੀ ਸੀ ਕਿ ਹੁਣ ਨਵਜੋਤ ਸਿੰਘ ਸਿੱਧੂ ਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਖਿਚੋਤਾਣ ਹੁੰਦੀ ਦਿਖਾਈ ਦੇ ਰਹੀ ਹੈ।


ਬੀਤੇ ਦਿਨੀਂ ਨਵਜੋਤ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਸ਼ਬਦੀ ਜੰਗ ਛਿੜੀ ਸੀ। ਬਾਜਵਾ ਨੇ ਸਿੱਧੂ ਨੂੰ ਕਿਹਾ ਸੀ ਕਿ ਉਹ ਵੱਖਰਾ ਅਖਾੜਾ ਲਾਉਣਾ ਬੰਦ ਕਰਨ। ਬਾਜਵਾ ਨੇ ਕਿਹਾ ਸੀ ਕਿ ਸਿੱਧੂ ਦੀ ਪ੍ਰਧਾਨਗੀ ‘ਚ ਕਾਂਗਰਸ 78 ਤੋਂ 18 ਸੀਟਾਂ ‘ਤੇ ਆ ਗਈ ਸੀ। ਸਿੱਧੂ ਨੇ ਪਲਟਵਾਰ ਕਰਦਿਆਂ ਕਿਹਾ ਸੀ ਕਿ 78 ਤੋਂ 18 ਸੀਟਾਂ ‘ਤੇ ਆਉਣ ਲਈ ਸਿਰਫ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ ਸੀ। ਇੱਥੋਂ ਤੱਕ ਕਿ ਕਈ ਕਾਂਗਰਸੀ ਆਗੂਆਂ ਨੇ ਨਵਜੋਤ ਸਿੱਧੂ ਨੂੰ ਪਾਰਟੀ ਤੋਂ ਬਰਖ਼ਾਸਤ ਤੱਕ ਕਰਨ ਦੀ ਮੰਗ ਵੀ ਹਾਈਕਮਾਨ ਨੂੰ ਕਰ ਦਿੱਤੀ ਸੀ। ਇਸ ਸਾਰੇ ਮੁੱਦੇ ਬਾਰੇ ਮੀਟਿੰਗ ਦੌਰਾਨ ਚਰਚਾ ਕੀਤੀ ਜਾਵੇਗੀ।


ਇਸ ਮਸਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੀ ਦਿੱਲੀ ਵਿਖੇ ਹਾਈਕਮਾਨ ਨਾਲ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ‘ਚ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ ਸਮੇਤ ਕਈ ਵੱਡੇ ਆਗੂਆਂ ਦੇ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ ਹੈ। ਮੀਟਿੰਗ ਦਾ ਸਮਾਂ ਅੱਜ ਸ਼ਾਮ ਸਾਢੇ 4 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ। ਮੀਟਿੰਗ ਦੌਰਾਨ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤੇ ਜਾਣ ਦੀ ਸੰਭਾਵਨਾ ਹੈ, ਉੱਥੇ ਹੀ ਨਵਜੋਤ ਸਿੰਘ ਸਿੱਧੂ ਦਾ ਮੁੱਦਾ ਵੀ ਮੀਟਿੰਗ ਦੌਰਾਨ ਚੁੱਕਿਆ ਜਾਵੇਗਾ।
ਇਸ ਦੇ ਨਾਲ ਹੀ ਇੰਡੀਆ ਗਠਜੋੜ ਨੂੰ ਲੈ ਕੇ ਜੋ ਚਰਚਾ ਚੱਲ ਰਹੀ ਹੈ, ਉਸ ‘ਤੇ ਵੀ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਦੀ ਨਬਜ਼ ਟਟੋਲਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਸਮੇਂ ਸਭ ਤੋਂ ਵੱਡਾ ਸਵਾਲ ਇਹੀ ਬਣਿਆ ਹੋਇਆ ਹੈ ਕਿ ਕੀ ਕਾਂਗਰਸ ਪੰਜਾਬ ‘ਚ ਆਮ ਆਦਮੀ ਪਾਰਟੀ ਨਾਲ ਗਠਜੋੜ ਕਰੇਗੀ ਜਾਂ ਨਹੀਂ ਕਿਉਂਕਿ ਪੰਜਾਬ ਦੇ ਬਹੁਤੇ ਕਾਂਗਰਸੀ ਆਗੂ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਦੇ ਹੱਕ ‘ਚ ਨਹੀਂ ਹਨ।

error: Content is protected !!