ਇਸ ਕਾਰਨ ਕਰਕੇ ਮੀਡੀਆ ਦੀਆਂ ਵੈਬਸਾਈਟਾਂ ਹੋਈਆਂ ਸੀ ਕੁਝ ਸਮੇਂ ਲਈ ਬੰਦ

ਇਸ ਕਾਰਨ ਕਰਕੇ ਮੀਡੀਆ ਦੀਆਂ ਵੈਬਸਾਈਟਾਂ ਹੋਈਆਂ ਸੀ ਕੁਝ ਸਮੇਂ ਲਈ ਬੰਦ

ਨਵੀਂ ਦਿੱਲੀ(ਵੀਓਪੀ ਬਿਊਰੋ) – ਵੈੱਬਸਾਈਟ ਬੰਦ ਹੋਣ ਕਾਰਨ ਬੀਤੇ ਦਿਨ ਕਈ ਸਾਰੀਆਂ ਕੰਪਨੀਆਂ ਨੂੰ ਦਿੱਕਤਾਂ ਆਈਆਂ। ਤਕਨੀਕੀ ਅੜਿੱਕੇ ਕਾਰਨ ਇਹ ਸਾਰੀਆਂ ਵੈਬਸਾਈਟਾਂ ਬੰਦ ਹੋ ਗਈਆਂ ਸੀ। ਵਾਪਰ ਕੰਪਨੀਆਂ ਦੀਆਂ ਵੈਬਸਾਈਟਾਂ ਦੇ ਨਾਲ-ਨਾਲ ਮੀਡੀਆ ਵੈਬਸਾਈਟਾਂ ਵੀ ਬੰਦ ਹੋ ਗਈਆਂ ਸਨ। ਇਸ ਵਿਚ ‘ਫਾਇਨੈਂਸ਼ੀਅਲ ਟਾਈਮਜ਼’, ‘ਗਾਰਡੀਅਨ’ ਉਤੇ ‘503 ਸਰਵਿਸ ਮੌਜੂਦ ਨਹੀਂ’ ਦਾ ਸੁਨੇਹਾ ਦੇਖਣ ਨੂੰ ਮਿਲਿਆ। ਸਾਂ ਫਰਾਂਸਿਸਕੋ ਅਧਾਰਿਤ ‘ਫਾਸਟਲੀ’ ਇਕ ਆਲਮੀ ਆਨਲਾਈਨ ਕੰਟੈਂਟ ਡਲਿਵਰੀ ਨੈੱਟਵਰਕ (ਸੀਡੀਐਨ) ਹੈ। ਇਸ ਦਾ ਨੈੱਟਵਰਕ ਅੱਜ ਡਾਊਨ ਹੋ ਗਿਆ ਤੇ ਇਸ ਨਾਲ ਕਈ ਵੱਡੀਆਂ ਵੈੱਬਸਾਈਟਾਂ ਕੁਝ ਸਮੇਂ ਲਈ ਬੰਦ ਹੋ ਗਈਆਂ। ਕੰਪਨੀ ਨੇ ਕਿਹਾ ਕਿ ਸੀਡੀਐਨ ਵਿਚ ਹੀ ਕੋਈ ਸਮੱਸਿਆ ਆ ਗਈ ਸੀ ਤੇ ਇਸ ਨੂੰ ਦੂਰ ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਫਾਸਟਲੀ ‘ਐੱਜ ਕਲਾਊਡ’ ਚਲਾਉਂਦੀ ਹੈ ਜਿਸ ਨੂੰ ਵੈੱਬਸਾਈਟਾਂ ਦਾ ਲੋਡਿੰਗ ਸਮਾਂ ਤੇਜ਼ ਕਰਨ ਲਈ ਵਿਕਸਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਵੈੱਬਸਾਈਟਾਂ ਨੂੰ ‘ਡਿਨਾਇਲ-ਆਫ਼-ਸਰਵਿਸ’ ਅਟੈਕ ਤੋਂ ਵੀ ਬਚਾਉਂਦੀ ਹੈ ਤੇ ਵੈੱਬ ਟਰੈਫਿਕ ਜ਼ਿਆਦਾ ਹੋਣ ਵੇਲੇ ਵੀ ਮਦਦ ਕਰਦੀ ਹੈ। ‘ਬੀਬੀਸੀ’ ਮੁਤਾਬਕ ਖਰਾਬੀ ਦਾ ਅਸਰ ਯੂਰੋਪ ਤੇ ਅਮਰੀਕਾ ਦੀਆਂ ਚੋਣਵੀਆਂ ਥਾਵਾਂ ਉਤੇ ਹੀ ਦੇਖਣ ਨੂੰ ਮਿਲਿਆ। ਮੀਡੀਆ ਵੈੱਬਸਾਈਟਾਂ ‘ਸੀਐੱਨਐੱਨ’ ਤੇ ‘ਨਿਊ ਯਾਰਕ ਟਾਈਮਜ਼’ ਵੀ ਪ੍ਰਭਾਵਿਤ ਹੋਈਆਂ। ਫਾਸਟਲੀ ‘ਟਵਿੱਚ’, ‘ਪਿੰਨਟਰੱਸਟ’, ‘ਐੱਚਬੀਓ ਮੈਕਸ’ ‘ਹੁਲੂ’, ‘ਰੈੱਡਿਟ’, ‘ਸਪੌਟੀਫਾਈ’ ਲਈ ਵੀ ਸੀਡੀਐਨ ਮੁਹੱਈਆ ਕਰਵਾਉਂਦੀ ਹੈ। ਇਸ ਤਰ੍ਹਾਂ ਦੀਆਂ ਮੁਸ਼ਕਲਾਂ ਪਹਿਲਾਂ ‘ਐਮਾਜ਼ੋਨ ਵੈੱਬ ਸਰਵਿਸਿਜ਼’ ਵੀ ਦੇਖ ਚੁੱਕੀ ਹੈ ਜੋ ਕਿ ਇਕ ਵੱਡੀ ਕਲਾਊਡ ਕੰਪਿਊਟਿੰਗ ਫਰਮ ਹੈ।

error: Content is protected !!