ਰਿਸ਼ਵਤ ਲੈਂਦਾ ਏਐੱਸਆਈ ਵਿਧਾਇਕ ਨੇ ਫੜਿਆ ਤਾਂ ਅੱਗਿਓ ਕਰਨ ਲੱਗਾ ਮਿੰਨਤਾਂ, ਕਹਿੰਦਾ ਮਾਫ ਕਰਦੋ ਥੋੜੇ ਸਮੇਂ ਦੀ ਹੀ ਨੌਕਰੀ ਰਹਿ ਗਈ ਆ…

ਰਿਸ਼ਵਤ ਲੈਂਦਾ ਏਐੱਸਆਈ ਵਿਧਾਇਕ ਨੇ ਫੜਿਆ ਤਾਂ ਅੱਗਿਓ ਕਰਨ ਲੱਗਾ ਮਿੰਨਤਾਂ, ਕਹਿੰਦਾ ਮਾਫ ਕਰਦੋ ਥੋੜੇ ਸਮੇਂ ਦੀ ਹੀ ਨੌਕਰੀ ਰਹਿ ਗਈ ਆ…

 

ਬਠਿੰਡਾ (ਵੀਓਪੀ ਬਿਊਰੋ) ਰਿਸ਼ਵਤ ਦੇ ਜਾਲ ਵਿਚ ਕਰੀਬ-ਕਰੀਬ ਹਰ ਮਹਿਕਮਾ ਫਸਿਆ ਹੋਇਆ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਹੁਣ ਬਠਿੰਡਾ ਜਿਲ੍ਹੇ ਦੇ ਥਾਣਾ ਦਿਆਲਪੁਰਾ ਵਿਖੇ ਜਿੱਥੇ ਤਾਇਨਾਤ ਇਕ ਪੁਲਿਸ ਕਰਮੀ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਕੋਲੋਂ ਪੈਸੇ ਠੱਗਦਾ ਸੀ। ਉਕਤ ਰਿਸ਼ਵਤਖੋਰ ਦੀ ਸ਼ਿਕਾਇਤ ਮਿਲਣ ਉੱਤੇ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ  ਵਿਧਾਇਕ ਬਲਕਾਰ ਸਿੱਧੂ ਨੇ ਉਕਤ ਪੁਲਿਸ ਕਰਮੀ ਦੀ ਸਾਰਿਆਂ ਸਾਹਮਣੇ ਪੋਲ ਖੋਲ੍ਹੀ ਅਤੇ ਇਸ ਤੋਂ ਬਾਅਦ ਇਹ ਖਬਰ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਵਾਇਰਲ ਹੋ ਗਈ।

ਜਾਣਕਾਰੀ ਮੁਤਾਬਕ ਥਾਣਾ ਦਿਆਲਪੁਰਾ ਵਿਚ ਤਾਇਨਾਤ ਏਐੱਸਆਈ ਜਗਤਾਰ ਸਿੰਘ, ਜੋ ਲੋਕਾਂ ਨੂੰ ਕਿਸੇ ਨਾ ਕਿਸੇ ਮਾਮਲੇ ਵਿਚ ਡਰਾ ਧਮਕਾ ਕੇ ਪੈਸੇ ਮੰਗਦਾ ਰਹਿੰਦਾ ਸੀ। ਬੀਤੇ ਦਿਨੀਂ ਉਸ ਨੇ ਆਪਣੀ ਪੁਲਿਸ ਚੌਕੀ ਅਧੀਨ ਆਉਂਦੇ ਇਲਾਕੇ ਦੇ ਇਕ ਨੌਜਵਾਨ ਨੂੰ ਕਿਸੇ ਮਾਮਲੇ ਵਿਚ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਜਾਂ ਤਾਂ ਉਹ ਉਸ ਨੂੰ 20 ਹਜਾਰ ਰੁਪਏ ਦੇਵੇ ਜਾਂ ਫਿਰ ਉਹ ਉਸ ਨੂੰ ਲਾਹਣ ਦਾ ਕੇਸ ਪੁਆ ਕੇ ਫਸਾ ਦੇਵੇਗਾ, ਇਸ ਤੋਂ ਬਾਅਦ ਉਕਤ ਨੌਜਵਾਨ ਨੇ ਏਐੱਸਆਈ ਜਗਤਾਰ ਸਿੰਘ ਦੀਆਂ ਮਿੰਨਤਾਂ ਕਰ ਕੇ ਉਕਤ ਮਾਮਲੇ ਨੂੰ 5 ਹਜਾਰ ਰੁਪਏ ਵਿਚ ਰਫਾ-ਦਫਾ ਕਰਨ ਦੀ ਅਪੀਲ ਕੀਤੀ ਅਤੇ ਇਸ ਲਈ ਏਐੱਸਆਈ ਜਗਤਾਰ ਸਿੰਘ ਵੀ ਰਾਜੀ ਹੋ ਗਿਆ ਅਤੇ ਗੱਲ 5 ਹਜਾਰ ਰੁਪਏ ਵਿਚ ਤੈਅ ਹੋ ਗਈ।

ਇਸ ਤੋਂ ਬਾਅਦ ਉਕਤ ਨੌਜਵਾਨ ਨੇ ਉਕਤ ਸਾਰੀ ਜਾਣਕਾਰੀ ਆਪ ਆਗੂਆਂ ਨੂੰ ਨਾਲ ਲੈ ਕੇ ਵਿਧਾਇਕ ਬਲਕਾਰ ਸਿੱਧੂ ਨੂੰ ਦਿੱਤੀ। ਇਸ ਤੋਂ ਬਾਅਦ ਵਿਧਾਇਕ ਬਲਕਾਰ ਸਿੱਧੂ ਨੇ ਪੰਜਾਬ ਸਰਕਾਰ ਦੀ ਰਿਸ਼ਵਤਖੋਰੀ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਉਕਤ 5 ਹਜਾਰ ਰੁਪਏ ਦੇ ਨੋਟਾਂ ਦੀ ਵੀਡੀਓ ਬਣਾ ਕੇ ਫੋਟੋ ਸਟੇਟ ਵੀ ਕਰਵਾ ਲਈ ਅਤੇ ਉਕਤ ਪੈਸੇ ਲੈ ਕੇ ਨੌਜਵਾਨ ਨੂੰ ਪੁਲਿਸ ਕਰਮੀ ਕੋਲ ਭੇਜ ਦਿੱਤਾ। ਇਸ ਤੋਂ ਬਾਅਦ ਨੌਜਵਾਨ ਨੇ ਉਕਤ ਪੈਸੇ ਲਿਆ ਕੇ ਪੁਲਿਸ ਕਰਮੀ ਨੂੰ ਦੇ ਦਿੱਤੇ ਅਤੇ ਕੁਝ ਸਮੇਂ ਬਾਅਦ ਵਿਧਾਇਕ ਬਲਕਾਰ ਸਿੰਘ ਨੇ ਮੌਕੇ ਉੱਤੇ ਪਹੁੰਚ ਕੇ ਏਐੱਸਆਈ ਨੂੰ ਪੈਸਿਆਂ ਸਣੇ ਦਬੋਚ ਲਿਆ। ਇਸ ਦੌਰਾਨ ਉਕਤ ਏਐੱਸਆਈ ਫਿਰ ਆਪਣੀਆਂ ਗਲਤੀਆਂ ਮੰਨਣ ਲੱਗਾ ਅਤੇ ਕਹਿਣ ਲੱਗਾ ਕਿ ਉਸ ਦੀ ਨੌਕਰੀ ਥੋੜੀ ਸਮੇਂ ਦੀ ਹੀ ਰਹਿ ਗਈ ਹੈ ਅਤੇ ਉਸ ਨੂੰ ਮਾਫ ਕਰ ਦਿੱਤਾ ਜਾਵੇ।

ਦੂਜੇ ਪਾਸੇ ਇਸ ਮਾਮਲੇ ਸਬੰਧੀ ‘ਆਪ’ ਵਿਧਾਇਕ ਨੇ ਬਲਕਾਰ ਸਿੱਧੂ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਹੀ ਸਬੰਧਿਤ ਐਸੱਐੱਸਪੀ ਨੂੰ ਲਿਖਤੀ ਤੌਰ ’ਤੇ ਸ਼ਿਕਾਇਤ ਭੇਜੀ ਸੀ ਕਿ ਉਕਤ ਏਐੱਸਆਈ ਨੂੰ ਪੁਲਿਸ ਚੌਕੀ ਦਿਆਲਪੁਰਾ ਵਿੱਚ ਬਦਲ ਦਿੱਤਾ ਜਾਵੇ ਕਿਉਂਕਿ ਇਹ ਲੋਕਾਂ ਤੋਂ ਰਿਸ਼ਵਤ ਲੈ ਰਿਹਾ ਹੈ। ਪਰ ਐੱਸਐੱਸਪੀ ਨੇ ਉਸ ਨੂੰ ਨਹੀਂ ਬਦਲਿਆ । ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਤੁਰੰਤ ਏਐੱਸਆਈ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਐੱਸਐੱਸੱਪੀ ਜੇ. ਐਲਨਜ਼ੇਲੀਅਨ ਨੇ ਦੱਸਿਆ ਕਿ ਮੁਲਜ਼ਮ ਏਐੱਸਆਈ ਜਗਤਾਰ ਸਿੰਘ ਖ਼ਿਲਾਫ਼ ਥਾਣਾ ਦਿਆਲਪੁਰਾ ਵਿੱਚ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

error: Content is protected !!