ਕੋਟਕਪੁਰਾ ਗੋਲੀਕਾਂਡ ਦੇ ਪੀੜਤ ਪਰਿਵਾਰਾਂ ਦੇ ਇਨਸਾਫ਼ ‘ਚ ਫਿਰ ਆਇਆ ਨਵਾਂ ਮੋੜ

ਕੋਟਕਪੁਰਾ ਗੋਲੀਕਾਂਡ ਦੇ ਪੀੜਤ ਪਰਿਵਾਰਾਂ ਦੇ ਇਨਸਾਫ਼ ‘ਚ ਫਿਰ ਆਇਆ ਨਵਾਂ ਮੋੜ

ਕੋਟਕਪੂਰਾ ( ਵੀਓਪੀ ਬਿਊਰੋ) – ਬੇਅਦਬੀ ਤੇ ਕੋਟਕਪੂਰਾਂ ਗੋਲ਼ੀਕਾਂਡ ਦਾ ਮਸਲਾ ਪਿਛਲੇ 6 ਸਾਲ ਤੋਂ ਲਟਕ ਰਿਹਾ ਹੈ। ਪਿਛਲੇਂ ਦਿਨੀਂ ਹਾਈਕੋਰਟ ਵਲੋਂ ਸਿੱਟ ਖਰਾਜ ਕਰਨ ਉੱਤੇ ਸਿੱਖ ਜਥੇਬੰਦੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਹੁਣ ਸਰਕਾਰ ਵਲੋਂ ਬਣਾਈ ਗਈ ਨਵੀਂ ਸਿੱਟ ਨੇ ਫਿਰ ਵਿਵਾਦ ਸਹੇੜ ਲਿਆ ਹੈ। ਇਹ ਸਿੱਟ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਵਿਚ ਵੀ ਖਲਬਲੀ ਮਚੀ ਹੋਈ ਹੈ।

14 ਅਕਤੂਬਰ 2015 ਨੂੰ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਉਪਰ ਢਾਹੇ ਗਏ ਪੁਲਸੀਆ ਅੱਤਿਆਚਾਰ ਵਾਲੇ ਮਾਮਲਿਆਂ ਦੀ ਜਾਂਚ ਕਰ ਰਹੀ ਬਾਦਲ ਸਰਕਾਰ ਵਲੋਂ ਗਠਤ ਕੀਤੀ ਆਈ.ਜੀ. ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਾਲੀ ਪਹਿਲੀਂ ਐਸਆਈਟੀ ਨੇ ਵੀ ਪੁਲਿਸ ਨੂੰ ਗੋਲੀਕਾਂਡ ਲਈ ਦੋਸ਼ੀ ਠਹਿਰਾਇਆ ਸੀ ਪਰ ਸਭ ਕੁੱਝ ਪਤਾ ਹੋਣ ਦੇ ਬਾਵਜੂਦ ਵੀ ਅਣਪਛਾਤੀ ਪੁਲਿਸ ਵਿਰੁੱਧ ਮਾਮਲਾ ਦਰਜ ਕਰ ਕੇ ਖ਼ਾਨਾਪੂਰਤੀ ਕਰ ਦਿੱਤੀ ਸੀ।

ਜਦੋਂ 1 ਜੂਨ 2018 ਨੂੰ ਭਾਈ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿਚ ਬਰਗਾੜੀ ਇਨਸਾਫ਼ ਮੋਰਚਾ ਲੱਗ ਗਿਆ ਤਾਂ ਉਸ ਸਮੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਤੋਂ ਬਾਅਦ ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ ਇਕ ਵਾਰ ਫਿਰ ਪੁਲਿਸ ਦੇ ਗੋਲੀਕਾਂਡ ਤੋਂ ਪੀੜਤ ਅਜੀਤ ਸਿੰਘ ਦੇ ਬਿਆਨਾ ਦੇ ਆਧਾਰ ’ਤੇ 07-08-2018 ਨੂੰ ਅਣਪਛਾਤੀ ਪੁਲਿਸ ਵਿਰੁਧ ਮਾਮਲਾ ਦਰਜ ਕਰ ਦਿਤਾ। ਉਸ ਤੋਂ ਬਾਅਦ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਨੇ ਉਕਤ ਮਾਮਲੇ ਵਿਚ ਜਾਂਚ ਉਪਰੰਤ ਉੱਚ ਪੁਲਿਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ।

ਉਸ ਸਮੇਂ ਥਾਣੇ ਵਿਚ ਮੀਡੀਆ ਦੇ ਕੈਮਰਿਆਂ ਸਾਹਮਣੇ ਬੋਲਦਿਆਂ ਅਜੀਤ ਸਿੰਘ ਨੇ ਦਸਿਆ ਸੀ ਕਿ 14 ਅਕਤੂਬਰ 2015 ਨੂੰ ਸਵੇਰੇ ਕਰੀਬ 6:00 ਵਜੇ ਤੋਂ ਬਾਅਦ ਪੁਲਿਸ ਅਧਿਕਾਰੀਆਂ ਵਲੋਂ ਚਲਾਈ ਗਈ ਗੋਲੀ ਉਸ ਦੀ ਇਕ ਲੱਤ ਵਿਚੋਂ ਨਿਕਲ ਕੇ ਦੂਜੀ ਲੱਤ ਦੀ ਹੱਡੀ ’ਚ ਫਸ ਗਈ। ਉਹ ਇਲਾਜ ਕਰਾਉਂਦਾ ਰਿਹਾ, ਡੀਐਮਸੀ ਲੁਧਿਆਣਾ ਤਕ ਉਸ ਦਾ ਇਲਾਜ ਹੋਇਆ, ਸਾਰਾ ਖ਼ਰਚਾ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ, ਨਾ ਤਾਂ ਤਤਕਾਲੀਨ ਬਾਦਲ ਸਰਕਾਰ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਵਲੋਂ ਉਸ ਦੀ ਕੋਈ ਮਦਦ ਕੀਤੀ ਗਈ ਪਰ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਉਪਰੰਤ ਇਨਸਾਫ਼ ਦੀ ਕੁੱਝ ਆਸ ਬੱਝੀ ਹੈ।

ਅਜੀਤ ਸਿੰਘ ਨੇ ਦੋਸ਼ ਲਾਇਆ ਸੀ ਕਿ ਉਸ ਨੇ ਪਹਿਲਾਂ ਵੀ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਪਰ ਸਿਟੀ ਥਾਣੇ ਵਿਖੇ ਦਰਜ ਅੇੈਫ਼ਆਈਆਰ ’ਚ ਇਹ ਲਿਖ ਕੇ ਮੇਰਾ ਕੇਸ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮੈਂ ਪਹਿਲਾਂ ਪੁਲਿਸ ਕੋਲ ਬਿਆਨ ਦਰਜ ਨਹੀਂ ਕਰਵਾਏ। ਇਥੇ ਇਹ ਦਸਣਾ ਜ਼ਰੂਰੀ ਹੈ ਕਿ ਉਸ ਦਿਨ ਬੱਤੀਆਂ ਵਾਲਾ ਚੌਕ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਤੋਂ ਬਾਅਦ ਸਿਟੀ ਥਾਣਾ ਕੋਟਕਪੂਰਾ ਅਤੇ ਪੁਲਿਸ ਥਾਣਾ ਬਾਜਾਖ਼ਾਨਾ ਵਿਖੇ ਉਲਟਾ ਸੰਗਤਾਂ ਉਪਰ ਹੀ ਸੰਗੀਨ ਧਾਰਾਵਾਂ ਤਹਿਤ ਦੋ ਵੱਖ ਵੱਖ ਮਾਮਲੇ ਦਰਜ ਕੀਤੇ ਗਏ ਸਨ।

error: Content is protected !!